ਪਾਣੀ ਵਾਲੀ ਟੈਂਕੀ ਸਾਫ ਕਰਦੇ ਸਮੇਂ ਤਿੰਨ ਵਿਅਕਤੀਆਂ ਦੀ ਮੌਤ ਹੋਈ

ਸਿਡਨੀ, 17 ਫਰਵਰੀ (ਸ.ਬ.) ਨਿਊ ਸਾਊਥ ਵੇਲਜ਼ ਸੂਬੇ ਵਿੱਚ ਪਾਣੀ ਵਾਲੀ ਇੱਕ ਟੈਂਕੀ ਦੀ ਸਫਾਈ ਕਰਨ ਸਮੇਂ ਤਿੰਨ ਲੋਕਾਂ ਦੀ ਮੌਤ ਹੋ ਗਈ| ਮ੍ਰਿਤਕਾਂ ਦੀ ਪਛਾਣ ਐਂਡਰਿਊ ਬੈਸਨੈਟ,           ਐਨੇ ਬੈਸਨੈਟ ਅਤੇ ਰਾਬਰਟ ਬੈਸਨੈਟ ਦੇ ਰੂਪ ਵਿੱਚ ਹੋਈ ਹੈ| ਐਂਡਰਿਊ ਅਤੇ ਐਨੇ ਦੋਵੇਂ ਪਤੀ-ਪਤਨੀ ਸਨ ਅਤੇ ਰਾਬਰਟ ਐਂਡਰਿਊ ਦਾ ਭਰਾ ਸੀ|
ਮਿਲੀਆਂ ਖ਼ਬਰਾਂ ਮੁਤਾਬਕ ਇਹ ਹਾਦਸਾ ਕੈਨਬਰਾ ਤੋਂ 60 ਕਿਲੋਮੀਟਰ ਦੂਰ ਗਨਿੰਗ ਇਲਾਕੇ ਵਿੱਚ ਵਾਪਰਿਆ| ਨਿਊ ਸਾਊਥ ਵੇਲਜ਼ ਦੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਵੇਲੇ ਪਾਣੀ ਦੀ ਬੰਦ ਟੈਂਕੀ ਬਿਲਕੁਲ ਖਾਲੀ ਸੀ ਅਤੇ ਇਸ ਵਿੱਚ ਮੌਜੂਦ ਕਾਰਬਨ ਮੋਨੋਆਕਸਾਈਡ ਨੇ ਤਿੰਨਾਂ ਦੀ ਜਾਨ ਲਈ| ਇਹ ਮੰਨਿਆ ਜਾ ਰਿਹਾ ਹੈ ਕਿ ਸਫਾਈ ਕਰਨ ਲਈ ਸਭ ਤੋਂ ਪਹਿਲਾਂ 69 ਸਾਲਾ ਐਂਡਿਰਊ ਗਿਆ| ਕੁਝ ਸਮੇਂ ਬਾਅਦ ਉਹ ਬੇਹੋਸ਼ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ| ਇਸ ਪਿੱਛੋਂ ਉਸ ਨੂੰ ਦੇਖਣ ਲਈ ਜਦੋਂ ਉਸ ਦਾ ਭਰਾ ਰਾਬਰਟ (60) ਅੰਦਰ ਗਿਆ ਤਾਂ ਉਸ ਨੂੰ ਵੀ ਜ਼ਹਿਰਲੀ ਗੈਸ ਚੜ੍ਹ ਗਈ ਅਤੇ ਉਸ ਦੀ ਵੀ ਮੌਤ ਹੋ ਗਈ| ਅਖ਼ੀਰ ਵਿੱਚ ਜਦੋਂ ਐਂਡਰਿਊ ਦੀ ਪਤਨੀ ਐਨੇ ਦੋਹਾਂ ਨੂੰ ਦੇਖਣ ਲਈ ਅੰਦਰ ਗਈ ਤਾਂ ਉਸ ਦੀ ਵੀ ਮੌਤ ਹੋ ਗਈ| ਪੁਲੀਸ ਸੁਪਰਡੈਂਟ ਐੈਂਡਰਿਊ ਨੇ ਦੱਸਿਆ ਕਿ ਇਸ ਟੈਂਕੀ ਦੀ ਸਫਾਈ ਕਰਨ ਲਈ ਅਕਸਰ ਹੀ ਪੈਟਰੋਲ ਵਾਲੇ ਇੱਕ ਪੰਪ ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ ਕਾਰਨ ਇਸ ਦੇ ਅੰਦਰ ਕਾਰਨਬ ਮੋਨੋਆਕਸਾਈਡ ਗੈਸ ਬਣੀ| ਉਨ੍ਹਾਂ ਦੱਸਿਆ ਕਿ ਐਂਡਰਿਊ ਦੀ ਪਤਨੀ ਨੇ ਟੈਂਕੀ ਦੇ ਅੰਦਰ ਛਾਲ ਮਾਰਨ ਤੋਂ ਪਹਿਲਾਂ ਇਸ ਬਾਰੇ ਇੱਕ ਗੁਆਂਢੀ ਨੂੰ ਸੂਚਿਤ ਕੀਤਾ ਸੀ, ਜਿਸ ਨੇ ਬਾਅਦ ਵਿੱਚ ਪੁਲੀਸ ਨੂੰ ਜਾਣਕਾਰੀ ਦਿੱਤੀ| ਸ਼੍ਰੀ ਐਂਡਰਿਊ ਦਾ ਕਹਿਣਾ ਹੈ ਕਿ ਪੁਲੀਸ ਦੇ ਪਹੁੰਚਣ ਤੱਕ ਤਿੰਨਾਂ ਦੀ ਮੌਤ ਹੋ ਚੁੱਕੀ ਸੀ| ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਸੀ ਅਤੇ ਪੁਲੀਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *