ਪਾਲਤੂ ਪਸ਼ੂਆਂ ਸਮੇਤ ਨਗਰ ਨਿਗਮ ਅਤੇ ਥਾਣਿਆਂ ਵਿੱਚ ਧਰਨੇ ਦੇਣ ਦੀ ਤਿਆਰੀ ਵਿੱਚ ਹਨ ਪਿੰਡਾਂ ਦੇ ਪਸ਼ੂ ਪਾਲਕ

ਐਸ ਏ ਐਸ ਨਗਰ, 10 ਜੁਲਾਈ (ਸ.ਬ.) ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਅੱਧੀ ਦਰਜਨ ਪਿੰਡਾਂ ਸੋਹਾਣਾ, ਕੁੰਭੜਾ, ਮਟੌਰ, ਸ਼ਾਹੀ ਮਾਜਰਾ, ਮਦਨਪੁਰ ਦੇ ਪਸ਼ੂ ਪਾਲਕ ਆਪਣੇ ਪਾਲਤੂ ਪਸ਼ੂਆਂ ਸਮੇਤ ਨਗਰ ਨਿਗਮ ਮੁਹਾਲੀ ਅਤੇ ਪੁਲੀਸ ਥਾਣਿਆਂ ਦੇ ਅੰਦਰ ਧਰਨੇ ਦੇਣ ਦੀ ਤਿਆਰੀ ਕਰ ਰਹੇ ਹਨ|
ਨਿਗਮ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਵਸਨੀਕਾਂ ਅਤੇ ਪਸ਼ੂ ਮਾਲਕਾਂ ਵਲੋਂ ਧਰਨੇ ਦੇਣ ਦਾ ਇਹ ਐਲਾਨ ਨਗਰ ਨਿਗਮ ਵਲੋਂ ਐਸ ਐਸ ਪੀ ਮੁਹਾਲੀ ਨੂੰ ਲਿਖੇ ਪੱਤਰ ਤੋਂ ਬਾਅਦ ਪਿੰਡਾਂ ਦੇ ਪਸ਼ੂ ਮਾਲਕਾਂ ਨੂੰ ਪੁਲੀਸ ਵਲੋਂ ਆ ਰਹੇ ਨੋਟਿਸਾਂ ਵਿਰੁੱਧ ਕੀਤਾ ਗਿਆ ਹੈ|
ਨਗਰ ਨਿਗਮ ਮੁਹਾਲੀ ਵਲੋਂ ਨਿਗਮ ਅਧੀਨ ਆਉਂਦੇ ਪਿੰਡਾਂ ਦੇ ਪਸ਼ੂ ਮਾਲਕਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਪਾਲਤੂ ਪਸ਼ੂ ਨਿਗਮ ਦੀ ਹੱਦ ਵਿਚੋਂ ਬਾਹਰ ਲੈ ਜਾਣ ਕਿਉਂਕਿ ਇਹ ਪਾਲਤੂ ਪਸ਼ੂ ਮੁਹਾਲੀ ਸ਼ਹਿਰ ਵਿੱਚ ਆ ਕੇ ਗੰਦਗੀ ਫੈਲਾਂਉਂਦੇ ਹਨ| ਇਹਨਾਂ ਪਿੰਡਾਂ ਦੇ ਪਸ਼ੂ ਪਾਲਕਾਂ ਵਲੋਂ ਆਪਣੇ ਪਾਲਤੂ ਪਸ਼ੂ ਨਿਗਮ ਦੀ ਹੱਦ ਵਿਚੋਂ ਬਾਹਰ ਨਾ ਲੈ ਕੇ ਜਾਣ ਕਰਕੇ ਨਗਰ ਨਿਗਮ ਮੁਹਾਲੀ ਵਲੋਂ ਹੁਣ ਐਸ ਐਸ ਪੀ ਨੂੰ ਪੱਤਰ ਲਿਖ ਕੇ ਇਹਨਾਂ ਖਿਲਾਫ ਮਾਮਲੇ ਦਰਜ ਕਰਨ ਲਈ ਕਿਹਾ ਗਿਆ ਹੈ ਅਤੇ ਪੁਲੀਸ ਨੇ ਇਹਨਾਂ ਪਸ਼ੂ ਪਾਲਕਾਂ ਨੂੰ ਧਾਰਾ 188 ਤਹਿਤ ਜਮਾਨਤਾਂ ਕਰਵਾਉਣ ਸਬੰਧੀ ਨੋਟਿਸ ਭੇਜੇ ਜਾ ਰਹੇ ਹਨ| ਇਹਨਾਂ ਨੋਟਿਸਾਂ ਦਾ ਵਿਰੋਧ ਕਰਦਿਆਂ ਇਹਨਾਂ ਪਿੰਡਾਂ ਦੇ ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਜੇ ਜਮਾਨਤ ਹੀ ਕਰਵਾਉਣੀ ਹੈ ਤਾਂ ਉਹ ਥਾਣਿਆਂ ਵਿੱਚ ਆਪਣੇ ਪਾਲਤੂ ਪਸ਼ੂਆਂ ਨਾਲ ਜਾ ਕੇ ਹੀ ਜਮਾਨਤ ਕਰਵਾਉਣਗੇ|
