ਪਾਬੰਦੀ ਦੇ ਬਾਵਜੂਦ ਜਾਰੀ ਹੈ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਰੁਝਾਨ


ਐਸ ਏ ਐਸ ਨਗਰ, 10 ਅਕਤੂਬਰ (ਸ.ਬ.) ਪੰਜਾਬ ਵਿਚ ਭਾਵੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਉਪਰ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ  ਅੱਗ ਲਗਾਉਣ ਦਾ ਰੁਝਾਨ ਜਾਰੀ ਹੈ| ਪਿਛਲੇ ਦਿਨੀਂ ਮੁਹਾਲੀ ਜਿਲੇ ਦੇ ਪਿੰਡ ਦੈੜੀ ਦੇ  ਖੇਤਾਂ ਵਿਚ ਇਕ ਕਿਸਾਨ ਵਲੋਂ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਪਰਾਲੀ  ਨੂੰ ਅੱਗ ਲਾ ਕੇ ਸਾੜ ਦਿਤਾ ਗਿਆ| ਉਸੇ ਦਿਨ ਬਨੂੜ ਰਾਜਪੁਰਾ ਰੋਡ ਉਪਰ ਵੀ ਕੁਝ ਖੇਤਾਂ ਵਿਚ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂ ੰਅੱਗ ਲਗਾ ਕੇ ਸਾੜ ਦਿਤਾ ਗਿਆ| 
ਇਸੇ ਤਰਾਂ ਆਏ ਦਿਨ ਹੀ ਕਿਤੇ ਨਾ ਕਿਤੇ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਸਾੜਿਆ ਜਾ ਰਿਹਾ ਹੈ| ਕੁਝ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਸ਼ਾਮ ਨੂੰ ਪੰਜ ਵਜੇ ਤੋਂ ਬਾਅਦ ਲਗਾਉਂਦੇ ਹਨ ਕਿਉਂਕਿ ਉਸ ਸਮੇਂ ਸਰਕਾਰੀ ਦਫਤਰ ਬੰਦ ਹੋ ਚੁਕੇ ਹੁੰਦੇ ਹਨ ਅਤੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਕਿਸੇ ਸਰਕਾਰੀ ਅਧਿਕਾਰੀ ਦੇ ਆਉਣ ਦੀ ਸੰਭਾਵਨਾ ਨਹੀਂ ਰਹਿੰਦੀ|  
ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕਾਰਵਾਈ ਕਰਨ ਦੇ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ ਅਤੇ ਇਸ ਸਬੰਧੀ ਪੰਜਾਬ ਸਰਕਾਰ ਵਲੋਂ ਵਿਸ਼ੇਸ ਅਫਸਰ ਨਿਯੁਕਤ ਕਰਨ ਦਾ ਦਾਅਵਾ ਵੀ ਕੀਤਾ ਗਿਆ ਹੈ, ਪਰ ਇਹ ਸਾਰੇ ਦਾਅਵੇ ਹਵਾ ਹਵਾਈ ਹੀ ਸਾਬਿਤ ਹੋ ਰਹੇ ਹਨ ਅਤੇ ਕਿਸਾਨਾਂ ਵਲੋਂ ਕਿਸੇ ਨਾ ਕਿਸੇ ਇਲਾਕੇ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜ ਦਿਤਾ ਜਾਂਦਾ ਹੈ|
ਇਸ ਸਬੰਧੀ ਵੱਖ ਵੱਖ ਕਿਸਾਨਾਂ ਨਾਲ ਗੱਲਬਾਤ ਕਰਨ ਤੇ ਕਿਸਾਨਾਂ ਦਾ ਕਹਿਣਾ ਸੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾਂ ਕਿਸਾਨਾਂ ਕੋਲ ਹੋਰ ਕੋਈ ਰਾਹ ਵੀ ਨਹੀਂ ਹੈ| ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਜੇ ਖੇਤ ਵਿਚ ਵਾਹਿਆ ਜਾਵੇ ਤਾਂ ਕਿਸਾਨਾਂ ਦਾ ਬਹੁਤ ਜਿਆਦਾ ਖਰਚਾ ਹੋ ਜਾਂਦਾ ਹੈ| ਕਿਸਾਨਾਂ ਦਾ ਕਹਿਣਾਂ ਹੈ ਕਿ ਖੇਤੀ ਤਾਂ ਪਹਿਲਾਂ ਹੀ ਘਾਟੇ ਦਾ ਸੌਦਾ ਹੈ, ਜਿਸ ਕਰਕੇ ਪਰਾਲੀ ਨੂੰ ਖੇਤਾਂ ਵਿਚ ਵਾਹੁਣ ਦਾ ਖਰਚਾ ਚੁਕਣ ਤੋਂ ਕਿਸਾਨ ਅਸਮਰਥ ਹਨ ਅਤੇ ਇਸ ਕਾਰਨ ਪਰਾਲੀ ਨੂੰ ਖੇਤਾਂ ਵਿਚ ਹੀ ਸਾੜਨ ਲਈ ਮਜਬੂਰ ਹਨ| 

Leave a Reply

Your email address will not be published. Required fields are marked *