ਪਾਰਟੀ ਨੂੰ ਮਜਬੂਤ ਕਰਨ ਲਈ ਇਸਦੀਆਂ ਜੜ੍ਹਾਂ ਨਾਲ ਜੁੜਣ ਅਤੇ ਪਾਰਟੀ ਦੇ ਪੁਰਾਣੇ ਸਰੂਪ ਦੀ ਬਹਾਲੀ ਲਈ ਯਤਨਸ਼ੀਲ ਦਿਖ ਰਹੇ ਹਨ ਸੁਖਬੀਰ ਬਾਦਲ

ਪਾਰਟੀ ਨੂੰ ਮਜਬੂਤ ਕਰਨ ਲਈ ਇਸਦੀਆਂ ਜੜ੍ਹਾਂ ਨਾਲ ਜੁੜਣ ਅਤੇ ਪਾਰਟੀ ਦੇ ਪੁਰਾਣੇ ਸਰੂਪ ਦੀ ਬਹਾਲੀ ਲਈ ਯਤਨਸ਼ੀਲ ਦਿਖ ਰਹੇ ਹਨ ਸੁਖਬੀਰ ਬਾਦਲ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 16 ਦਸੰਬਰ

ਕੀ ਸ਼੍ਰੋਮਣੀ ਅਕਾਲੀ ਦਲ ਆਪਣੀ ਖਿੰਡ ਗਈ ਤਾਕਤ ਨੂੰ ਮੁੜ ਹਾਸਿਲ ਕਰਨ ਲਈ ਦੁਬਾਰਾ ਪੰਥਕ ਕਦਰਾਂ ਕੀਮਤਾਂ ਨਾਲ ਜੁੜਣ ਲਈ ਯਤਨਸ਼ੀਲ ਹੈ? ਬੀਤੇ ਦਿਨੀਂ ਸ੍ਰੋਮਣੀ ਅਕਾਲੀ ਦਲ ਦੇ 97ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਗਏ ਸੰਬੋਧਨ (ਜਿਸ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਲਿਆਉਣ ਅਤੇ ਅਕਾਲੀ ਦਲ ਦੇ ਗੌਰਵਮਈ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਪਾਰਟੀ ਨੂੰ ਮਜਬੂਤ ਕਰਨ ਦੀ ਗੱਲ ਕੀਤੀ ਹੈ) ਨੂੰ ਵਾਚਨ ਤੇ ਤਾਂ ਅਜਿਹਾ ਹੀ ਲੱਗਦਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਵੀ ਇਹ ਅਹਿਸਾਸ ਹੋ ਗਿਆ ਹੈ ਕਿ ਪਾਰਟੀ ਦੀਆਂ ਜੜ੍ਹਾਂ ਤੋਂ ਦੂਰ ਹੋ ਕੇ ਉਹ ਪਾਰਟੀ ਨੂੰ ਮਜਬੂਤ ਨਹੀਂ ਕਰ ਸਕਦੇ ਅਤੇ ਜੇਕਰ ਪਾਰਟੀ ਨੇ ਮੁੜ ਤਾਕਤ ਹਾਸਿਲ ਕਰਨੀ ਹੈ ਤਾਂ ਇਸ ਵਾਸਤੇ ਪਾਰਟੀ ਨੂੰ ਆਪਣੀਆਂ ਜੜ੍ਹਾਂ ਵੱਲ ਪਰਤਣਾ ਹੀ ਪੈਣਾ ਹੈ|
ਇੱਥੇ ਇਹ ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿੱਥੇ ਪੰਥਕ ਮਸਲਿਆਂ ਲਈ ਅੱਗੇ ਹੋ ਕੇ ਆਵਾਜ ਬੁਲੰਦ ਕਰਨ ਅਤੇ ਕੁਰਬਾਨੀਆਂ ਦੇਣ ਵਾਲਾ ਇਤਿਹਾਸ ਰਿਹਾ ਹੈ ਉੱਥੇ ਇਸ ਵਲੋਂ ਸਮੇਂ ਦੀਆਂ ਸਰਕਾਰਾਂ ਦਾ ਟਾਕਰਾ ਕਰਨ ਲਈ ਸੜਕਾਂ ਤੇ ਆ ਕੇ ਧਰਨੇ ਲਗਾਉਣ ਅਤੇ ਸਰਕਾਰ ਦੇ ਖਿਲਾਫ ਸੰਘਰਸ਼ ਕਰਨ ਦਾ ਲੰਬਾ ਚੌੜਾ ਇਤਿਹਾਸ ਹੈ| ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਸਦਾ ਜੇਲ੍ਹਾਂ ਭਰਨ ਦਾ ਪੁਰਾਣਾ ਇਤਿਹਾਸ ਹੈ ਅਤੇ ਇਸਦੇ ਵਰਕਰ ਮਾਣ ਨਾਲ ਪਾਰਟੀ ਵਾਸਤੇ ਕਟੀਆਂ ਜੇਲ੍ਹਾਂ ਦਾ ਜਿਕਰ ਵੀ ਕਰਦੇ ਹਨ|
ਪਰੰਤੂ ਪਾਰਟੀ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦੀ ਹੁਣ ਤਕ ਦੀ ਕਾਰਗੁਜਾਰੀ ਫਾਈਵ ਸਟਾਰ ਸਭਿਆਚਾਰ ਤੇ ਆਧਾਰਿਤ ਰਹੀ ਹੈ| ਉਹਨਾਂ ਵਲੋਂ ਪਾਰਟੀ ਦੇ ਮੁੱਖ ਦਫਤਰ ਨੂੰ ਅੰਮ੍ਰਿਤਸਰ ਤੋਂ ਚੰਡੀਗੜ੍ਹ ਤਬਦੀਲ ਕਰਨ ਦਾ ਫੈਸਲਾ ਹੋਵੇ ਜਾਂ ਪਾਰਟੀ ਕਾਰਜਕਾਰਨੀ ਦੇ ਆਗੂਆਂ ਦੇ ਨਾਲ ਵਿਚਾਰ ਚਰਚਾ ਕਰਨ ਲਈ ਹਿਮਾਚਲ ਦੀਆਂ ਪਹਾੜੀਆਂ (ਅਤੇ ਗੋਵਾ ਵਿੱਚ ਸਮੁੰਦਰ ਕਿਨਾਰੇ) ਲਗਾਏ ਜਾਂਦੇ ਚਿੰਤਨ ਕੈਂਪ ਨਾਲ ਉਹਨਾਂ ਦੀ ਕਾਰਜਸ਼ੈਲੀ ਵਿੱਚ ਸਾਰਾ ਕੁੱਝ ਨਵਾਂ ਨਵਾਂ ਹੀ ਨਜਰ ਆਉਂਦਾ ਸੀ ਅਤੇ ਇਸ ਕਾਰਨ ਪਾਰਟੀ ਦੇ ਪੁਰਾਣੇ (ਟਕਸਾਲੀ) ਆਗੂ ਅਤੇ ਵਰਕਰ ਇਸ ਪੱਖੋਂ ਅੰਦਰਖਾਤੇ ਨਾਰਾਜਗੀ ਵੀ ਜਾਹਿਰ ਕਰਦੇ ਸਨ| ਪਿਛਲੇ ਸਾਲ ਵੀ ਪਾਰਟੀ ਦਾ ਸਥਾਪਨਾ ਦਿਵਸ ਚੰਡੀਗੜ੍ਹ ਵਿਚਲੇ ਪਾਰਟੀ ਦੇ ਮੁੱਖ ਦਫਤਰ ਵਿੱਚ ਹੀ ਮਣਾਇਆ ਗਿਆ ਸੀ|
ਜਿੱਥੋਂ ਤਕ ਧਰਨੇ, ਪ੍ਰਦਰਸ਼ਨ ਅਤੇ ਸਰਕਾਰ ਦੇ ਖਿਲਾਫ ਸੜਕਾਂ ਤੇ ਆਉਣ ਦੀ ਕਾਰਵਾਈ ਦੀ ਗੱਲ ਸੀ ਤਾਂ ਪਿਛਲੇ 10 ਸਾਲਾਂ ਦੌਰਾਨ ਸੂਬੇ ਦੀ ਸੱਤਾ ਦਾ ਸੁਖ ਮਾਣ ਰਹੇ ਸ੍ਰ. ਸੁਖਬੀਰ ਸਿੰਘ ਬਾਦਲ ਅਜਿਹੇ ਲੋਕਾਂ ਦਾ ਇਹ ਕਹਿ ਕੇ ਮਜਾਕ ਉੜਾਇਆ ਕਰਦੇ ਸਨ ਕਿ ਵਿਹਲੜ ਲੋਕ ਜਿਹਨਾਂ ਦੀ ਕੋਈ ਗੱਲ ਨਹੀਂ ਸੁਣਦਾ, ਸਰਕਾਰ ਦੇ ਖਿਲਾਫ ਧਰਨੇ ਲਗਾਉਣ ਆ ਜਾਂਦੇ ਹਨ| ਪਰੰਤੂ ਬੀਤੇ ਦਿਨੀ ਨਿਗਮ ਚੋਣਾਂ ਸੰਬੰਧੀ ਉਮੀਦਵਾਰਾਂ ਦੇ ਕਾਗਜ ਭਰਨ ਵੇਲੇ ਕਾਂਗਰਸੀ ਆਗੂਆਂ ਦੀ ਕਥਿਤ ਧੱਕੇਸ਼ਾਹੀ ਦਾ ਮੁਕਾਬਲਾ ਕਰਨ ਲਈ ਜਿਸ ਤਰੀਕੇ ਨਾਲ ਉਹਨਾਂ ਨੇ ਸਾਰੀ ਰਾਤ ਸੜਕ ਤੇ ਧਰਨਾ ਲਗਾ ਕੇ ਸਰਕਾਰ ਨੂੰ ਵੰਗਾਰਿਆ ਉਸ ਨਾਲ ਇਹ ਸਾਫ ਨਜਰ ਆ ਰਿਹਾ ਸੀ ਕਿ ਉਹ ਆਪਣੀ ਕਾਰਜਸ਼ੈਲੀ ਵਿੱਚ ਸੁਧਾਰ ਕਰਨ ਦੇ ਚਾਹਵਾਨ ਹਨ|
ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ੍ਰ. ਸਖਬੀਰ ਸਿੰਘ ਬਾਦਲ ਵਲੋਂ ਦੋ ਹੋਰ ਅਹਿਮ ਗੱਲਾਂ ਵੀ ਕੀਤੀਆਂ ਗਈਆਂ ਹਨ| ਪਹਿਲੀ ਇਹ ਕਿ ਪਾਰਟੀ ਵਲੋਂ ਪਿਛਲੇ ਸਮੇਂ ਦੌਰਾਨ ਜਿਹੜੀਆਂ ਗਲਤੀਆਂ ਹੋਈਆਂ ਹਨ ਉਹਨਾਂ ਨੂੰ ਸੁਧਾਰਿਆ ਜਾਵੇਗਾ ਅਤੇ ਦੂਜੀ ਇਹ ਕਿ ਉਹ ਪਾਰਟੀ ਵਰਕਰਾਂ ਨਾਲ ਕੀਤੀ ਜਾਣ ਵਾਲੀ ਕਿਸੇ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਣਗੇ ਅਤੇ ਅਜਿਹੀ ਹਰ ਕਾਰਵਾਈ ਦਾ ਅੱਗੇ ਹੋ ਕੇ ਮੁਕਾਬਲਾ ਕਰਣਗੇ|
ਵਿਧਾਨਸਭਾ ਚੋਣਾਂ ਦੌਰਾਨ ਹੋਈ ਨਮੋਸ਼ੀ ਭਰੀ ਹਾਰ ਤੋਂ ਬਾਅਦ ਹੁਣ ਅਕਾਲੀ ਦਲ ਵਲੋਂ ਜਿਸ ਤਰੀਕੇ ਨਾਲ ਮੁਖਰ ਹੋ ਕੇ ਸਰਕਾਰ ਦੇ ਖਿਲਾਫ ਬਿਆਨਬਾਜੀ ਕੀਤੀ ਜਾ ਰਹੀ ਹੈ ਉਸ ਨਾਲ ਇਹ ਤਾਂ ਪਹਿਲਾਂ ਹੀ ਜਾਹਿਰ ਹੋ ਚੁੱਕਿਆ ਹੈ ਕਿ ਪਾਰਟੀ ਪੰਜਾਬ ਵਿੱਚ ਵਿਰੋਧੀ ਧਿਰ ਦੀ ਆਪਣੀ ਗੁਆ ਚੁਕੀ ਪੁਜੀਸ਼ਨ ਨੂੰ ਹਾਸਿਲ ਕਰਨ ਲਈ ਯਤਨਸ਼ੀਲ ਹੈ ਪਰੰਤੂ ਹੁਣ ਸ੍ਰ. ਬਾਦਲ ਵਲੋਂ ਜਿਸ ਤਰੀਕੇ ਨਾਲ ਪਾਰਟੀ ਦੇ ਪੁਰਾਣੇ ਵਿਰਸੇ ਤੋਂ ਤਾਕਤ ਹਾਸਿਲ ਕਰਨ ਅਤੇ ਪੰਥਕ ਕਦਰਾਂ ਕੀਮਤਾਂ ਤੇ ਖਰੇ ਉਤਰ ਕੇ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨਾਲ ਇਹ ਵੀ ਜਾਹਿਰ ਹੋ ਜਾਂਦਾ ਹੈ ਕਿ ਸ੍ਰ. ਬਾਦਲ ਪਾਰਟੀ ਤੇ ਥੋਪੇ ਗਏ ਫਾਈਵ ਸਟਾਰ ਕਲਚਰ ਨੂੰ ਤਿਆਗ ਕੇ ਅਤੇ ਉਸਦੇ ਪੁਰਾਣੇ ਸਰੂਪ ਨੂੰ ਹਾਸਿਲ ਕਰਕੇ ਤਾਕਤ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ| ਵੇਖਣਾ ਇਹ ਹੈ ਕਿ ਉਹ ਆਪਣੀ ਇਸ ਕੋਸ਼ਿਸ਼ ਵਿੱਚ ਕਿਸ ਹੱਦ ਤਕ ਕਾਮਯਾਬ ਹੁੰਦੇ ਹਨ|

Leave a Reply

Your email address will not be published. Required fields are marked *