ਪਾਣੀ ਲਈ ਹੋਵੇਗੀ ਹਾਹਾਕਾਰ, ਅਦਾਲਤ ਦੀਆਂ ਹਿਦਾਇਤਾਂ ਦੇ ਬਾਵਜੂਦ ਗਮਾਡਾ ਨੇ ਮੁਕੰਮਲ ਨਹੀਂ ਕੀਤਾ ਕਜੌਲੀ ਤੋਂ ਪਾਈ ਜਾਣ ਵਾਲੀ ਪਾਈਪ ਲਾਈਨ ਦਾ ਕੰਮ ਗਮਾਡਾ ਦੇ ਖਿਲਾਫ ਅਦਾਲਤੀ ਮਾਨਹਾਨੀ ਦਾ ਕੇਸ ਦਾਇਰ ਕਰਾਂਗਾ : ਬੇਦੀ

ਭੁਪਿੰਦਰ ਸਿੰਘ
25 ਫਰਵਰੀ, ਐਸ ਏ ਐਸ ਨਗਰ

ਹਰ ਸਾਲ ਵਾਂਗ ਇਸ ਸਾਲ ਵੀ ਐਸ ਏ ਐਸ ਨਗਰ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ| ਇਸਦਾ ਕਾਰਨ ਇਹ ਹੈ ਕਿ ਪ੍ਰਸ਼ਾਸ਼ਨ ਸ਼ਹਿਰ ਵਾਸੀਆਂ ਦੀ ਲੋੜ ਤੋਂ ਅੱਧੇ ਪਾਣੀ ਦੀ ਸਪਲਾਈ ਕਰਨ ਦਾ ਹੀ ਸਮਰਥ ਹੈ ਅਤੇ ਗਰਮੀ ਦੇ ਮੌਸਮ ਵਿੱਚ ਜਦੋਂ ਪਾਣੀ ਦੀ ਲਾਗਤ ਵਿੱਚ ਭਾਰੀ ਵਾਧਾ ਹੋ ਜਾਂਦਾ ਹੈ ਪਾਣੀ ਲਈ ਹਾਹਾਕਾਰ ਮਚ ਜਾਂਦੀ ਹੈ| ਇਸ ਸੰਬੰਧੀ ਮਿਉਂਸਪਲ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਵਲੋਂ ਸ਼ਹਿਰ ਵਿੱਚ ਹਰ ਸਾਲ ਹੋਣ ਵਾਲੀ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦੇ ਹਲ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਾਈ ਗਈ ਜਨਹਿਤ ਪਟੀਸ਼ਨ ਤੋਂ ਬਾਅਦ ਗਮਾਡਾ ਨੇ ਮਾਣਯੋਗ ਅਦਾਲਤ ਵਿੱਚ (ਜੁਲਾਈ 2013 ਵਿੱਚ) ਹਲਫਨਾਮਾ ਦੇ ਕੇ ਇਹ ਗੱਲ ਮੰਨੀ ਸੀ ਕਿ ਉਸ ਵਲੋਂ ਮੁਹਾਲੀ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਦੋ ਸਾਲਾਂ ਦੇ ਵਿੱਚ ਵਿੱਚ ਕਜੌਲੀ ਵਾਟਰ ਵਰਕਸ ਤੋਂ 40 ਐਮ ਜੀ ਡੀ ਪਾਣੀ ਦੀ ਸਪਲਾਈ ਲਾਈਨ ਪਾਈ ਜਾਵੇਗੀ ਪਰੰਤੂ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਇਸ ਪਾਈਪ ਲਾਈਨ ਦਾ ਕੰਮ ਵਿਚਾਲੇ ਹੀ ਹੈ ਅਤੇ ਇਸ ਸਾਲ ਤਾਂ ਕੀ ਅਗਲੇ ਸਾਲ ਵੀ ਸ਼ਹਿਰ ਵਾਸੀਆਂ ਨੂੰ ਸ਼ਾਇਦ ਹੀ ਇਸ ਪਾਈਪ ਲਾਈਨ ਤੋਂ ਪਾਣੀ ਦੀ ਸਪਲਾਈ ਹਾਸਿਲ ਹੋ ਪਾਏ|
ਮੌਜੂਦਾ ਹਾਲਾਤ ਇਹ ਹਨ ਕਿ ਇਸ ਵਾਰ ਵੀ ਸ਼ਹਿਰ ਵਾਸੀਆਂ ਨੂੰ ਗਰਮੀਆਂ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਭਾਰੀ ਕਮੀ ਦਾ ਸਾਮ੍ਹਣਾ ਕਰਨਾ ਪੈਣਾ ਹੈ| ਜੇਕਰ ਗਮਾਡਾ ਵਲੋਂ ਪਾਈਪ ਲਾਉਣ ਸੰਬੰਧੀ ਕੀਤੇ ਜਾ ਰਹੇ ਕੰਮ ਦੀ ਪ੍ਰਗਤੀ ਵੱਲ ਨਜਰ ਮਾਰੀਏ ਤਾਂ ਇਸ ਸੰਬੰਧੀ ਕਜੌਲੀ ਤੋਂ ਮੁਹਾਲੀ ਨੂੰ ਸਪਲਾਈ ਕਰਨ ਵਾਲੀ ਪਾਈਪ ਲਾਈਨ ਦਾ ਕੰਮ ਪਿਛਲੇ ਕਾਫੀ ਸਮੇਂ ਤੋਂ ਚਲ ਰਿਹਾ ਹੈ ਇਸ ਸੰਬੰਧੀ ਗਮਾਡਾ ਵਲੋਂ ਪਿੰਡ ਜੰਡਪੁਰ ਤਕ ਪਾਈਪ ਲਾਈਨ ਪਾਈ ਜਾ ਚੁੱਕੀ ਹੈ ਜਿੱਥੇ ਗਮਾਡਾ ਵਲੋਂ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਜਾਣਾ ਹੈ| ਇਸ ਥਾਂ ਤੇ ਪਾਣੀ ਨੂੰ ਸਾਫ ਕਰਕੇ ਬਾਅਦ ਵਿੱਚ ਵੱਖ ਵੱਖ ਪਾਈਪਾਂ ਰਾਂਹੀ ਸ਼ਹਿਰ ਵਿੱਚ ਸਪਲਾਈ ਹੋਣੀ ਸੀ ਪਰੰਤੂ ਇਸ ਵਾਟਰ ਟ੍ਰੀਟਮੈਂਟ ਦੀ ਉਸਾਰੀ ਦਾ ਕੰਮ ਹੁਣ ਤਕ ਸ਼ੁਰੂ ਹੀ ਨਹੀਂ ਹੋਇਆ ਹੈ| ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੌਰਾਨ ਐਸ ਏ ਐਸ ਨਗਰ ਦੀ ਪਾਣੀ ਸਪਲਾਈ ਦੀ ਕਮੀ ਨੂੰ ਪੂਰਾ ਕਰਨ ਲਈ ਪਾਈ ਜਾਣ ਵਾਲੀ ਪਾਈਪ ਲਾਈਨ ਵਿੱਚੋਂ ਪੰਜਾਬ ਸਰਕਾਰ ਵਲੋਂ ਚੰਡੀਗੜ੍ਹ ਨੂੰ ਹਿੱਸਾ ਵੀ ਦੇ ਦਿੱਤਾ ਗਿਆ ਹੈ ਅਤੇ ਇਸ ਸੰਬੰਧੀ ਚੰਡੀਗੜ੍ਹੇ ਪ੍ਰਸ਼ਾਸ਼ਨ ਵਲੋਂ ਡੇਢ ਸਾਲ ਪਹਿਲਾਂ ਗਮਾਡਾ ਮੁਹਾਲੀ ਦੇ ਉਸ ਵੇਲੇ ਦੇ ਮੁੱਖ ਪ੍ਰਸ਼ਾਸ਼ਕ ਨੂੰ ਆਪਣੇ ਹਿੱਸੇ ਦੀ ਰਕਮ ਵਿੱਚੋਂ 95 ਕਰੋੜ ਰੁਪਏ ਦੀ ਰਕਮ ਵੀ ਜਾਰੀ ਕੀਤੀ ਜਾ ਚੁਕੀ ਹੈ|
ਜੰਡਪੁਰ ਵਿੱਚ ਵਾਟਰ ਟ੍ਰੀਟਮੈਂਟ ਦੀ ਉਸਾਰੀ ਲਈ ਸਰਕਾਰ ਵਲੋਂ ਜਮੀਨ ਤਾਂ ਅਕਵਾਇਰ ਕਰ ਲਈ ਗਈ ਹੈ ਪਰੰਤੂ ਇਸਦਾ ਕੰਮ ਹਾਲੇ ਆਰੰਭ ਹੋਣਾ ਹੈ ਅਤੇ ਉਸ ਵਿੱਚ ਕਾਫੀ ਸਮਾਂ ਲੱਗਣਾ ਹੈ| ਹਾਲਾਤ ਇਹ ਹਨ ਕਿ ਗਮਾਡਾ ਦੀ ਇਸ ਕੰਮ ਪ੍ਰਤੀ ਵਰਤੀ ਜਾ ਰਹੀ ਸੁਸਤੀ ਨੂੰ ਵੇਖ ਕੇ ਚੰਡੀਗੜ੍ਹ ਪ੍ਰਸ਼ਾਸ਼ਨ ਵਲੋਂ ਆਪਣੇ ਹਿੱਸੇ ਦੇ ਪਾਣੀ ਨੂੰ ਸੋਧਣ ਲਈ ਚੰਡੀਗੜ੍ਹ ਦੇ ਸੈਕਟਰ 39 ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਦਾ ਕੰਮ ਆਰੰਭ ਵੀ ਕਰ ਲਿਆ ਗਿਆ ਹੈ ਅਤੇ ਚੰਡੀਗੜ੍ਹ ਵਲੋਂ ਜੰਡਪੁਰ ਤੋਂਆਪਣੇ ਹਿੱਸੇ ਦਾ ਪਾਣੀ ਚੰਡੀਗੜ੍ਹ ਤਕ ਪਹੁੰਚਾਉਣ ਲਈ ਵੱਖਰੀ ਪਾਈਪ ਲਾਈਨ ਪਾਉਣ ਲਈ ਕੰਮ ਸ਼ੁਰੂ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ|  ਦੂਜੇ ਪਾਸੇ ਗਮਾਡਾ ਮੁਹਾਲੀ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਸ਼ਹਿਰ ਦੀ ਬੁਨਿਆਦੀ ਲੋੜ ਨਾਲ ਜੁੜਿਆ ਇਹ ਕੰਮ ਵਿਚਾਲੇ ਹੀ ਲਮਕ ਰਿਹਾ ਹੈ|
ਸਿਤਮ ਇਹ ਹੈ ਕਿ ਇਸ ਵਾਰ ਗਰਮੀ ਵੀ ਪਹਿਲਾਂ ਨਾਲੋਂ ਵੱਧ ਪੈਣ ਦੀ ਸੰਭਾਵਨਾ ਦਿਖ ਰਹੀ ਹੈ| ਫਰਵਰੀ ਦਾ ਮਹੀਨਾ ਹਾਲੇ ਖਤਮ ਵੀ ਨਹੀਂ ਹੋਇਆ ਹੈ ਪਰੰਤੂ ਮੌਸਮ ਵਿੱਚ ਗਰਮੀ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਨਾਲ ਵੀ ਮੌਸਮ ਦਾ ਮਿਜਾਜ ਜਾਹਿਰ ਹੋ ਰਿਹਾ ਹੈ|
ਜਾਹਿਰ ਹੈ ਕਿ ਜਿੰਨੀ ਜਿਆਦਾ ਗਰਮੀ ਵਧੇਗੀ ਪਾਣੀ ਦੀ ਲੋੜ ਵਿੱਚ ਵੀ ਉੰਨਾ ਹੀ ਵਾਧਾ ਹੋਵੇਗਾ ਅਤ ਪਾਣੀ ਲਈ ਹਾਹਾਕਾਰ ਵੀ ਉਸ ਅਨੁਪਾਤ ਵਿੱਚ ਵਧੇਗੀ| ਉੱਝ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪੀਣ ਵਾਲੇ ਪਾਣੀ ਦੀ ਲੋੜ ਵਿੱਚ ਵਾਧਾ ਹੋ ਗਿਆ ਹੇ| ਪਿਛਲੇ ਸਮੇਂ ਦੌਰਾਨ ਜਿੱਥੇ ਸ਼ਹਿਰ ਦੀ ਆਬਾਦੀ ਵਿੱਚ ਕਾਫੀ ਵਾਧਾ ਹੋਇਆ ਹੈ ਉੱਥੇ ਸ਼ਹਿਰ ਦਾ ਤੇਜੀ ਨਾਲ ਪਸਾਰ ਵੀ ਹੋ ਰਿਹਾ ਹੈ ਪਰੰਤੂ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਬਿਲਕੁਲ ਵੀ ਵਾਧਾ ਨਹੀਂ ਹੋਇਆ ਹੈ|

ਮਿਉਂਸਪਲ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ (ਜਿਹਨਾ ਵਲੋਂ ਇਸ ਮੁੱਦੇ ਤੇ ਪਹਿਲਾਂ ਵੀ ਅਦਾਲਤ ਵਿੱਚ ਕੇਸ ਪਾਇਆ ਗਿਆ ਸੀ) ਕਹਿੰਦੇ ਹਨ ਕਿ ਸ਼ਹਿਰ ਵਿੱਚ ਪਾਣੀ ਦੀ ਉਪਲਬਧਤਾ ਅਤੇ ਮੰਗ ਵਿੱਚ ਵੱਡਾ ਖੱਪਾ ਹੈ ਜਿਸਨੂੰ ਕਜੌਲੀ ਤੋਂ ਆਉਣ ਵਾਲੀ ਪਾਈਪ ਲਾਈਨ ਬਿਨਾ ਪੂਰਿਆ ਨਹੀਂ ਜਾ ਸਕਦਾ| ਉਹਨਾਂ ਕਿਹਾ ਕਿ ਇਸ ਵੇਲੇ ਸ਼ਹਿਰ ਵਿਚ ਰੋਜਾਨਾ 28 ਐਮ ਜੀ ਡੀ ਪਾਣੀ ਦੀ ਲੋੜ ਪੈਂਦੀ ਹੈ ਜਦੋਂ ਕਿ ਸ਼ਹਿਰ ਵਿੱਚ ਪਾਣੀ ਦੀ ਉਪਲਬਧਤਾ ਇਸਤੋਂ ਅੱਧੀ (ਲਗਭਗ 14 ਐਮ ਜੀ ਡੀ) ਹੀ ਹੈ| ਉਹਨਾਂ ਕਿਹਾ ਕਿ ਉਹ ਇਸ ਸੰਬੰਧੀ ਗਮਾਡਾ ਦੇ ਖਿਲਾਫ ਅਦਾਲਤੀ ਮਾਨਹਾਨੀ ਦਾ ਕੇਸ ਪਾਉਣ ਦੀ ਤਿਆਰੀ ਕਰ ਰਹੇ ਹਨ ਕਿਉਂਕਿ ਗਮਾਡਾ ਵਲੋਂ ਮਿੱਥੇ ਸਮੇਂ ਵਿੱਚ ਕਜੌਲੀ ਤੋਂ ਪਾਈਪ ਲਾਈਨ ਪਾਉਣ ਦਾ ਕੰਮ ਮੁਕੰਮਲ ਨਹੀਂ ਕੀਤਾ ਗਿਆ ਅਤੇ ਇਸਦੇ ਮੁਕੰਮਲ ਹੋਣ ਦੀ ਦੂਰ ਦੂਰ ਤਕ ਕੋਈ ਆਸ ਨਜਰ ਨਹੀਂ ਆ ਰਹੀ ਹੈ|

Leave a Reply

Your email address will not be published. Required fields are marked *