ਪਾਪੂਆ ਨਿਊ ਗਿਨੀ ਵਿੱਚ 7.0 ਦੀ ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

ਸਿਡਨੀ, 11 ਅਕਤੂਬਰ (ਸ.ਬ.) ਪਾਪੂਆ ਨਿਊ ਗਿਨੀ ਦੇ ਨਿਊ ਬ੍ਰਿਟੇਨ ਟਾਪੂ ਤੇ ਅੱਜ ਸਵੇਰੇ 7.0 ਦੀ ਤੀਬਰਤਾ ਦਾ ਭੂਚਾਲ ਦਾ ਤੇਜ਼ ਝਟਕਾ ਮਹਿਸੂਸ ਕੀਤਾ ਗਿਆ| ਇਸ ਕਾਰਨ ਇੱਥੇ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ| ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਦੱਸਿਆ ਕਿ ਕੁਝ ਤੱਟਾਂ ਤੇ ਸੁਨਾਮੀ ਦੀਆਂ ਖਤਰਨਾਕ ਲਹਿਰਾਂ ਉੱਠਣ ਦਾ ਅਨੁਮਾਨ ਹੈ| ਉਸ ਨੇ ਕਿਹਾ ਕਿ ਅਜਿਹਾ ਅਨੁਮਾਨ ਹੈ ਕਿ ਪੀ.ਐਨ.ਜੀ. ਅਤੇ ਸੋਲੋਮਨ ਟਾਪੂ ਦੇ ਤੱਟ ਤੇ 0.3 ਮੀਟਰ (ਇਕ ਫੁੱਟ) ਤੋਂ ਘੱਟ ਦੀਆਂ ਸੁਨਾਮੀ ਦੀਆਂ ਲਹਿਰਾਂ ਉੱਠਣਗੀਆਂ| ਦੇਸ਼ ਦੇ ਰਾਸ਼ਟਰੀ ਆਫਤ ਪ੍ਰਬੰਧਨ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਾਲੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ ਪਰ ਕਿਸੇ ਵੱਡੇ ਭੂਚਾਲ ਦੇ ਬਾਅਦ ਅਜਿਹੀਆਂ ਖਬਰਾਂ ਆਉਣ ਵਿਚ ਕੁਝ ਸਮਾਂ ਲੱਗਦਾ ਹੈ|
ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ.ਐਸ.ਜੀ. ਐਸ.) ਮੁਤਾਬਕ ਭੂਚਾਲ ਦਾ ਕੇਂਦਰ ਨਿਊ ਬ੍ਰਿਟੇਨ ਟਾਪੂ ਤੇ ਕਿਮਬੇ ਸ਼ਹਿਰ ਤੋਂ ਕਰੀਬ 125 ਕਿਲੋਮੀਟਰ ਪੂਰਬ ਵਿਚ ਸਥਿਤ ਸੀ| ਭੂਚਾਲ ਦੀ ਡੂੰਘਾਈ ਜ਼ਮੀਨ ਤੋਂ ਕਰੀਬ 40 ਕਿਲੋਮੀਟਰ ਹੇਠਾਂ ਸੀ| ਵੱਡਾ ਭੂਚਾਲ ਆਉਣ ਦੇ ਤੁਰੰਤ ਪਹਿਲਾਂ ਅਤੇ ਬਾਅਦ ਵਿਚ ਦੋ ਛੋਟੇ ਝਟਕੇ ਮਹਿਸੂਸ ਕੀਤੇ ਗਏ| ਯੂ.ਐਸ.ਜੀ.ਐਸ. ਨੇ ਦੱਸਿਆ ਕਿ ਭੂਚਾਲ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਸੰਭਾਵਨਾ ਘੱਟ ਹੈ ਪਰ ਨਾਲ ਹੀ ਚਿਤਾਵਨੀ ਦਿੱਤੀ ਕਿ ਇਸ ਨਾਲ ਸੁਨਾਮੀ ਅਤੇ ਜ਼ਮੀਨ ਖਿਸਕਣ ਦਾ ਖਤਰਾ ਹੋਣ ਦੀ ਸੰਭਾਵਨਾ ਹੈ| ਜਿਕਰਯੋਗ ਹੈ ਕਿ ਪਾਪੂਆ ਨਿਊ ਗਿਨੀ ਭੂਚਾਲ ਦੇ ਲਿਹਾਜ ਨਾਲ ਸੰਵੇਦਨਸ਼ੀਲ ਖੇਤਰ ਵਿਚ ਆਉਂਦਾ ਹੈ| ਫਰਵਰੀ ਵਿੱਚ ਦੇਸ਼ ਵਿਚ ਆਏ 7.5 ਦੀ ਤੀਬਰਤਾ ਦੇ ਭੂਚਾਲ ਨਾਲ ਘੱਟੋ-ਘੱਟ 125 ਵਿਅਕਤੀਆਂ ਦੀ ਮੌਤ ਹੋਈ ਸੀ|

Leave a Reply

Your email address will not be published. Required fields are marked *