ਪਾਰਟੀ ਟਿਕਟ ਮਿਲਣ ਤੇ ਹਲਕਾ ਵਿਧਾਇਕ ਨੇ ਸ਼ੁਕਰਾਨੇ ਵਜੋਂ ਪਾਠ ਸਮਾਗਮ ਕਰਵਾਇਆ

ਐਸ ਏ ਐਸ ਨਗਰ, 27 ਦਸੰਬਰ (ਸ.ਬ.) ਵਿਧਾਨ ਸਭਾ ਹਲਕਾ ਮੁਹਾਲੀ ਤੋਂ ਕਾਂਗਰਸ ਪਾਰਟੀ ਦੀ ਟਿਕਟ ਮਿਲਣ ਦੇ ਸ਼ੁਕਰਾਨੇ ਵਜੋਂ  ਸਥਾਨਕ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਫੇਜ਼-ਅੱਠ ਮੁਹਾਲੀ ਲੰਬਿਆਂ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਅਕਾਲ-ਪੁਰਖ ਦਾ ਓਟ ਆਸਰਾ ਲਿਆ| ਇਸ ਮੌਕੇ ਹਲਕਾ ਮੁਹਾਲੀ ਵਿੱਚੋਂ ਸ. ਸਿੱਧੂ ਦੇ ਸਮਰਥਕ ਉਚੇਚੇ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਹੋਏ ਵਿਧਾਇਕ ਸ. ਸਿੱਧੂ ਦੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦੀ ਕਾਮਨਾ ਕੀਤੀ | ਇਸ ਮੌਕੇ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾ ਨੂੰ ਗੁਰੂ ਚਰਨਾ ਨਾਲ ਜੋੜਿਆ| ਇਸ ਮੌਕੇ ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ ਅਤੇ ਅਹੁਦੇਦਾਰਾਂ ਅਮਰਜੀਤ ਸਿੰਘ ਪਾਹਵਾ, ਮਨਜੀਤ ਸਿੰਘ ਮਾਨ, ਮਨਜੀਤ ਸਿੰਘ ਭੱਲਾ, ਅਵਤਾਰ ਸਿੰਘ, ਅਮਰਜੀਤ ਸਿੰਘ ਵੱਲੋਂ ਸ੍ਰੀ ਸਿੱਧੂ ਨੂੰ ਸਿਰੋਪਾਓ ਭੇਟ ਕੀਤਾ ਗਿਆ ਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ| ਸ. ਸਿੱਧੂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਮੁਹਾਲੀ ਦੇ ਲੋਕਾਂ ਵੱਲੋਂ ਦਿੱਤੇ ਗਏ ਪ੍ਰੇਮ ਅਤੇ ਸਤਿਕਾਰ ਸਦਕਾ ਹੀ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਟਿਕਟ ਮਿਲੀ ਹੈ ਅਤੇ ਉਹ ਇਸ ਹਲਕੇ ਦੇ ਲੋਕਾਂ ਦੇ ਹਮੇਸ਼ਾਂ ਹੀ ਰਿਣੀ  ਰਹਿਣਗੇ|
ਇਸ ਮੌਕੇ ਸ. ਬਲਬੀਰ ਸਿੰਘ ਸਿੱਧੂ ਦੇ ਪਰਿਵਾਰਕ ਮੈਂਬਰ ਦਲਜੀਤ ਕੌਰ ਸਿੱਧੂ, ਅਮਰਜੀਤ ਸਿੰਘ ਸਿੱਧੂ, ਕੰਵਰਬੀਰ ਸਿੰਘ ਸਿੱਧੂ, ਜਤਿੰਦਰ ਕੌਰ, ਮਨਦੀਪ ਸਿੰਘ ਤੋਂ ਇਲਾਵ ਵੱਡੀ ਗਿਣਤੀ ਵਿੱਚ ਮੁਹਾਲੀ ਦੇ ਪਿੰਡਾ ਅਤੇ ਸ਼ਹਿਰ ਨਿਵਾਸੀ ਹਾਜਰ ਸਨ|

Leave a Reply

Your email address will not be published. Required fields are marked *