ਇਸ ਸਬੰਧੀ ਪੇਂਡੂ ਸੰਘਰਸ਼ ਕਮੇਟੀ ਦੀ ਇੱਕ ਮੀਟਿੰਗ ਪਿੰਡ ਮਟੌਰ ਦੇ ਇਕ ਮੰਦਰ ਵਿਖੇ ਹੋਈ| ਇਸ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ, ਪਰਮਿੰਦਰ ਸਿੰਘ ਸੋਹਾਣਾ, ਸਤਬੀਰ ਸਿੰਘ ਧਨੋਆ, ਰਵਿੰਦਰ ਸਿੰਘ ਬਿੰਦਰਾ (ਸਾਰੇ ਕੌਂਸਲਰ), ਬੂਟਾ ਸਿੰਘ ਸੋਹਾਣਾ, ਜਗਦੀਸ਼ ਸਿੰਘ ਸ਼ਾਹੀ ਮਾਜਰਾ, ਅਮਰੀਕ ਸਿੰਘ ਸਰਪੰਚ ਮਟੌਰ, ਭਿੰਦਰ ਸਿੰਘ ਮਦਨਪੁਰ, ਹਰਮਿੰਦਰ ਸਿੰਘ ਨੰਬਰਦਾਰ, ਨਛੱਤਰ ਸਿੰਘ ਬੈਦਵਾਨ, ਗੁਰਮੇਲ ਸਿੰਘ ਫੌਜੀ ਨੇ ਕਿਹਾ ਕਿ ਨਗਰ ਨਿਗਮ ਮੁਹਾਲੀ ਅਧੀਨ ਆਉਂਦੇ ਪਿੰਡਾਂ ਦੇ ਵਸਨੀਕ ਅਤੇ ਪਸ਼ੂ ਪਾਲਕ ਇਸ ਇਲਾਕੇ ਦੇ ਜੱਦੀ ਵਸਨੀਕ ਹਨ| ਪਹਿਲਾਂ ਤਾਂ ਸਰਕਾਰ ਨੇ ਉਹਨਾਂ ਕੋਲੋਂ ਉਹਨਾਂ ਦੀਆਂ ਜਮੀਨਾਂ ਕੌਡੀਆਂ ਦੇ ਮੁੱਲ ਖੋਹ ਲਈਆਂ ਅਤੇ ਹੁਣ ਜਦੋਂ ਉਹ ਆਪਣੀ ਰੋਜੀ ਰੋਟੀ ਲਈ ਪਸ਼ੂ ਪਾਲਣ ਦਾ ਧੰਦਾ ਕਰ ਰਹੇ ਹਨ ਤਾਂ ਹੁਣ ਇਸ ਧੰਦੇ ਨੂੰ ਬੰਦ ਕਰਵਾਉਣ ਲਈ ਵੀ ਨਿਗਮ ਵਲੋਂ ਯਤਨ ਕੀਤੇ ਜਾ ਰਹੇ ਹਨ|
ਉਹਨਾਂ ਕਿਹਾ ਕਿ ਹਰ ਵਾਰ ਹੀ ਚੋਣਾਂ ਮੌਕੇ ਵੱਖ ਵੱਖ ਰਾਜਸੀ ਆਗੂ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਡੇਅਰੀ ਫਾਰਮਾਂ ਲਈ ਜਗ੍ਹਾ ਦੇਣ ਦੇ ਸਬਜਬਾਗ ਦਿਖਾਉਂਦੇ ਹਨ ਜੋ ਕਿ ਕਦੇ ਵੀ ਪੂਰੇ ਨਹੀਂ ਹੋਏ| ਉਹਨਾਂ ਕਿਹਾ ਕਿ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵੀ ਇਹਨਾਂ ਪਸ਼ੂ ਪਾਲਕਾਂ ਦੀ ਬਾਂਹ ਨਹੀਂ ਫੜ ਰਹੇ ਅਤੇ ਉਹਨਾਂ ਦੇ ਮਸਲੇ ਹਲ ਨਹੀਂ ਕਰ ਰਹੇ|
ਉਹਨਾਂ ਕਿਹਾ ਕਿ ਜੇ ਨਗਰ ਨਿਗਮ ਅਤੇ ਪੁਲੀਸ ਨੇ ਪਸ਼ੂ ਪਾਲਕਾਂ ਨੂੰ ਨੋਟਿਸ ਭੇਜਣੇ ਬੰਦ ਨਾ ਕੀਤੇ ਗਏ ਤਾਂ ਪਿੰਡਾਂ ਦੇ ਪਸ਼ੂ ਪਾਲਕ ਆਪਣੇ ਪਾਲਤੂ ਪਸ਼ੂਆਂ ਨਾਲ ਨਗਰ ਨਿਗਮ ਮੁਹਾਲੀ ਦੇ ਦਫਤਰ ਅਤੇ ਪੁਲੀਸ ਥਾਣਿਆਂ ਵਿੱਚ ਜਾ ਕੇ ਧਰਨੇ ਦੇਣ ਲਈ ਮਜਬੂਰ ਹੋਣਗੇ ਜਿਸ ਦੀ ਪੂਰੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੀ ਹੋਵੇਗੀ|

Leave a Reply

Your email address will not be published. Required fields are marked *