ਪਾਰਕ ਵਿੱਚ ਸੈਰ ਕਰਨ ਆਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਐਸ. ਏ. ਐਸ. ਨਗਰ, 18 ਅਪ੍ਰੈਲ (ਸ.ਬ.) ਸਥਾਨਕ ਫੇਜ਼- 8 ਵਿੱਚ ਸਥਿਤ ਲਈਅਰ ਵੈਲੀ ਵਿੱਚ ਕਸਰਤ ਕਰਨ ਆਏ ਇੱਕ ਅਣਪਛਾਤੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ 24-25 ਸਾਲ ਉਮਰ ਦਾ ਇੱਕ ਨੌਜਵਾਨ ਅੱਜ ਸਵੇਰੇ ਲਈਅਰ ਵੈਲੀ ਵਿੱਚ ਦੌੜ ਲਗਾ ਰਿਹਾ ਸੀ  ਅਤੇ ਪੌਣੇ ਸੱਤ ਵਜੇ ਦੇ ਕਰੀਬ ਅਚਾਨਕ ਚੱਕਰ ਆ ਜਾਣ ਕਾਰਨ ਡਿੱਗ ਪਿਆ|
ਫੇਜ਼ 10 ਦੇ ਕੌਂਸਲਰ ਸ੍ਰ. ਗੁਰਮੀਤ ਸਿੰਘ ਵਾਲੀਆ ( ਜਿਹੜੇ ਰੋਜਾਨਾ ਇਸ ਵੈਲੀ ਵਿੱਚ ਸੈਰ ਕਰਨ ਜਾਂਦੇ ਹਨ) ਨੇ ਦੱਸਿਆ ਕਿ ਉਹ ਸਵੇਰੇ ਵੈਲੀ ਵਿੱਚ ਸੈਰ ਕਰ ਰਹੇ ਸਨ ਜਦੋਂ ਅਚਾਨਕ ਉਹਨਾਂ ਨੇ ਦੌੜ ਲਗਾ ਰਹੇ ਇੱਕ ਨੌਜਵਾਨ ਨੂੰ ਚੱਕਰ ਖਾ ਕੇ ਡਿੱਗਦਾ ਵੇਖਿਆ| ਉਹਨਾਂ ਦੱਸਿਆ ਕਿ ਉਹ ਭੱਜ ਕੇ ਉੱਥੇ ਉਸ ਨੌਜਵਾਨ ਕੋਲ ਗਏ ਅਤੇ ਇਸ ਦੌਰਾਨ ਪਾਰਕ ਵਿੱਚ ਸੈਰ ਕਰ ਰਹੇ ਕੁਝ ਹੋਰ ਵਿਅਕਤੀ ਵੀ ਉੱਥੇ ਪਹੁੰਚ ਗਏ| ਉਹਨਾਂ ਦੱਸਿਆ ਕਿ ਨੌਜਵਾਨ  ਬੇਹੋਸ਼ੀ ਦੀ ਹਾਲਤ ਵਿੱਚ ਸੀ| ਇਸ ਦੌਰਾਨ ਸੈਰ ਕਰ ਰਹੇ ਲੋਕਾਂ ਵਲੋਂ ਵੈਲੀ ਦੇ ਸੁਰਖਿਆ ਗਾਰਡਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਅਤੇ ਸੁਰਖਿਆ ਗਾਰਡਾਂ ਵਲੋਂ ਪੁਲੀਸ ਕੰਟਰੋਲ ਰੂਮ ਵਿੱਚ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਪੀ. ਸੀ. ਆਰ  ਵੈਨ ਮੌਕੇ ਤੇ ਪਹੁੰਚੀ| ਉਹਨਾਂ ਦੱਸਿਆ ਕਿ ਸੈਰ ਕਰ ਰਹੇ ਲੋਕਾਂ ਵਲੋਂ ਬੇਹੋਸ਼ ਨੌਜਵਾਨ ਨੂੰ ਤੁਰਤ ਫੁਰਤ ਵਿੱਚ ਪੀ. ਸੀ.ਆਰ ਵੈਨ ਤਕ ਪਹੁੰਚਾਇਆ ਗਿਆ ਅਤੇ ਪੀ. ਸੀ. ਆਰ ਦੇ ਕਰਮਚਾਰੀਆਂ ਵਲੋਂ ਉਸ ਨੌਜਵਾਨ ਨੂੰ ਹਸਤਪਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ|
ਮ੍ਰਿਤਕ ਦੀ ਪਹਿਚਾਨ ਸੈਕਟਰ 52 ਦੇ ਵਸਨੀਕ ਅਜੀਤ ਕੁਮਾਰ ਵਜੋਂ ਹੋਈ ਹੈ| ਮ੍ਰਿਤਕ ਦੀ ਪਹਿਚਾਨ ਹੋਣ ਉਪਰੰਤ ਪੁਲੀਸ ਵਲੋਂ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ | ਥਾਣਾ ਫੇਜ਼- 8 ਦੇ ਇੰਚਾਰਜ ਸ੍ਰ. ਜਰਨੈਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਕੁਦਰਤੀ ਮੌਤ ਦਾ ਲੱਗਦਾ ਹੈ ਅਤੇ ਇਹ ਲੱਗਦਾ ਹੈ ਕਿ ਮ੍ਰਿਤਕ ਦੌੜ ਲਗਾਉਣ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋਈ ਹੈ|  ਉਹਨਾਂ ਦੱਸਿਆ ਕਿ ਪੁਲੀਸ ਵਲੋਂ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਸੰਬੰਧੀ ਪੁਲੀਸ ਵਲੋਂ ਸੀ.ਆਰ.ਪੀ. ਸੀ ਦੀ ਧਾਰਾ 174 ਅਧੀਨ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *