ਪਾਬੰਦੀ ਦੇ ਬਾਵਜੂਦ ਸ਼ਰੇਆਮ ਵੇਚੇ ਜਾ ਰਹੇ ਹਨ ਬੀੜੀ, ਸਿਗਰਟ ਅਤੇ ਜਰਦਾ

ਐਸ ਏ ਐਸ ਨਗਰ, 22 ਮਾਰਚ (ਸ.ਬ.) ਭਾਵੇਂ ਸਰਕਾਰ ਨੇ ਜਨਤਕ ਥਾਂਵਾਂ ਉੱਪਰ ਸਿਗਰਟ ਬੀੜੀ ਵੇਚਣ ਅਤੇ ਪੀਣ ਉੱਪਰ ਪਾਬੰਦੀ ਲਗਾਈ ਹੋਈ ਹੈ, ਪਰ ਫਿਰ ਵੀ ਨਾਜਾਇਜ ਰੇਹੜੀਆਂ ਫੜੀਆਂ ਅਤੇ ਖੋਖੇ ਲਗਾ ਕੇ ਮੁਹਾਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਕੁੱਝ ਵਿਅਕਤੀਆਂ ਵਲੋਂ ਸ਼ਰੇਆਮ ਬੀੜੀ ਸਿਗਰਟ,ਜਰਦਾ ਅਤੇ ਨਸ਼ੇ ਦਾ ਹੋਰ ਸਮਾਨ ਵੇਚਿਆ ਜਾ ਰਿਹਾ ਹੈ|
ਕਾਂਗਰਸੀ ਆਗੂ ਅਤੁਲ ਸ਼ਰਮਾ ਨੇ ਅੱਜ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਥਾਨਕ ਫੇਜ਼ 2 ਉਦਯੌਗਿਕ ਦੇ ਚੌਂਕ ਕਿਨਾਰੇ ਇਕ ਵਿਅਕਤੀ ਆਪਣਾ ਖੋਖਾ ਲਗਾ ਕੇ ਸ਼ਰੇਆਮ ਬੀੜ੍ਹੀ, ਸਿਗਰਟ, ਜਰਦਾ ਅਤੇ ਨਸ਼ੇ ਦਾ ਹੋਰ ਸਮਾਨ ਵੇਚ ਰਿਹਾ ਹੈ| ਇਹ ਵਿਅਕਤੀ ਦਿਨ ਚੜਦੇ ਸਾਰ ਹੀ ਇਸ ਥਾਂ ਆ ਕੇ ਆਪਣੀ ਦੁਕਾਨ ਸਜਾ ਲੈਂਦਾ ਹੈ ਅਤੇ ਹਨੇਰਾ ਹੋਣ ਤੱਕ ਉੱਥੇ ਹੀ ਰਹਿੰਦਾ ਹੈ| ਇਸ ਵਿਅਕਤੀ ਤੋਂ ਬੀੜੀ ਸਿਗਰਟ ਪੀਣ ਦੇ ਚਾਹਵਾਨਾਂ ਦੇ ਨਾਲ ਨਾਲ ਨਾਬਾਲਗ ਬੱਚੇ ਵੀ ਬੀੜੀ ਸਿਗਰਟ ਤੇ ਹੋਰ ਸਮਾਨ ਖਰੀਦਦੇ ਵੇਖੇ ਜਾਂਦੇ ਹਨ ਜਦੋਂ ਕਿ ਨਬਾਲਗ ਬੱਚਿਆਂ ਨੂੰ ਬੀੜੀ ਸਿਗਰਟ ਤੇ ਜਰਦਾ ਵੇਚਣਾ ਕਾਨੂੰਨੀ ਅਪਰਾਧ ਹੈ, ਪਰ ਇਸ ਦੁਕਾਨਦਾਰ ਵਲੋਂ ਕਿਸੇ ਵੀ ਕਾਨੂੰਨ ਦੀ ਪਰਵਾਹ ਨਹੀਂ ਕੀਤੀ ਜਾ ਰਹੀ|
ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਵਿਅਕਤੀ ਨੇ ਆਪਣੀ ਦੁਕਾਨ ਸਰਕਾਰੀ ਜਮੀਨ ਉੱਪਰ ਨਜਾਇਜ ਕਬਜਾ ਕਰਕੇ ਬਣਾਈ ਹੋਈ ਹੈ| ਇਸ ਨਜਾਇਜ ਕਬਜੇ ਨੂੰ ਹਟਾਉਣ ਲਈ ਨਗਰ ਨਿਗਮ ਨੇ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਇਸ ਵਿਅਕਤੀ ਵਲੋਂ ਘੇਰੀ ਜਾਣ ਵਾਲੀ ਥਾਂ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਇਸ ਵਿਅਕਤੀ ਕੋਲੋਂ ਬੀੜੀ ਸਿਗਰਟ ਪੀਣ ਦੇ ਬਹਾਨੇ ਨਸ਼ੇੜੀ ਕਿਸਮ ਦੇ ਵਿਅਕਤੀ ਸਾਰਾ ਦਿਨ ਹੀ ਝੁਰਮਟ ਪਾਈ ਰੱਖਦੇ ਹਨ|
ਉਹਨਾਂ ਮੰਗ ਕੀਤੀ ਕਿ ਨਜਾਇਜ ਕਬਜਾ ਕਰਕੇ ਸ਼ਰੇਆਮ ਬੀੜੀ ਸਿਗਰਟ, ਜਰਦਾ ਤੇ ਹੋਰ ਨਸ਼ੇ ਦਾ ਸਮਾਨ ਵੇਚਣ ਵਾਲੇ ਇਸ ਵਿਅਕਤੀ ਦੀ ਦੁਕਾਨ ਬੰਦ ਕਰਵਾਈ ਜਾਵੇ ਤਾਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *