ਪਾਣੀ ਦੇ ਰੇਟ ਵਧਾਉਣ ਵਿਰੁੱਧ ਜਥੇਦਾਰ ਕੁੰਭੜਾ ਦੀ ਅਗਵਾਈ ਵਿਚ ਕੌਂਸਲਰਾਂ ਦਾ ਵਫ਼ਦ ਏ ਸੀ ਏ ਨੂੰ ਮਿਲਿਆ
ਐਸ.ਏ.ਐਸ. ਨਗਰ, 20 ਦਸੰਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਦੀ ਅਗਵਾਈ ਵਿਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਬੰਧਿਤ ਕੌਂਸਲਰਾਂ ਦਾ ਇੱਕ ਵਫ਼ਦ ਅੱਜ ਏ.ਸੀ.ਏ. ਗਮਾਡਾ ਸ੍ਰੀ ਰਾਜੇਸ਼ ਧੀਮਾਨ ਨੂੰ ਮਿਲਿਆ| ਵਫ਼ਦ ਨੇ ਗਮਾਡਾ ਅਧਿਕਾਰੀ ਨੂੰ ਦੱਸਿਆ ਕਿ ਸੈਕਟਰ 66 ਤੋਂ ਲੈ ਕੇ 69 ਅਤੇ ਸੈਕਟਰ 78 ਤੋਂ ਲੈ ਕੇ 80 ਤੱਕ ਜੋ ਕਿ ਪਾਣੀ ਦੇ ਬਿਲ ਦਸੰਬਰ ਮਹੀਨੇ ਵਿਚ ਉਪ ਮੰਡਲ ਇੰਜੀਨੀਅਰ (ਜਨ ਸਿਹਤ) ਗਮਾਡਾ ਵੱਲੋਂ ਭੇਜੇ ਗਏ ਹਨ, ਵਿਚ ਪਿਛਲੇ ਬਿਲ ਨਾਲੋਂ ਪਾਣੀ ਦੇ ਰੇਟਾਂ ਵਿਚ 400 ਗੁਣਾ ਵਾਧਾ ਕਰ ਦਿੱਤਾ ਗਿਆ ਹੈ| ਇਸ ਖੇਤਰ ਵਿਚ ਪਾਣੀ ਦੀ ਸਪਲਾਈ ਦੀ ਹਾਲਤ ਕਾਫ਼ੀ ਮਾੜੀ ਹੈ ਕਿਉਂਕਿ ਪਾਣੀ ਸਵੇਰੇ, ਦੁਪਹਿਰ ਅਤੇ ਸ਼ਾਮ ਜ਼ਰੂਰਤ ਵੇਲੇ ਸਹੀ ਪ੍ਰੈਸ਼ਰ ਉਪਰਲੀਆਂ ਮੰਜ਼ਿਲਾਂ ਤੱਕ ਨਹੀਂ ਪਹੂੰਚਦਾ ਹੈ| ਪਾਣੀ ਦੀ ਸਪਲਾਈ ਦਾ ਸਮਾਂ ਵੀ ਬਹੁਤ ਘੱਟ ਹੈ ਅਤੇ ਇਨ੍ਹਾਂ ਸੈਕਟਰਾਂ ਵਿਚ ਬੂਸਟਰ ਦਾ ਪ੍ਰਬੰਧ ਵੀ ਨਹੀਂ ਹੈ ਅਤੇ ਨਹਿਰੀ ਪਾਣੀ ਦੀ ਸਪਲਾਈ ਦੀ ਵੀ ਕੋਈ ਵਿਵਸਥਾ ਨਹੀਂ ਹੈ| ਇਸ ਕਾਰਨ ਇਨ੍ਹਾਂ ਸੈਕਟਰਾਂ ਦੇ ਨਿਵਾਸੀਆਂ ਨੂੰ ਲੋੜ ਵੇਲੇ ਪਾਣੀ ਦੀ ਸਪਲਾਈ ਬਹੁਤ ਘੱਟ ਹੁੰਦੀ ਹੈ ਅਤੇ ਪਾਣੀ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ|
ਜਥੇਦਾਰ ਕੁੰਭੜਾ ਨੇ ਪਾਣੀ ਦੇ ਉਕਤ ਹਾਲਾਤਾਂ ਬਾਰੇ ਦਰਸਾਉਂਦਿਆਂ ਗਮਾਡਾ ਅਧਿਕਾਰੀ ਨੂੰ ਕਿਹਾ ਕਿ ਇਸ ਦੇ ਉਲਟ ਪ੍ਰਸ਼ਾਸਨ ਵੱਲੋਂ ਪਾਣੀ ਦੀ ਪੂਰਤੀ ਸਬੰਧੀ ਸੁਧਾਰ ਤਾਂ ਕੀ ਕਰਨੇ ਸਨ, ਸਗੋਂ ਉਲਟਾ ਪਾਣੀ ਦੇ ਰੇਟਾਂ ਵਿਚ ਬੇਤਹਾਸ਼ਾ ਵਾਧਾ ਕਰ ਦਿੱਤਾ ਗਿਆ ਹੈ| ਉਨ੍ਹਾਂ ਕਿਹਾ ਕਿ ਇਨ੍ਹਾਂ ਸੈਕਟਰਾਂ ਦੇ ਨਿਵਾਸੀਆਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਅਤੇ ਐਸੋਸੀਏਸ਼ਨਾਂ ਦੇ ਧਿਆਨ ਵਿਚ ਲਿਆ ਕੇ ਇਹ ਰੋਸ ਗਮਾਡਾ ਅਧਿਕਾਰੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ| ਇਸ ਲਈ ਪਾਣੀ ਦੇ ਬਿਲਾਂ ਵਿਚ ਕੀਤੇ ਗਏ ਇਸ 400 ਗੁਣਾਂ ਵਾਧਾ ਬਿਲਕੁਲ ਗੈਰਵਾਜਿਬ ਹੈ| ਉਨ੍ਹਾਂ ਕਿਹਾ ਕਿ ਇਨ੍ਹਾਂ ਸੈਕਟਰਾਂ ਦੇ ਨਿਵਾਸੀਆਂ ਨੂੰ ਇਨਸਾਫ਼ ਦੇਣ ਲਈ ਬਾਕੀ ਮੋਹਾਲੀ ਸ਼ਹਿਰ ਦੇ ਮੁਤਾਬਕ ਪਾਣੀ ਦੀ ਸਪਲਾਈ ਸਹੀ ਕੀਤੀ ਜਾਵੇ ਅਤੇ ਸ਼ਹਿਰ ਮੁਤਾਬਕ ਹੀ ਬਿਲ ਦਿੱਤੇ ਜਾਣ| ਇਸ ਦੇ ਨਾਲ ਹੀ ਇਹ ਸਾਰੀ ਗੱਲਬਾਤ ਸਬੰਧਿਤ ਅਫ਼ਸਰਾਂ ਅਤੇ ਮਾਨਯੋਗ ਮੁੱਖ ਮੰਤਰੀ ਦੇ ਧਿਆਨ ਵਿਚ ਲਿਆ ਕੇ ਇਹ ਵਧੇ ਹੋਏ ਰੇਟਾਂ ਨੂੰ ਵਾਪਿਸ ਕਰਵਾਇਆ ਜਾਵੇ|
ਜਥੇਦਾਰ ਕੁੰਭੜਾ ਦੀ ਅਗਵਾਈ ਵਿਚ ਉਕਤ ਕੌਂਸਲਰਾਂ ਦੇ ਵਫ਼ਦ ਨੇ ਗਮਾਡਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਸੈਕਟਰਾਂ ਵਿਚ ਪਾਣੀ ਦੇ ਬਿਲਾਂ ਵਿਚ ਕੀਤੇ 400 ਗੁਣਾਂ ਦਾ ਵਾਧਾ ਵਾਪਿਸ ਨਾ ਲਿਆ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਗਮਾਡਾ ਖਿਲਾਫ਼ ਪਹਿਲਾਂ ਤਾਂ ਸ਼ਾਂਤੀਪੂਰਨ ਸੰਘਰਸ਼ ਕਰਨਗੇ ਅਤੇ ਜੇਕਰ ਫਿਰ ਵੀ ਵਾਧਾ ਵਾਪਿਸ ਨਾ ਲਿਆ ਤਾਂ ਸੰਘਰਸ਼ ਨੂੰ ਤਿੱਖਾ ਕਰ ਦਿੱਤਾ ਜਾਵੇਗਾ ਅਤੇ ਵਾਧਾ ਵਾਪਿਸ ਲਏ ਜਾਣ ਤੱਕ ਜਾਰੀ ਰੱਖਿਆ ਜਾਵੇਗਾ| ਲੋੜ ਪੈਣ ‘ਤੇ ਮਾਨਯੋਗ ਅਦਾਲਤ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ| ਵਫ਼ਦ ਵੱਲੋਂ ਗਮਾਡਾ ਅਧਿਕਾਰੀ ਨੂੰ ਵਾਧਾ ਵਾਪਿਸ ਲਏ ਜਾਣ ਸਬੰਧੀ ਇੱਕ ਮੈਮੋਰੰਡਮ ਵੀ ਦਿੱਤਾ ਗਿਆ|
ਵਫ਼ਦ ਵਿਚ ਸ਼ਾਮਿਲ ਕੌਂਸਲਰਾਂ ਵਿਚ ਸਤਬੀਰ ਸਿੰਘ ਧਨੋਆ, ਪਰਮਿੰਦਰ ਸਿੰਘ ਸੋਹਾਣਾ, ਪਰਵਿੰਦਰ ਸਿੰਘ ਤਸਿੰਬਲੀ, ਸਿੰਦਰਪਾਲ ਸਿੰਘ ਬੌਬੀ ਕੰਬੋਜ਼, ਸੁਰਿੰਦਰ ਸਿੰਘ ਰੋਡਾ, ਰਾਜਿੰਦਰ ਕੌਰ ਕੁੰਭੜਾ, ਜਸਵੀਰ ਕੌਰ, ਰਜਨੀ ਗੋਇਲ, ਰਮਨਪ੍ਰੀਤ ਕੌਰ ਕੁੰਭੜਾ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਤੇ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਵੀ ਹਾਜ਼ਰ ਸਨ|