ਪਾਲਤੂ ਕੁੱਤੇ ਨੇ ਨੌਜਵਾਨ ਲੜਕੀ ਨੂੰ ਵੱਢਿਆ, ਕੰਨ ਦਾ ਇੱਕ ਹਿੱਸਾ ਹੋਇਆ ਵੱਖ


ਐਸ ਏ ਐਸ ਨਗਰ, 8 ਅਕਤੂਬਰ (ਸ.ਬ.) ਸ਼ਹਿਰ ਵਿੱਚ ਘੁੰਮਦੇ ਆਵਾਰਾ ਅਤੇ ਲੋਕਾਂ ਵਲੋਂ ਪਾਲੇ ਜਾਂਦੇ ਪਾਲਤੂ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਸਥਾਨਕ ਫੇਜ਼-9 ਦੀ ਮਾਰਕੀਟ ਵਿੱਚ ਅੱਜ  ਸਵੇਰੇ 11 ਵਜੇ ਦੇ ਕਰੀਬ  ਇਕ ਪਾਲਤੂ ਕੁੱਤੇ ਨੇ ਪੈਦਲ ਜਾ ਰਹੀ ਇਕ ਨੌਜਵਾਨ ਲੜਕੀ ਉਪਰ ਹਮਲਾ ਕਰਕੇ ਉਸਨੂੰ ਜਖਮੀ ਕਰ ਦਿੱਤਾ| ਇਸ ਕੁੱਤੇ ਵਲੋਂ ਨੌਜਵਾਨ ਕੁੜੀ ਦੇ ਕੰਨ ਦਾ ਇੱਕ ਹਿੱਸਾ ਇੰਨੀ ਬੁਰੀ ਤਰ੍ਹਾਂ ਕੱਟਿਆ ਕਿ ਉਹ ਉਸਦੇ ਸ਼ਰੀਰ ਤੋਂ ਵੱਖ ਹੋ ਗਿਆ| ਕੁੜੀ ਦੇ ਪਰਿਵਾਰ ਵਲੋਂ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ| 
ਪ੍ਰਾਪਤ ਜਾਣਕਾਰੀ ਅਨੁਸਾਰ                   ਫੇਜ਼ 9 ਦੀ ਵਸਨੀਕ ਇਕ ਨੌਜਵਾਨ ਲੜਕੀ ਅੱਜ ਸਵੇਰੇ 11 ਵਜੇ ਦੇ ਕਰੀਬ  ਆਪਣੇ ਘਰ ਤੋਂ ਪੈਦਲ ਹੀ             ਫੇਜ਼9 ਦੀ ਮਾਰਕੀਟ ਵਿਚ ਸਥਿਤ ਇਕ ਬੈਂਕ ਵੱਲ ਜਾ ਰਹੀ ਸੀ ਕਿ ਉਸੇ ਸਮੇਂ ਹੀ ਇੱਕ ਕਾਰ ਇਸ ਮਾਰਕੀਟ ਅੰਦਰ ਦਾਖਿਲ ਹੋਈ, ਜਿਸ ਵਿਚੋਂ ਇਕ ਨੌਕਰਾਣੀ ਜਾਪਦੀ ਮਹਿਲਾ ਇਕ ਬਾਕਸਰ ਕੁੱਤੇ ਨੂੰ ਲੈ ਕੇ ਉਤਰੀ, ਜਿਸ ਨੂੰ ਕਿ ਉਸਨੇ ਜਾਨਵਰਾਂ ਦੇ ਡਾਕਟਰ ਨੂੰ ਦਿਖਾਉਣਾ ਸੀ| 
ਇਸ ਦੌਰਾਨ ਇਸ ਪਾਲਤੂ ਕੁੱਤੇ ਨੇ ਪੈਦਲ ਜਾ ਰਹੀ ਨੌਜਵਾਨ ਲੜਕੀ ਉਪਰ ਹਮਲਾ ਕਰ ਦਿਤਾ ਅਤੇ ਉਸਦੇ ਕੰਨ ਨੂੰ ਕੱਟ ਲਿਆ| ਮੌਕੇ ਤੇ ਪੀੜ੍ਹਤ ਲੜਕੀ ਦੇ ਪਿਤਾ ਸ੍ਰ. ਗੁਰਬੀਰ ਸਿੰਘ ਨੇ ਪੁਲੀਸ ਸੱਦ ਲਈ ਅਤੇ ਉਹਨਾਂ ਦੀ ਬੇਟੀ ਤੇ ਅਚਾਨਕ ਹਮਲਾ ਕਰਨ ਵਾਲੇ ਕੁੱਤੇ ਦੇ ਮਾਲਕਾਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ| ਮੌਕੇ ਤੇ ਪਹੁੰਚੇ ਪੁਲੀਸ ਦੇ ਜਾਂਚ ਅਧਿਕਾਰੀ ਨੇ ਕਿਹਾ ਕਿ ਪੁਲੀਸ ਵਲੋਂ ਦੋਵਾਂ ਧਿਰਾਂ ਨੂੰ ਥਾਣੇ ਵਿੱਚ ਪਹੁੰਚਣ ਲਈ ਕਿਹਾ ਗਿਆ ਹੈ ਅਤੇ ਪੁਲੀਸ ਵਲੋਂ ਦੋਹਾਂ ਧਿਰਾਂ ਦੇ ਬਿਆਨਾਂ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *