ਪਾਣੀ ਦੀ ਸਮੱਸਿਆ ਸੁਲਝਾਉਣ ਲਈ ਬੀਬੀ ਗਰਚਾ ਨੇ ਡੀ.ਸੀ. ਨੂੰ ਲਿਖਿਆ ਪੱਤਰ

ਕੁਰਾਲੀ, 11 ਜੁਲਾਈ (ਸ.ਬ.) ਗਰਮੀ ਦੇ ਇਸ ਸੀਜ਼ਨ ਵਿੱਚ ਕੁਰਾਲੀ, ਖਰੜ ਅਤੇ ਮਾਜਰੀ ਸਮੇਤ ਹੋਰ ਕਈ ਥਾਵਾਂ ਉਤੇ ਪਾਣੀ ਨੂੰ ਲੈ ਮੱਚੀ ਹਾਹਾਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਪਾਣੀ ਸਬੰਧੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ|
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਲੋਕਾਂ ਦੀ ਪੀਣ ਵਾਲੇ ਪਾਣੀ ਸਬੰਧੀ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਵਾਉਣ ਸਬੰਧੀ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੱਤਰ ਲਿਖ ਕੇ ਪੀਣ ਵਾਲੇ ਪਾਣੀ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ|
ਸ੍ਰੀਮਤੀ ਗਰਚਾ ਨੇ ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਪਾਣੀ ਲੋਕਾਂ ਦੀ ਬੁਨਿਆਦੀ ਜ਼ਰੂਰਤ ਹੈ| ਅੱਤ ਦੀ ਗਰਮੀ ਵਿੱਚ ਇਸ ਜ਼ਰੂਰਤ ਨੂੰ ਪੂਰਾ ਕਰਵਾਉਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ| ਉਨ੍ਹਾਂ ਕਿਹਾ ਕਿ ਹਰ ਰੋਜ਼ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਅਤੇ ਆਪਣੇ ਕੰਮ ਕਾਜ ‘ਤੇ ਜਾਣ ਵਾਲੇ ਲੋਕਾਂ ਨੇ ਨਹਾਉਣਾ ਧੋਣਾ ਹੁੰਦਾ ਹੈ ਅਤੇ ਕੱਪੜੇ ਧੋਣ  ਅਤੇ ਪੀਣ ਲਈ ਪਾਣੀ ਦੀ ਜ਼ਰੂਰਤ ਪੈਂਦੀ ਹੈ, ਪ੍ਰੰਤੂ ਪਾਣੀ ਨਾ ਆਉਣ ਕਾਰਨ ਸਾਰਾ ਜਨ ਜੀਵਨ ਠੱਪ ਹੋ ਕੇ ਰਹਿ ਜਾਂਦਾ ਹੈ| ਉਹਨਾਂ ਲਿਖਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਪਾਣੀ ਨਾ ਆਉਣ ਬਾਰੇ ਪਤਾ ਲਗਾ ਕੇ ਸਬੰਧਿਤ ਵਿਭਾਗ ਜਾਂ ਅਧਿਕਾਰੀਆਂ ਨੂੰ ਪਾਣੀ ਦੀ ਸਪਲਾਈ ਵਿੱਚ ਤੁਰੰਤ ਸੁਧਾਰ ਲਿਆਏ ਅਤੇ ਲੋਕਾਂ ਦੀ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ|

Leave a Reply

Your email address will not be published. Required fields are marked *