ਪਾਰਕਾਂ ਵਿੱਚ ਬਣੀਆਂ ਲਾਇਬ੍ਰੇਰੀਆਂ ਆਮ ਜਨਤਾ ਲਈ ਜਲਦੀ ਖੋਲ੍ਹੀਆਂ ਜਾਣ : ਕੁਲਜੀਤ ਬੇਦੀ

ਪਾਰਕਾਂ ਵਿੱਚ ਬਣੀਆਂ ਲਾਇਬ੍ਰੇਰੀਆਂ ਆਮ ਜਨਤਾ ਲਈ ਜਲਦੀ ਖੋਲ੍ਹੀਆਂ ਜਾਣ : ਕੁਲਜੀਤ ਬੇਦੀ
ਕੌਂਸਲਰ ਕੁਲਜੀਤ ਬੇਦੀ ਨੇ ਲਾਇਬ੍ਰੇਰੀਆਂ ਨੂੰ ਲੋਕਾਂ ਲਈ ਖੋਲ੍ਹਣ ਸਬੰਧੀ ਨਿਗਮ ਕਮਿਸ਼ਨਰ ਨੂੰ ਲਿਖਿਆ ਪੱਤਰ
ਐਸ.ਏ.ਐਸ. ਨਗਰ, 6 ਅਗਸਤ (ਸ.ਬ.) ਗਮਾਡਾ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਸ਼ਹਿਰ ਦੇ ਛੇ ਪਾਰਕਾਂ ਵਿੱਚ ਬਜ਼ੁਰਗਾਂ ਦੀ ਸਹੂਲਤ ਲਈ ਬਣਾਈਆਂ ਗਈਆਂ ਲਾਇਬ੍ਰੇਰੀਆਂ ਦੀਆਂ ਇਮਾਰਤਾਂ ਖੰਡਰ ਬਣਦੀਆਂ ਜਾ ਰਹੀਆਂ ਹਨ ਪ੍ਰੰਤੂ ਅਜੇ ਤੱਕ ਵੀ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਨਾ ਤਾਂ ਪੁਸਤਕਾਂ ਪਹੁੰਚੀਆਂ ਹਨ ਅਤੇ ਨਾ ਹੀ ਅਖ਼ਬਾਰਾਂ ਆਦਿ ਆਉਣੀਆਂ ਸ਼ੁਰੂ ਹੋਈਆਂ ਹਨ| ਸ਼ਹਿਰ ਦੇ ਲੋਕ ਮਸਲਿਆਂ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਇਨ੍ਹਾਂ ਲਾਇਬ੍ਰੇਰੀਆਂ ਨੂੰ ਆਮ ਜਨਤਾ ਦੀ ਵਰਤੋਂਯੋਗ ਕਰਕੇ ਜਨਤਾ ਲਈ ਖੋਲ੍ਹਣ ਦੀ ਮੰਗ ਕੀਤੀ ਹੈ| ਉਨ੍ਹਾਂ ਇਸੇ ਸਬੰਧ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਇਸ ਪਾਸੇ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਹੈ| ਇਸ ਪੱਤਰ ਦੀ ਇਕ ਕਾਪੀ ਕੌਂਸਲਰ ਬੇਦੀ ਨੇ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੂੰ ਵੀ ਭੇਜੀ ਹੈ|
ਕੌਂਸਲਰ ਬੇਦੀ ਨੇ ਨਿਗਮ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਗਮਾਡਾ ਵੱਲੋਂ ਸ਼ਹਿਰ ਦੇ ਸੈਕਟਰ-65 , ਸੈਕਟਰ 69, ਫੇਜ਼ – 3ਬੀ1 ਦੇ ਰੋਜ਼ ਗਾਰਡਨ, ਸੈਕਟਰ 70, ਫੇਜ਼ – 4 ਅਤੇ ਫੇਜ਼ – 6 ਦੇ ਪਾਰਕਾਂ ਵਿੱਚ ਬਣਾਈਆਂ ਗਈਆਂ ਸਨ| ਬਾਅਦ ਵਿੱਚ ਇਹ ਇਮਾਰਤਾਂ ਗਮਾਡਾ ਨੇ ਨਗਰ ਨਿਗਮ ਨੂੰ ਸੌਂਪ ਦਿੱਤੀਆਂ| ਹੁਣ ਉਸ ਤੋਂ ਬਾਅਦ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਪੁਸਤਕਾਂ ਭੇਜਣ ਅਤੇ ਅਖ਼ਬਾਰਾਂ ਆਦਿ ਭਿਜਵਾਉਣ ਦਾ ਕੰਮ ਨਗਰ ਨਿਗਮ ਵੱਲੋਂ ਕੀਤਾ ਜਾਣਾ ਸੀ ਜੋ ਕਿ ਕਾਫੀ ਲੰਬੇ ਸਮੇਂ ਬਾਅਦ ਤੱਕ ਵੀ ਕੀਤਾ ਨਹੀਂ ਗਿਆ ਹੈ| ਨਿਗਮ ਦੀ ਇਸ ਬੇਰੁਖੀ ਕਾਰਨ ਇਹ ਲਾਇਬ੍ਰੇਰੀਆਂ ਵਾਲੀਆਂ ਇਮਾਰਤਾਂ ਦੇ ਸ਼ੀਸ਼ੇ ਟੁੱਟਣੇ ਸ਼ੁਰੂ ਹੋ ਚੁੱਕੇ ਹਨ ਕਿਉਂਕਿ ਕਈ ਸ਼ਰਾਰਤੀ ਅਨਸਰ ਸ਼ੀਸ਼ਿਆਂ ਤੇ ਪੱਥਰ ਆਦਿ ਮਾਰਦੇ ਰਹਿੰਦੇ ਹਨ| ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਲਾਇਬ੍ਰੇਰੀਆਂ ਦੀ ਨਿਗਮ ਨੇ ਜਲਦ ਤੋਂ ਜਲਦ ਸਾਰ ਨਾ ਲਈ ਤਾਂ ਇਹ ਨਸ਼ੇੜੀਆਂ ਅਤੇ ਸ਼ਰਾਰਤੀ ਲੋਕਾਂ ਦੇ ਅੱਡੇ ਬਣ ਜਾਣਗੀਆਂ ਅਤੇ ਪਾਰਕ ਵਿੱਚ ਸੈਰ ਲਈ ਆਉਣ ਵਾਲੇ ਲੋਕਾਂ ਲਈ ਵੱਡੀ ਸਿਰਦਰਦੀ ਬਣ ਜਾਣਗੀਆਂ|
ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੇ ਪਾਰਕਾਂ ਵਿੱਚ ਬਣੀਆਂ ਸਾਰੀਆਂ ਲਾਇਬ੍ਰੇਰੀਆਂ ਵਿਚ ਫਰਨੀਚਰ, ਪੁਸਤਕਾਂ, ਸਟਾਫ਼, ਬਿਜਲੀ ਅਤੇ ਪ੍ਰਤੀ ਮਹੀਨਾ ਖਰਚ ਦੀ ਵਿਵਸਥਾ ਕਰਵਾਈ ਜਾਵੇ ਤਾਂ ਜੋ ਇਨ੍ਹਾਂ ਲਾਇਬ੍ਰੇਰੀਆਂ ਬਣਾਉਣ ਦਾ ਮੰਤਵ ਪੂਰਾ ਹੋ ਸਕੇ|

Leave a Reply

Your email address will not be published. Required fields are marked *