ਪਾਬੰਦੀ ਦੇ ਬਾਵਜੂਦ ਬਲੌਂਗੀ ਵਿੱਚ ਖੁੱਲੇ ਵਿਕਦੇ ਹਨ ਪਲਾਸਟਿਕ ਦੇ ਲਿਫਾਫੇ

ਬਲੌਂਗੀ, 19 ਅਗਸਤ (ਪਵਨ ਰਾਵਤ) ਸਰਕਾਰ ਵਲੋਂ ਪਲਾਸਟਿਕ ਦੇ ਲਿਫਾਫਿਆਂ ਤੇ ਮੁਕੰਮਲ ਪਾਬੰਦੀ ਲਾਗੂ ਕੀਤੇ ਜਾਣ ਦੇ ਬਾਵਜੂਦ ਵੀ ਬਲੌਂਗੀ ਵਿੱਚ ਇਨ੍ਹਾਂ ਲਿਫਾਫਿਆਂ ਦਾ ਕਾਰੋਬਾਰ ਧੜਲੇ ਨਾਲ ਚਲ ਰਿਹਾ ਹੈ| ਪਰਤੂੰ ਸਥਾਨਕ ਪ੍ਰਸ਼ਾਸਨ ਵਲੋਂ ਪਲਾਸਟਿਕ ਦੇ ਲਿਫਾਫੇ ਵੇਚਣ ਵਾਲੇ ਇਹਨਾਂ ਦੁਕਾਨਦਾਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਨਾਲ ਉਸਦੀ ਕਾਰਗੁਜਾਰੀ ਤੇ ਹੀ ਸਵਾਲ ਖੜ੍ਹੇ ਹੁੰਦੇ ਹਨ| 
ਸਥਾਨਕ ਵਸਨੀਕਾਂ ਸੁਮਿਤ, ਸਤੀਸ਼, ਗੋਰਵ ਅਤੇ ਹੋਰਨਾਂ ਨੇ ਦੱਸਿਆ ਕਿ ਬਲੌਂਗੀ ਵਿੱਚ ਵੱਡੇ ਪੱਧਰ ਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਕੀਤੀ ਜਾਂਦੀ ਹੈ| ਉਹਨਾਂ ਦੱਸਿਆ ਕਿ ਬਲੌਂਗੀ ਵਿੱਚ ਦੁਕਾਨਾਂ ਤੇ ਪਲਾਸਟਿਕ ਦੇ ਲਿਫਾਫੇ ਖੁੱਲੇਆਮ ਵੇਚੇ ਜਾਂਦੇ ਹਨ ਜਿੱਥੋਂ ਰੇਹੜੀਆਂ ਵਾਲੇ ਆ ਕੇ ਇਹ ਲਿਫਾਫੇ ਖਰੀਦ           ਕੇ ਲੈ ਜਾਂਦੇ ਹਨ|
ਵਸਨੀਕਾਂ ਨੇ ਦੱਸਿਆ ਕਿ ਬਲੌਂਗੀ ਦੇ ਗੁਰਦੁਆਰਾ ਸਾਹਿਬ ਨੇੜੇ ਅਜਿਹੀ ਇੱਕ ਦੁਕਾਨ ਮੌਜੂਦ ਹੈ ਜਿੱਥੇ ਥੋਕ ਵਿੱਚ ਇਹਨਾਂ ਲਿਫਾਫਿਆਂ ਦੀ ਵਿਕਰੀ ਹੁੰਦੀ ਹੈ| ਉਹਨਾਂ ਦੱਸਿਆ ਕਿ ਇਹ ਦੁਕਾਨਦਾਰ ਆਪਣਾ ਸਾਮਾਨ ਰੱਖਣ ਲਈ ਬਣਾਏ ਸਟੋਰ ਵਿੱਚ ਇਹਨਾਂ ਲਿਫਾਫਿਆਂ ਦਾ ਭਾਰੀ ਸਟਾਕ ਜਮ੍ਹਾਂ ਕਰਕੇ ਰੱਖਦੇ ਹਨ ਅਤੇ ਲੋੜ ਮੁਤਾਬਕ ਉੱਥੋਂ ਕੱਢ ਕੇ ਵੇਚਦੇ ਹਨ| ਉਹਨਾਂ ਕਿਹਾ ਕਿ ਪੇਂਡੂ ਖੇਤਰ ਹੋਣ ਕਾਰਨ ਇੱਥੇ ਪ੍ਰਸ਼ਾਸਨ ਵਲੋਂ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਕਾਰਨ ਇਨ੍ਹਾਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ| 
ਇਸ ਸਬੰਧੀ ਸੰਪਰਕ ਕਰਨ ਤੇ  ਬੀ ਡੀ ਪੀ ਓ ਹਿਤੇਨ ਕਪਿਲਾ ਨੇ ਕਿਹਾ ਕਿ ਮਾਮਲੇ ਦੀ ਕਾਰਵਾਈ ਪੰਚਾਇਤ ਦੁਆਰਾ ਕੀਤੀ ਜਾਂਦੀ ਹੈ| ਬਲੌਂਗੀ ਦੇ ਸਰਪੰਚ ਸ੍ਰ. ਬਹਾਦਰ ਸਿੰਘ ਨੇ ਇਸ ਸੰਬੰਧੀ ਗੱਲ ਕਰਨ ਤੇ ਕਿਹਾ ਕਿ ਮਾਣਯੋਗ ਅਦਾਲਤ ਵੱਲੋਂ ਪਾਲਿਥੀਨ ਅਤੇ ਥਰਮੋਕੋਲ ਦੀਆਂ ਵਸਤੂਆਂ ਤੇ ਪੂਰਨ ਪਾਬੰਦੀ ਹੋਣ ਦੇ ਬਾਵਜੂਦ ਵੀ ਇੱਥੇ ਕੁੱਝ ਦੁਕਾਨਦਾਰ ਇਨ੍ਹਾਂ ਦੀ ਵਿਕਰੀ ਕਰ ਰਹੇ ਹਨ ਜੋ ਸ਼ਰੇਆਮ ਮਾਣਯੋਗ ਅਦਾਲਤ ਅਤੇ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਹੈ| ਉਨ੍ਹਾਂ ਕਿਹਾ ਕਿ ਛੇਤੀ ਹੀ ਪੰਚਾਇਤ ਵੱਲੋਂ ਇਨ੍ਹਾਂ ਦੁਕਾਨਦਾਰਾਂ ਦੇ ਖਿਲਾਫ ਬਣਦੀ  ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ|   

Leave a Reply

Your email address will not be published. Required fields are marked *