ਪਾਬੰਦੀ ਦੇ ਬਾਵਜੂਦ ਸ਼ਹਿਰ ਵਿੱਚ ਥਾਂ ਥਾਂ ਕੀਤੀ ਜਾ ਰਹੀ ਹੈ ਸ਼ਰੇਆਮ ਤੰਬਾਕੂਨੋਸ਼ੀ

ਪਾਬੰਦੀ ਦੇ ਬਾਵਜੂਦ ਸ਼ਹਿਰ ਵਿੱਚ ਥਾਂ ਥਾਂ ਕੀਤੀ ਜਾ ਰਹੀ ਹੈ ਸ਼ਰੇਆਮ ਤੰਬਾਕੂਨੋਸ਼ੀ
ਜਨਤਕ ਥਾਂਵਾਂ ਉੱਪਰ ਸਿਗਰਟ ਬੀੜੀ ਪੀਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਲਈ ਡੀ ਸੀ ਨੂੰ ਪੱਤਰ ਲਿਖਿਆ
ਐਸ ਏ ਐਸ ਨਗਰ, 11 ਅਕਤੂਬਰ (ਸ.ਬ.) ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ  ਜੇ ਪੀ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁਹਾਲੀ ਜਿਲ੍ਹੇ ਵਿੱਚ ਜਨਤਕ ਥਾਵਾਂ ਉੱਪਰ ਹੋ ਰਹੀ ਤੰਬਾਕੂਨੋਸ਼ੀ ਬੰਦ ਕਰਵਾਈ ਜਾਵੇ|
ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਮੁਹਾਲੀ ਜਿਲ੍ਹੇ ਵਿੱਚ ਭਾਵੇਂ ਜਨਤਕ ਥਾਂਵਾ ਉੱਪਰ ਤੰਬਾਕੂਨੋਸ਼ੀ ਕਰਨ ਉਪਰ ਪਾਬੰਦੀ ਲਗਾਈ ਹੋਈ ਹੈ, ਪਰ ਇਸਦੇ ਬਾਵਜੂਦ ਮੁਹਾਲੀ ਜਿਲ੍ਹੇ ਵਿੱਚ ਖਾਸ ਕਰਕੇ ਮੁਹਾਲੀ ਸ਼ਹਿਰ ਵਿਚ ਸ਼ਰੇਆਮ ਤੰਬਾਕੂਨੋਸ਼ੀ ਜਾਰੀ ਹੈ, ਜਿਸ ਨੂੰ ਰੋਕਣ ਲਈ ਪ੍ਰਸ਼ਾਸ਼ਨ ਵਲੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ|  ਭਾਵੇਂ ਕਦੇ ਕਦਾਈਂ ਪ੍ਰਸ਼ਾਸ਼ਨ ਕੁਝ ਮਹੀਨਿਆਂ ਬਾਅਦ ਕੁੰਭਕਰਨੀ ਨੀਂਦ ਤੋਂ ਜਾਗਦਾ ਹੈ ਅਤੇ ਇਕ ਦੋ ਵਿਅਕਤੀਆਂ ਦੇ ਜਨਤਕ ਥਾਵਾਂ ਉਪਰ ਸਿਗਰਟ ਬੀੜੀ ਪੀਣ ਸਬੰਧੀ ਚਲਾਨ ਵੀ ਕੀਤੇ ਜਾਂਦੇ ਹਨ ਪਰ ਜਿਆਦਾਤਾਰ ਸਮਾਂ ਪ੍ਰਸ਼ਾਸ਼ਨ ਇਸ ਮਾਮਲੇ ਸਬੰਧੀ ਖਾਮੋਸ਼ ਹੀ ਰਹਿੰਦਾ ਹੈ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਇਸ ਸਮੱਸਿਆ ਸਬੰਧੀ ਅੱਖਾਂ ਮੀਟੀ ਰਖਦੇ ਹਨ|
ਉਹਨਾਂ ਲਿਖਿਆ ਹੈ ਕਿ ਸ਼ਹਿਰ ਦੇ ਹਰ ਹਿਸੇ ਵਿੱਚ ਹੀ ਵੱਖ ਵੱਖ ਮਾਰਕੀਟਾਂ ਵਿੱਚ ਫੁੱਟਪਾਥਾਂ ਕਿਨਾਰੇ ਅਤੇ ਖਾਲੀ ਪਈਆਂ ਵੱਡੀ ਗਿਣਤੀ ਥਾਂਵਾਂ ਉਪਰ ਪਰਵਾਸੀ ਵਿਅਕਤੀ ਤੰਬਾਕੂ, ਬੀੜੀ ਸਿਗਰਟ ਆਦਿ ਵੇਚਣ ਦੀਆਂ ਰੇਹੜੀਆਂ, ਫੜੀਆਂ ਲਾ ਕੇ ਦਿਨ ਦਿਹਾੜੇ ਬੀੜੀ ਸਿਗਰਟ ਵੇਚ ਰਹੇ ਹਨ| ਇਸਦੇ ਨਾਲ ਹੀ ਅਨੇਕਾਂ ਹੀ ਦੁਕਾਨਾਂ ਉਪਰ ਵੀ ਬੀੜੀ ਸਿਗਰਟ ਨੂੰ ਧੜੱਲੇ ਨਾਲ ਵੇਚਿਆ ਜਾ ਰਿਹਾ ਹੈ| ਹੋਰ ਤਾਂ ਹੋਰ ਕਈ ਵਾਰ ਨਾਬਾਲਗ ਬੱਚਿਆਂ ਨੂੰ ਵੀ ਬੀੜੀ ਸਿਗਰਟ ਖਰੀਦਦੇ ਅਤੇ ਬੀੜੀ ਸਿਗਰਟ ਪੀਂਦੇ ਅਤੇ ਜਰਦਾ ਮਲਦੇ ਹੋਏ ਵੇਖਿਆ ਜਾਂਦਾ ਹੈ| ਇਸ ਦੇ ਬਾਵਜੂਦ ਇਹਨਾਂ ਨੂੰ ਰੋਕਣ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ|
ਆਪਣੇ ਪੱਤਰ ਦੇ ਅੰਤ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਮੁਹਾਲੀ ਜਿਲੇ ਵਿਚ ਜਨਤਕ ਥਾਂਵਾਂ ਉਪਰ ਬੀੜੀ ਸਿਗਰਟ ਪੀਣ ਵਾਲੇ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *