ਪਾਣੀ ਨਿਕਾਸੀ ਦੇ ਮਾਮਲੇ ਨੂੰ ਲੈ ਕੇ ਆਹਮੋ ਸਾਮ੍ਹਣੇ ਹੋਏ ਫੇਜ਼ 4 ਅਤੇ 5 ਦੇ ਵਸਨੀਕ

ਐਸ.ਏ.ਐਸ.ਨਗਰ, 13 ਅਗਸਤ (ਸ.ਬ.) ਅੱਜ ਤੜਕੇ ਪਈ ਭਾਰੀ ਬਰਸਾਤ ਕਾਰਨ ਜਿੱਥੇ ਵੱਖ-ਵੱਖ ਇਲਾਕਿਆ ਵਿੱਚ ਪਾਣੀ ਖੜਾ ਹੋ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉੱਥੇ ਪਾਣੀ ਦੀ ਨਿਕਾਸੀ ਦੇ ਮੁੱਦੇ ਤੇ ਫੇਜ਼ 4 ਅਤੇ ਫੇਜ਼ 5 ਦੇ ਵਸਨੀਕਾਂ ਵਿਚਾਲੇ ਟਕਰਾਅ ਦੀ ਹਾਲਤ ਪੈਦਾ ਹੁੰਦੇ-ਹੁੰਦੇ ਬਚੀ|
ਫੇਜ਼ 4 ਦੇ ਐਚ.ਐਮ. ਕੁਆਟਰਾਂ ਅਤੇ ਬੋਗਨਵਿਲਿਆ ਪਾਰਕ ਦੇ ਵਿਚਕਾਰ ਪੈਂਦੀ ਸੜਕ ਤੇ ਹਰ ਸਾਲ ਪਾਣੀ ਨਿਕਾਸੀ ਦੀ ਸੱਮਸਿਆ ਆਉਂਦੀ ਹੈ| ਇਸਦੇ ਹੱਲ ਲਈ ਨਗਰ ਨਿਗਮ ਵਲੋਂ ਫੇਜ਼ 4 ਅਤੇ ਫੇਜ਼ 5 ਨੂੰ ਵੰਡਦੀ ਸੜਕ ਦੇ ਵਿਚਕਾਰ ਕਾਜ     ਵੇਅ ਬਣਾਇਆ ਗਿਆ ਹੈ ਜਿਥੋਂ ਵਾਧੂ ਪਾਣੀ ਫੇਜ਼ 5 ਦੇ ਖੇਤਰ ਵਿੱਚ ਚਲਾ ਜਾਂਦਾ ਹੈ| ਹਾਲਾਂਕਿ ਫੇਜ਼ 5 ਵਿੱਚ ਵੀ ਪਾਣੀ ਨਿਕਾਸੀ ਦੀ ਸੱਮਸਿਆ ਹੋਣ ਕਾਰਨ ਉੱਥੇ ਦੇ ਵਸਨੀਕ ਵੀ ਪ੍ਰੇਸ਼ਾਨ ਹੁੰਦੇ ਹਨ| 
ਅੱਜ ਤੜਕੇ 6 ਵਜੇ ਦੇ ਕਰੀਬ            ਫੇਜ਼ 4 ਵਿੱਚ ਪਾਣੀ ਨਿਕਾਸੀ ਦੀ ਸੱਮਸਿਆ ਆਉਣ ਤੇ ਵਸਨੀਕਾਂ ਵਲੋਂ ਕਾਂਗਰਸੀ ਆਗੂ ਰੁਪਿੰਦਰ ਕੌਰ ਰੀਨਾ ਦੀ ਅਗਵਾਈ ਹੇਠ ਨਗਰ ਨਿਗਮ ਦੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਅਤੇ ਮੌਕੇ ਤੇ ਪਹੁੰਚੇ ਨਿਗਮ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਕਿ ਇਸ ਕਾਜ ਵੇਅ ਦੇ ਨਾਲ ਲੱਗਦੀ ਥਾਂ ਤੇ ਪਿਆ ਮਲਬਾ ਚੁਕਵਾਇਆ ਜਾਵੇ ਤਾਂ ਜੋ ਕਾਜ ਵੇਅ ਚੋੜਾ ਹੋਣ ਨਾਲ ਇੱਥੋਂ ਜਿਆਦਾ ਪਾਣੀ ਨਿਕਲ ਸਕੇ| ਇਸ ਦੌਰਾਨ ਵਾਰਡ ਨੰ. 8 ਦੇ ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾਅ ਵੀ ਮੌਕੇ ਤੇ ਪਹੁੰਚ ਗਏ ਅਤੇ ਉਨਾਂ ਨੇ ਇਸ ਤਰੀਕੇ ਨਾਲ ਕਾਜ ਵੇਅ ਨੂੰ ਚੋੜਾ ਕਰਨ ਦੀ ਕਾਰਵਾਈ ਦਾ ਵਿਰੋਧ ਕੀਤਾ| ਉਹਨਾਂ ਮੰਗ ਕੀਤੀ ਕਿ ਪਹਿਲਾ ਫੇਜ਼ 5 ਤੋਂ ਪਾਣੀ ਨਿਕਾਸੀ ਦਾ ਪੰ੍ਰਬਧ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਹੀ ਇੱਥੇ ਕੋਈ ਛੇੜਛਾੜ ਕੀਤੀ ਜਾਵੇ| ਇਸ ਦੌਰਾਨ ਮੌਕੇ ਤੇ ਫੇਜ਼ 5 ਦੇ ਕੁਝ ਵਸਨੀਕ ਵੀ ਆ ਗਏ ਸਨ ਅਤੇ ਮਾਹੌਲ ਗਰਮ ਹੁੰਦਾ ਦੇਖ ਕੇ ਨਿਗਮ ਅਧਿਕਾਰੀ ਉੱਥੋਂ ਚਲੇ ਗਏ|
ਵਾਰਡ ਨ. 8 ਦੇ ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾਅ ਨੇ ਕਿਹਾ ਕਿ ਇਸ ਤਰੀਕੇ ਨਾਲ ਫੇਜ਼ 5 ਵਿੱਚ ਜਿਆਦਾ ਮਾਤਰਾ ਵਿੱਚ ਪਾਣੀ ਛੱਡੇ ਜਾਣ ਨਾਲ ਵਸਨੀਕਾਂ ਦਾ ਕਾਫੀ ਨੁਕਸਾਨ ਹੋ ਸਕਦਾ ਹੈ ਜਿਸ ਕਾਰਨ ਉਨ੍ਹਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਸੀ| ਉਹਨਾਂ ਮੰਗ ਕੀਤੀ ਕਿ ਇਸ ਸੜ੍ਹਕ ਦਾ ਲੈਵਲ ਬਰਾਬਰ ਕਰਕੇ ਕਾਜ ਵੇਅ ਨੂੰ ਬੰਦ ਕੀਤਾ ਜਾਵੇ ਅਤੇ ਫੇਜ਼ 4 ਦਾ ਪਾਣੀ ਫੇਜ਼ 5 ਵੱਲ ਭੇਜਣ ਦੀ ਥਾਂ ਉਸਦੀ ਨਿਕਾਸੀ ਦਾ ਵੱਖਰਾ ਪ੍ਰਬੰਧ ਕੀਤਾ ਜਾਵੇ| ਉਹਨਾਂ ਕਿਹਾ ਕਿ ਉਹ ਖੁਦ ਇਸ ਸੰਬਧੀ ਫੇਜ਼ 5 ਦੇ ਵਸਨੀਕਾਂ ਦੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਸੜਕ ਦਾ ਲੈਵਲ ਪਹਿਲਾ ਵਾਂਗ ਬਰਾਬਰ ਕਰਨ ਦੀ ਮੰਗ ਕਰਨਗੇ ਅਤੇ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਫੇਜ਼ 5 ਦੇ ਵਸਨੀਕ ਆਪਣੇ ਪੱਧਰ ਤੇ ਲੇਵਲ ਉੱਚਾ ਕਰਵਾ ਦੇਣਗੇ ਜਿਸਦੀ             ਜਿੰਮੇਵਾਰੀ ਨਗਰ ਨਿਗਮ ਦੀ              ਹੋਵੇਗੀ|
ਦੂਜੇ ਪਾਸੇ ਫੇਜ਼ 4 ਦੀ ਕਾਂਗਰਸੀ ਆਗੂ  ਰੁਪਿੰਦਰ ਕੌਰ ਰੀਨਾ ਨੇ ਕਿਹਾ ਕਿ ਅੱਜ ਐਚ.ਐਮ. ਕੁਆਟਰਾਂ ਦੀ ਐਸੋਸੀਏਸ਼ਨ ਦੇ ਅਹੁਦੇਦਾਰ ਉਨਾਂ ਕੋਲ ਆਏ ਸਨ ਅਤੇ ਮੰਗ ਕੀਤੀ ਸੀ ਕਿ ਉਹਨਾਂ ਦੀ ਸੱਮਸਿਆ ਦਾ ਹੱਲ ਕੀਤਾ ਜਾਵੇ| ਵਸਨੀਕਾਂ ਵਲੋਂ ਕਾਜਵੇ ਦੇ ਨਾਲ ਲੱਗੇ ਖੰਭੇ ਦੀਆਂ ਨੰਗੀਆਂ ਤਾਰਾਂ ਨੂੰ ਠੀਕ ਕਰਨ ਦੀ ਵੀ ਮੰਗ ਕੀਤੀ ਸੀ| ਉਹਨਾਂ ਕਿਹਾ ਕਿ ਇਸ ਤੋਂ ਬਾਅਦ ਉਨਾਂ ਵਲੋਂ ਨਿਗਮ ਅਧਿਕਾਰੀ ਨਾਲ ਗੱਲ ਕਰਕੇ ਇਸਦਾ ਹੱਲ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਨਿਗਮ ਅਧਿਕਾਰੀ ਮੌਕਾ ਵੇਖਣ ਆਏ ਸੀ| ਉਹਨਾਂ ਕਿਹਾ ਕਿ ਗੱਲ ਫੇਜ਼ 4 ਜਾਂ 5 ਦੀ ਨਹੀਂ ਹੈ ਬਲਕਿ ਇਸ ਪੁਰੇ ਖੇਤਰ ਦੀ ਸਮੱਸਿਆ ਦਾ ਹਲ ਕੀਤਾ ਜਾਣਾ ਚਾਹੀਦਾ ਹੈ|  
ਸੰਪਰਕ ਕਰਨ ਤੇ ਨਗਰ ਨਿਗਮ ਦੇ ਐਸ ਡੀ ਓ ਸ੍ਰ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਮੌਕੇ ਤੇ ਗਏ ਸਨ ਜਿੱਥੇ ਫੇਜ਼ 4 ਦੇ ਵਸਨੀਕ ਕਾਜ ਵੇਅ ਦੇ ਨਾਲ ਪਿਆ ਮਲਬਾ ਚੁਕਵਾਉਣ ਦੀ ਮੰਗ ਕਰ ਰਹੇ ਸਨ| ਇਸ ਦੌਰਾਨ ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾਅ ਅਤੇ ਫੇਜ਼ 5 ਦੇ ਕੁਝ ਵਸਨੀਕ ਵੀ ਮੌਕੇ ਤੇ ਪਹੁੰਚ ਗਏ ਸਨ ਅਤੇ ਉਨਾਂ ਵਿੱਚ ਬਹਿਸ ਵੱਧਣ ਤੇ ਉਹ ਉੱਥੋਂ ਵਾਪਿਸ ਆ ਗਏ ਸਨ| ਉਹਨਾਂ ਕਿਹਾ ਕਿ ਇਸ ਸੰਬਧੀ ਦੋਵਾਂ ਫੇਜ਼ਾਂ ਦੀ ਸੱਮਸਿਆ ਜਾਇਜ ਹੈ ਅਤੇ ਉਹ ਇਸ ਬਾਰੇ ਅਧਿਕਾਰੀਆਂ ਨੂੰ ਰਿਪੋਰਟ ਭੇਜ ਦੇਣਗੇ|

Leave a Reply

Your email address will not be published. Required fields are marked *