ਪਾਵਰਕਾਮ ਦੇ ਦਫਤਰ ਵਿੱਚ ਦਾਖਲਾ ਬੰਦ ਕੀਤੇ ਜਾਣ ਕਾਰਨ ਲੋਕਾਂ ਨੂੰ ਸਹਿਣੀ ਪੈ ਰਹੀ ਹੈ ਪ੍ਰੇਸ਼ਾਨੀ

ਐਸ.ਏ.ਐਸ.ਨਗਰ, 14 ਸਤੰਬਰ (ਆਰ.ਪੀ.ਵਾਲੀਆ) ਸਥਾਨਕ ਫੇਜ਼ 1 ਦੇ ਉਦਯੋਗਿਕ ਖੇਤਰ ਵਿੱਚ ਸਥਿਤ ਪਾਵਰਕਾਮ ਦੇ ਦਫਤਰ ਵਿੱਚ ਆਪਣੇ ਕੰਮਾਂ ਕਾਰਾਂ ਲਈ ਜਾਣ ਵਾਲੇ ਲੋਕਾਂ ਦਾ ਦਾਖਲਾ ਪੂਰੀ ਤਰ੍ਹਾਂ ਬੰਦ ਕੀਤੇ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਦੌਰਾਨ ਦਫਤਰ ਵਿੱਚ ਆਪਣੇ ਬਿਜਲੀ ਦੇ ਬਿੱਲ ਭਰਵਾਉਣ ਅਤੇ ਹੋਰਨਾਂ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸਦੇ ਨਾਲ ਹੀ ਪਾਵਰਕਾਮ ਦਫਤਰ ਦੇ ਕਾਊਂਟਰਾਂ ਤੇ ਭੀੜ ਜਿਆਦਾ ਵੱਧ ਜਾਣ ਕਾਰਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਵੀ ਉਲੰਘਣਾ ਹੋ ਰਹੀ ਹੈ ਜਿਸ ਕਾਰਨ ਕੋਰੋਨਾ ਦੀ ਮਹਾਮਾਰੀ ਦੇ ਹੋਰ ਫੈਲਣ ਦਾ ਖਤਰਾ ਵੱਧ ਰਿਹਾ ਹੈ| 
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇਸ ਦਫਤਰ ਦੇ ਕਿਸੇ ਕਰਮਚਾਰੀ ਦੇ ਕੋਰੋਨਾ ਪਾਜਿਟਿਵ ਪਾਏ ਜਾਣ ਤੋਂ ਬਾਅਦ ਸੁੱਰਖਿਆ ਦੇ                ਮੱਦੇਨਜਰ ਦਫਤਰ ਦੇ ਸਭ ਦਰਵਾਜੇ ਬੰਦ ਕਰਕੇ ਕਮਰਿਆਂ ਦੀਆਂ ਖਿੜਕੀਆਂ ਤੋਂ ਹੀ ਕੰਮ ਚਲਾਇਆ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਤਪਦੀ ਧੁੱਪ ਵਿੱਚ ਹੀ ਬਾਹਰ ਖੜ੍ਹ ਕੇ ਆਪਣੀ ਵਾਰੀ ਦਾ ਇੰਤਜਾਰ ਕਰਨਾ ਪੈਂਦਾ ਹੈ| ਇਸ ਦੌਰਾਨ ਲੋਕ ਝੁੰਡ ਬਣਾ ਕੇ ਇੱਕ ਦੂਜੇ ਦੇ ਨਾਲ ਜੁੜ ਕੇ ਖੜ੍ਹੇ ਰਹਿੰਦੇ ਹਨ ਜਿਸ ਨਾਲ ਉੱਥੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ| ਇਸ ਕਾਰਨ ਇੱਥੇ ਵੱਡੀ ਗਿਣਤੀ ਵਿੱਚ ਕੋਰੋਨਾ ਧਮਾਕਾ ਹੋਣ ਦਾ ਡਰ ਬਣਿਆ ਹੋਇਆ ਹੈ| 
ਸ਼ਹਿਰ ਵਿੱਚ ਦਿਨੋਂ-ਦਿਨ ਲਗਾਤਾਰ ਵੱਧਦੇ ਕੋਰੋਨਾ ਪੀੜਿਤ ਮਰੀਜਾਂ ਦੀ ਗਿਣਤੀ ਨੂੰ ਦੇਖਦਿਆਂ ਇਹ ਸਥਿਤੀ ਜਿਆਦਾ ਡਰਾਵਣੀ ਲੱਗਦੀ ਹੈ| ਇਸਦੇ ਨਾਲ ਨਾਲ ਇੱਥੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਅਤੇ ਲੋਕ ਘੰਟਿਆਂ ਬੱਧੀ ਇਸ ਤਪਦੀ ਧੁੱਪ ਵਿੱਚ ਖੜਨ ਲਈ ਮਜਬੂਰ ਹਨ| ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇੱਥੇ ਲੋਕਾਂ ਦੀ ਸੁਵਿਧਾ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਜੇਕਰ ਦਫਤਰ ਵਿੱਚ ਦਾਖਲਾ ਬੰਦ ਰੱਖਣਾ ਹੈ ਤਾਂ ਕਾਊਂਟਰਾਂ ਦੀ ਗਿਣਤੀ ਵਧਾਈ ਜਾਵੇ ਅਤੇ ਇਹਨਾਂ ਦੇ ਬਾਹਰ ਸਮਾਜਿਕ ਦੂਰੀ ਦੀ ਪਾਲਣਾ ਯਕੀਨੀ ਕਰਨ ਲਈ ਸੁਰਖਿਆ ਕਰਮਚਾਰੀ ਤੈਨਾਤ ਕੀਤੇ ਜਾਣ|  

Leave a Reply

Your email address will not be published. Required fields are marked *