ਪਾਬੰਦੀਆਂ ਦੇ ਬਾਵਜੂਦ ਸ਼ੋਰ ਪ੍ਰਦੂਸ਼ਨ ਫੈਲਾਉਣ ਦਾ ਸਿਲਸਿਲਾ ਸਿਖਰ ਤੇ

ਜੀਰਕਪੁਰ, 10 ਮਾਰਚ (ਦੀਪਕ ਸ਼ਰਮਾ) ਜ਼ੀਰਕਪੁਰ ਸਥਿਤ ਪੰਚਕੁਲਾ ਰੋਡ, ਅੰਬਾਲਾ ਰੋਡ ਅਤੇ ਪਟਿਆਲਾ ਰੋਡ ਦੇ ਆਸ-ਪਾਸ ਦੇ ਖੇਤਰ ਦੇ ਡਿਸਕੋ ਕਲੱਬਾਂ ਅਤੇ ਮੈਰਿਜ ਪੈਲੇਸਾਂ ਅੰਦਰ ਉੱਚੀ ਆਵਾਜ ਵਿੱਚ ਚੱਲਦੇ ਲਾਊਡ ਸਪੀਕਰਾਂ ਕਾਰਨ ਸ਼ੋਰ ਪ੍ਰਦੂਸਣ ਵਿੱਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ, ਪ੍ਰੰਤੂ ਸਰਕਾਰੀ ਅਧਿਕਾਰੀ ਅਤੇ ਪੁਲੀਸ ਪ੍ਰਸ਼ਾਸਨ ਗੈਰ ਕਾਨੂੰਨੀ ਤੌਰ ਉਤੇ ਆਵਾਜ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆ ਰਿਹਾ ਅਤੇ ਆਪਣੇ-ਆਪ ਨੂੰ ਸਮਾਜ ਸੇਵੀ ਹੋਣ ਦਾ ਢਿੰਡੋਰਾ ਪਿੱਟਣ ਵਾਲੀਆਂ ਸੰਸਥਾਵਾਂ ਵੀ ਇਸ ਰੁਝਾਨ ਖ਼ਿਲਾਫ਼ ਆਵਾਜ ਬੁਲੰਦ ਕਰਨ ਤੋਂ ਪਾਸਾ ਵੱਟੀ ਬੈਠੀਆਂ ਹਨ, ਜਿਸ ਦੇ ਚੱਲਦਿਆਂ ਖੇਤਰ ਵਿਚ ਸ਼ੋਰ ਪ੍ਰਦੂਸ਼ਨ ਫੈਲਾਉਣ ਦਾ ਸਿਲਸਿਲਾ ਬੇਰੋਕ ਜਾਰੀ ਹੈ| ਇੱਥੇ ਜਿਕਰਯੋਗ ਹੈ ਕਿ ਇਸ ਖੇਤਰ ਦੇ ਵੱਖ-ਵੱਖ ਮੈਰਿਜ ਪੈਲੇਸਾਂ ਅਤੇ ਡਿਸਕੋ ਕਲਬਾਂ ਦੇ ਲਾਊਡ ਸਪੀਕਰ ਮੁਕਾਬਲੇਬਾਜੀ ਵਿੱਚ ਇਕ-ਦੂਜੇ ਤੋਂ ਵੱਧ ਕੇ ਲਾਊਡ ਸਪੀਕਰਾਂ ਦੀ ਆਵਾਜ ਛੱਡਦੇ ਹਨ, ਜਿਸ ਨਾਲ ਕਿ ਬਜੁਰਗਾਂ ਤੇ ਬਿਮਾਰ ਵਿਅਕਤੀਆਂ ਦੀ ਨੀਂਦ ਵੀ ਦੁੱਭਰ ਹੋ ਜਾਂਦੀ ਹੈ| ਆਮ ਲੋਕਾਂ,ਬਿਮਾਰਾਂ ਅਤੇ ਖਾਸ ਕਰ ਇਹਨੀਂ ਦਿਨੀਂ ਜਦੋਂ ਵਿਦਿਆਰਥੀਆਂ ਦੇ ਸਾਲਾਨਾ ਇਮਤਿਹਾਨ ਚੱਲ ਰਹੇ ਹਨ, ਦੌਰਾਨ ਵੀ ਸ਼ੋਰ ਪ੍ਰਦੂਸ਼ਨ ਦਾ ਸਿਲਸਿਲਾ ਘੱਟ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚੱਲਦਿਆਂ ਵੱਡੀ ਗਿਣਤੀ ਵਿਦਿਆਰਥੀ ਆਪਣੇ ਇਮਤਿਹਾਨਾਂ ਦੀ ਤਿਆਰ ਕਰਨ ਤੋਂ ਵਾਂਝੇ ਰਹਿ ਕੇ ਮੁਕਾਬਲੇਬਾਜੀ ਵਾਲੀ ਵਿੱਦਿਅਕ ਪ੍ਰਣਾਲੀ ਵਿੱਚ ਪਿੱਛੜ ਜਾਂਦੇ ਹਨ| ਮਾਰਚ ਮਹੀਨਾਂ ਸ਼ੁਰੂ ਹੋਣ ਤੇ ਜਿਆਦਾਤਰ ਬੱਚਿਆਂ ਦੇ ਇਮਤਿਹਾਨ ਸ਼ੁਰੂ ਹੋ ਚੁੱਕੇ ਹਨ, ਪੂਰੇ ਸਾਲ ਦੌਰਾਨ ਕੀਤੀ ਹੋਈ ਪੜਾਈ ਨੂੰ ਇਸ ਚਾਲੂ ਸਮੇਂ ਦੌਰਾਨ ਪੜ੍ਹ ਕੇ ਪੇਪਰਾਂ ਦੀ ਤਿਆਰੀ ਕਰਨੀ ਹੁੰਦੀ ਅਤੇ ਪੜ੍ਹਾਈ ਕਰਨ ਲਈ ਸ਼ਾਂਤ ਵਾਤਾਵਰਨ ਦਾ ਹੋਣਾ ਬਹੁਤ ਜਰੂਰੀ ਹੈ ਪਰ ਸ਼ਹਿਰ ਦੇ ਵੱਖ ਵੱਖ ਖੇਤਰਾਂ ਅੰਦਰ ਬਣੇ ਡਿਸਕੋ ਘਰਾਂ ਅਤੇ ਮੈਰਿਜ ਪੈਲਸਾਂ ਵਿੱਚ ਵਜਦੇ ਲਾਉਂਡ ਸਪੀਕਰਾਂ ਰਾਹੀਂ ਪੜ੍ਹਨ ਵਾਲੇ ਬੱਚਿਆਂ ਦੇ ਲਈ ਜਰੂਰੀ ਸ਼ਾਂਤ ਮਹੌਲ ਨੂੰ ਭੰਗ ਕੀਤਾ ਜਾਂਦਾ ਹੈ| ਫਿਰ ਦਿਨ ਚੜ੍ਹਦੇ ਹੀ ਸ਼ਹਿਰ ਵਿੱਚ ਮੋਟਰ ਗੱਡੀਆਂ ਦੀ ਪੀਂ-ਪੀਂ ਅਤੇ ਕਲੋਨੀਆਂ ਵਿੱਚ ਆਪਣਾ ਸਾਮਾਨ ਵੇਚਣ ਵਾਲਿਆਂ ਦੀਆਂ ਬੇ-ਸੁਰੀਆਂ ਆਵਾਜਾਂ ਵਿੱਚ ਲਾਉਂਡ ਸਪੀਕਰਾਂ ਰਾਹੀਂ ਉੱਚੇ-ਉੱਚੇ ਹੋਕੇ ਸ਼ਾਂਤ ਮਾਹੌਲ ਨੂੰ ਭੰਗ ਕਰਦੇ ਹਨ| ਸਬਜੀ ਵਾਲੇ, ਕਬਾੜ ਵਾਲੇ, ਕਪੜਿਆਂ ਵਾਲੇ, ਪ੍ਰਚੂਨ ਸਮਾਨ ਵਾਲੇ ਸਾਈਕਲਾਂ, ਟਰੈਕਟਰ, ਟਰਾਲੀਆਂ ਅਤੇ ਕਾਰਾਂ-ਜੀਪਾਂ ਉਤੇ ਆਮ ਹੀ ਸਪੀਕਰ ਲਗਾਈ ਫਿਰਦੇ ਹਨ| ਜਦਕਿ ਕਾਨੂੰਨ ਅਨੁਸਾਰ ਕਿਸੇ ਵੀ ਵਾਹਨ ਉੱਪਰ ਲਾਉਡ ਸਪੀਕਰ ਲਗਾਉਣ ਤੋਂ ਪਹਿਲਾਂ ਸਥਾਨਕ ਪ੍ਰਸ਼ਾਸ਼ਨ ਦੀ ਮਨਜੂਰੀ ਲੈਣੀ ਲਾਜਮੀ ਹੈ ਪਰ ਪ੍ਰਸ਼ਾਸਨ ਦੀਆਂ ਨਜਰਾਂ ਦੇ ਬਿਲਕੁਲ ਸਾਹਮਣੇ ਇਹ ਲੋਕ ਸ਼ਰੇਆਮ ਬਿਨ੍ਹਾਂ ਮਨਜੂਰੀ ਲਿਆਂ ਅਵਾਜ ਪ੍ਰਦੂਸ਼ਨ ਫੈਲਾ ਰਹੇ ਹਨ ਅਤੇ ਕਾਨੂੰਨ ਮੂਕ ਦਰਸ਼ਕ ਬਣ ਕੇ ਸਭ ਕੁੱਝ ਦੇਖ ਰਿਹਾ ਜਾਂ ਘੂਕ ਸੁੱਤਾ ਪਿਆ ਜਾਪਦਾ ਹੈ| ਭਾਵੇਂ ਕਿ ਪ੍ਰਸ਼ਾਸਨ ਵੱਲੋਂ ਖੁਸ਼ੀ ਦੇ ਮੌਕਿਆਂ ਉਤੇ ਡੀ.ਜੇ. ਲਗਾਉਣ ਲਈ ਪ੍ਰਵਾਨਗੀ ਲੈਣਾ ਜਰੂਰੀ ਕਰਨ ਦੇ ਨਾਲ ਉਸ ਨੂੰ ਚਲਾਉਣ ਦਾ ਸਮਾਂ ਅਤੇ ਆਵਾਜ ਦੀ ਸਮੱਰਥਾ ਤਹਿ ਕੀਤੀ ਗਈ ਹੈ, ਪ੍ਰੰਤੂ ਜ਼ੀਰਕਪੁਰ ਸ਼ਹਿਰ ਅੰਦਰ ਅਜਿਹੇ ਨਿਯਮਾਂ ਦੀ ਪਾਲ੍ਹਣਾ ਕਿੱਧਰੇ ਵੀ ਹੁੰਦੀ ਪ੍ਰਤੀਤ ਨਹੀਂ ਹੋ ਰਹੀ

Leave a Reply

Your email address will not be published. Required fields are marked *