ਪਾਵਰਕਾਮ ਸੀ. ਐਚ. ਬੀ. ਕਾਮਿਆਂ ਵਲੋਂ ਕਿਰਤ ਕਮਿਸ਼ਨਰ ਪੰਜਾਬ ਦੇ ਦਫਤਰ ਦੇ ਬਾਹਰ ਪਰਿਵਾਰਾਂ ਸਮੇਤ ਧਰਨਾ

ਪਾਵਰਕਾਮ ਸੀ. ਐਚ. ਬੀ. ਕਾਮਿਆਂ ਵਲੋਂ ਕਿਰਤ ਕਮਿਸ਼ਨਰ ਪੰਜਾਬ ਦੇ ਦਫਤਰ ਦੇ ਬਾਹਰ ਪਰਿਵਾਰਾਂ ਸਮੇਤ ਧਰਨਾ
ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ, ਛਾਂਟੀ ਦੀ ਨੀਤੀ ਪੱਕੇ ਤੌਰ ਤੇ ਰੱਦ ਕਰਨ, ਕੱਢੇ ਕਾਮੇ ਬਹਾਲ ਕਰਨ, ਹਾਦਸਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀ ਦਾ ਪ੍ਰਬੰਧ ਕਰਨ ਦੀ ਮੰਗ
ਐਸ.ਏ.ਐਸ.ਨਗਰ, 18 ਅਗਸਤ (ਜਸਵਿੰਦਰ ਸਿੰਘ)  ਪਾਵਰਕਾਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪਾਵਰਕਾਮ ਸੀ. ਐਚ. ਬੀ. ਠੇਕਾ ਕਾਮਿਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਜਿਨ੍ਹਾਂ ਵਿੱਚ ਕੱਢੇ ਕਾਮਿਆਂ ਨੂੰ ਬਹਾਲ ਕਰਨ, ਛਾਂਟੀ ਦੀ ਨੀਤੀ ਪੱਕੇ ਤੌਰ ਤੇ ਰੱਦ ਕਰਨ, ਕਰੰਟ ਦੌਰਾਨ ਮੌਤ ਦੇ ਮੂੰਹ ਪਏ ਅਤੇ ਨਕਾਰਾ ਹੋਏ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਅਤੇ 50 ਲੱਖ ਬੀਮੇ ਦੇ ਘੇਰੇ ਵਿੱਚ ਲਿਆਉਣ, ਕਿਰਤ ਮੰਤਰੀ ਦੀ ਮੌਜੂਦਗੀ ਵਿੱਚ ਮੰਗਾਂ ਨੂੰ ਲੈ ਕੇ ਹੋਏ ਫੈਸਲੇ ਸਹੀ ਕਰਕੇ ਲਾਗੂ ਕਰਨ ਦੀ  ਮੰਗ ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦੇ ਹੱਲ ਬਾਰੇ ਕਿਰਤ ਕਮਿਸ਼ਨਰ ਪੰਜਾਬ ਮੁਹਾਲੀ ਦਫਤਰ ਅੱਗੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਧਰਨਾ ਦਿੱਤਾ ਗਿਆ ਅਤੇ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ| ਇਸ ਧਰਨੇ ਵਿੱਚ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਅੰਗਹੀਣ ਹੋਏ ਕਰਮਚਾਰੀ ਵੀ ਸ਼ਾਮਿਲ ਹੋਏ| 
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਜਨਰਲ ਸਕੱਤਰ ਵਰਿੰਦਰ ਸਿੰਘ, ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ, ਜਿਲ੍ਹਾ ਰੋਪੜ ਦੇ ਪ੍ਰਧਾਨ ਜੋਗਿੰਦਰ ਸਿੰਘ, ਸਰਕਲ ਪ੍ਰਧਾਨ ਚੌਧਰ ਸਿੰਘ, ਚਮਕੌਰ ਸਿੰਘ, ਪਰਮਿੰਦਰ ਸਿੰਘ ਅਤੇ ਹਰਮੀਤ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੀ ਆੜ ਵਿੱਚ 600 ਦੇ ਲੱਗਭੱਗ ਠੇਕਾ ਕਾਮਿਆਂ ਨੂੰ ਛਾਟੀਂ ਦੇ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਪਾਵਰਕਾਮ ਮੈਨੇਜਮੈਂਟ, ਕਿਰਤ ਵਿਭਾਗ ਅਤੇ ਪੰਜਾਬ ਸਰਕਾਰ ਲਗਾਤਾਰ ਮੰਗਾਂ ਤੋਂ ਪਾਸਾ ਵਟਦੀ ਆ ਰਹੀ ਹੈ| 
ਬੁਲਾਰਿਆਂ ਨੇ ਕਿਹਾ ਕਿ ਡਿਊਟੀ ਦੌਰਾਨ ਕੰਮ ਕਰਦੇ ਸੈਂਕੜੇ ਕਾਮੇ ਅਪੰਗ ਹੋ ਗਏ ਅਤੇ ਵੱਡੀ ਗਿਣਤੀ ਕਾਮੇ ਮੌਤ ਦੇ ਮੂੰਹ ਜਾ ਪਏ ਪਰੰਤੂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਾ ਤਾਂ ਕੋਈ ਮੁਆਵਜ਼ਾ ਦਿੱਤਾ ਗਿਆ ਅਤੇ ਨਾ ਹੀ ਕੋਈ ਨੌਕਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ| ਸੀ.ਐਚ.ਬੀ. ਠੇਕਾ ਕਾਮਿਆਂ ਨੂੰ ਸਮੇਂ ਸਿਰ ਤਨਖਾਹ ਦੀ ਅਦਾਇਗੀ ਵੀ ਨਹੀਂ ਕੀਤੀ ਜਾਂਦੀ ਜਦੋਂ ਠੇਕਾ ਕਾਮੇ ਤਨਖਾਹ ਪ੍ਰਤੀ ਅਤੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਲੜਦੇ ਹਨ ਤਾਂ ਉਨ੍ਹਾਂ ਤੇ ਝੂਠੇ ਪੁਲੀਸ ਕੇਸ ਦਰਜ ਕੀਤੇ ਜਾਂਦੇ ਹਨ| 
ਉਹਨਾਂ ਕਿਹਾ ਕਿ ਬੀਤੀ 17 ਮਾਰਚ ਦੇ ਫੈਸਲੇ ਅਨੁਸਾਰ  ਕਿਰਤ ਮੰਤਰੀ, ਕਿਰਤ ਵਿਭਾਗ ਅਤੇ ਪਾਵਰਕਾਮ ਮੈਨੇਜਮੈਂਟ ਅਧਿਕਾਰੀਆਂ ਵਲੋਂ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਲੈ ਕੇ ਹੋਏ ਫੈਸਲੇ ਲਾਗੂ ਕਰਵਾਉਣ ਲਈ ਅਤੇ ਰਹਿੰਦੀਆਂ ਮੰਗਾਂ ਨੂੰ ਕਿਰਤ ਮੰਤਰੀ ਦੇ ਹੋਏ ਜਥੇਬੰਦੀ ਨਾਲ ਫੈਸਲੇ ਦੀ ਕਾਪੀ ਵਿੱਚ ਦਰਜ ਕਰਵਾਉਣ ਲਈ ਲਗਾਤਾਰ ਸੰਘਰਸ਼ ਵਿੱਢਿਆ ਜਾ ਰਿਹਾ ਹੈ| 
ਇਸ ਮੌਕੇ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਡਟਵੀਂ ਹਮਾਇਤ ਕੀਤੀ ਗਈ| ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ, ਟੈਕਨੀਕਲ ਸਰਵਿਸ ਯੂਨੀਅਨ, ਪੰਜਾਬ  ਰੋਡਵੇਜ਼ ਪਨਬੱਸ ਕੰਟਰੈਕਟ ਵਰਕਰ ਯੂਨੀਅਨ, ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ (ਰਜਿ. 31) ਅਤੇ ਪੰਜਾਬ ਸੀਵਰੇਜ ਬੋਰਡ ਕੰਟਰੈਕਟ ਇੰਪਲਾਈਜ਼ ਯੂਨੀਅਨ ਵਲੋਂ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਹਰ ਪੱਖੋਂ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ|

Leave a Reply

Your email address will not be published. Required fields are marked *