ਪਾਵਰਕਾਮ ਸੀ.ਐਚ.ਬੀ. ਠੇਕਾ ਕਾਮਿਆਂ ਦਾ ਦਿਨ ਰਾਤ ਦਾ ਧਰਨਾ ਦੂਜੇ ਦਿਨ ਵੀ ਜਾਰੀ ਕਿਰਤ ਕਮਿਸ਼ਨਰ ਪੰਜਾਬ ਦੇ ਦਫਤਰ ਦਾ ਕੀਤਾ ਘਿਰਾਓ ਸੜਕਾਂ ਨੂੰ ਪਾਇਆ ਘੇਰਾ


ਐਸ ਏ ਐਸ ਨਗਰ, 6 ਅਕਤੂਬਰ  (ਸ.ਬ.) ਪਾਵਰਕਾਮ ਐਂਡ ਟਰਾਂਸਕੋ                ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਕਿਰਤ ਕਮਿਸ਼ਨਰ ਦੇ ਦਫਤਰ ਦੇ ਬਾਹਰ ਦਿੱਤਾ ਜਾ ਰਿਹਾ ਦਿਨ ਰਾਤ ਦਾ ਧਰਨਾ ਅੱਜ ਵੀ ਜਾਰੀ ਰਿਹਾ ਅਤੇ ਕਾਮਿਆਂ ਵਲੋਂ ਕਿਰਤ ਕਮਿਸ਼ਨਰ ਪੰਜਾਬ ਦੇ ਦਫਤਰ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਤਕੜੀ ਨਾਹਰੇਬਾਜੀ ਕੀਤੀ ਗਈ| ਅੱਜ ਦੇ ਧਰਨੇ ਵਿੱਚ  ਠੇਕਾ ਕਾਮਿਆਂ ਦੇ ਕਰੰਟ ਦੌਰਾਨ ਅਪੰਗ ਹੋਏ ਕਾਮਿਆਂ ਅਤੇ ਮੌਤ ਦੇ ਮੂੰਹ ਪਏ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਹ ਲੱਖ ਰੁਪਏ ਬੀਮਾ ਅਤੇ ਸਰਕਾਰੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ, ਤਨਖਾਹ ਵਿੱਚ ਕਟੋਤੀ ਦੇ ਫੈਸਲੇ ਵਾਪਿਸ ਲਏ ਜਾਣ, ਮੰਨੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ|
ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਜੁਆਇੰਟ ਸਕੱਤਰ ਅਜੇ ਕੁਮਾਰ,  ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਚੌਧਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਸੀ ਐਚ ਬੀ ਠੇਕਾ ਕਾਮਿਆਂ ਵਲੋਂ ਛਾਂਟੀ ਦੀ ਨੀਤੀ ਰੱਦ ਕਰਵਾਉਣ, ਕੱਢੇ ਕਾਮੇ ਬਹਾਲ ਕਰਨ, ਹਾਦਸਾ ਪੀੜਤ ਪਰਿਵਾਰਾਂ ਲਈ ਮੁਆਵਜ਼ਾ ਅਤੇ ਨੌਕਰੀ ਦਾ ਪ੍ਰਬੰਧ ਕਰਨ, ਤਨਖਾਹ ਕਟੌਤੀ ਵਾਪਿਸ ਕਰਵਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਹੋਈਆਂ ਮੀਟਿੰਗਾਂ ਵਿੱਚ ਫੈਸਲੇ ਲਾਗੂ ਕਰਵਾਉਣ ਲਈ ਪਰਿਵਾਰਾਂ ਸਮੇਤ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ| 
ਉਹਨਾਂ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਕਿਰਤ ਮੰਤਰੀ ਨਾਲ ਹੋਏ ਫੈਸਲੇ ਲਾਗੂ ਨਹੀਂ ਕਰ ਰਹੀ ਬਲਕਿ ਸੀ ਐਚ ਬੀ ਠੇਕਾ ਕਾਮਿਆਂ ਦੀ ਛਾਂਟੀ ਕਰਕੇ ਘਰਾਂ ਨੂੰ ਤੋਰਿਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ, ਪਾਵਰਕਾਮ ਦੇ ਚੇਅਰਮੈਨ ਵੇਨੂੰ ਪ੍ਰਸਾਦ ਅਤੇ ਹੋਰਾਂ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਛਾਂਟੀ ਦੀ ਨੀਤੀ ਰੱਦ ਕਰਨ, ਕੱਢੇ ਕਾਮੇ ਬਹਾਲ ਕਰਨ, ਹਾਦਸਾ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ, ਤਨਖਾਹ ਦਾ ਬਕਾਇਆ, ਏਰੀਅਰ ਜਾਰੀ ਕਰਨ ਅਤੇ ਹੋਰ ਮੰਗਾਂ ਹੱਲ ਕਰਨ ਦੇ ਫੈਸਲੇ ਹੋਏ ਪਰੰਤੂ ਪਾਵਰਕਾਮ ਮੈਨੇਜਮੈਂਟ ਉਹਨਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ| ਉਹਨਾਂ ਕਿਹਾ ਕਿ ਜਦੋਂ ਤੱਕ ਮੰਗਾਂ ਨੂੰ ਪ੍ਰਵਾਨ ਨਹੀਂ ਹੁੰਦੀਆਂ  ਉੱਦੋ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ  ਤੇ ਪਾਵਰਕਾਮ ਮਨੇਜਮੈਂਟ ਖਿਲਾਫ਼  ਸੰਘਰਸ਼ ਜਾਰੀ ਰੱਖਿਆ ਜਾਵੇਗਾ|

Leave a Reply

Your email address will not be published. Required fields are marked *