ਪਾਵਰਕਾਮ ਸੀ ਐਚ ਬੀ ਠੇਕਾ ਕਾਮਿਆਂ ਵੱਲੋਂ ਪਟਿਆਲਾ ਦੇ ਬੱਸ ਅੱਡੇ ਅੱਗੇ ਚੱਕਾ ਜਾਮ


ਪਟਿਆਲਾ, 3 ਨਵੰਬਰ  (ਜਸਵਿੰਦਰ ਸਂੈਡੀ)  ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਬਰਨਾਲਾ, ਸੰਗਰੂਰ, ਪਟਿਆਲਾ, ਖੰਨਾ ਵਲੋਂ  ਪਰਿਵਾਰਾਂ ਅਤੇ ਬੱਚਿਆਂ ਸਮੇਤ ਪੰਜਾਬ ਸਰਕਾਰ ਅਤੇ ਪਾਵਰਕੌਮ ਦੇ ਅੜੀਅਲ ਰਵੱਈਏ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਪਟਿਆਲਾ ਦੇ ਬੱਸ ਅੱਡੇ ਅੱਗੇ ਕੁਝ ਸਮੇਂ ਲਈ ਚੱਕਾ ਜਾਮ ਕੀਤਾ ਗਿਆ| ਇਸ ਦੌਰਾਨ ਆਵਾਜਾਈ ਠੱੱਪ ਹੋਣ ਕਰਕੇ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| 
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ  ਪਾਵਰਕੌਮ ਮੈਨੇਜਮੈਂਟ ਵਲੋਂ ਚਾਰੋਂ ਸਰਕਲਾਂ ਅੰਦਰ ਇੱਕ ਨਵੰਬਰ ਤੋਂ ਵਰਕ ਆਰਡਰ ਜਾਰੀ ਨਹੀਂ ਕੀਤੇ ਗਏ, ਜਿਸ ਕਾਰਨ  ਸੀ ਐਚ ਬੀ ਠੇਕਾ ਕਾਮਿਆਂ ਦੇ ਰੁਜ਼ਗਾਰ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ| ਉਨ੍ਹਾਂ ਕਿਹਾ ਕਿ ਪਾਵਰਕਾਮ ਸੀਐਚ ਵੀ ਠੇਕਾ ਕਾਮਿਆਂ ਕੋਲੋਂ ਅੱਠ ਘੰਟੇ ਦੀ ਬਜਾਏ ਬਾਰਾਂ- ਬਾਰਾਂ ਘੰਟੇ ਕੰਮ ਲਿਆ  ਗਿਆ ਅਤੇ ਕੰਮ ਦੇ ਦੌਰਾਨ ਕਈ ਕਾਮੇ ਮੌਤ ਦੇ ਮੂੰਹ ਵੀ ਜਾ ਪਏ ਤੇ ਕਈ ਕਾਮੇ ਅਪੰਗ ਹੋ ਗਏ ਪਰ ਇਹਨਾਂ ਕਾਮਿਆਂ ਦੇ ਪਰਿਵਾਰਾਂ ਨੂੰ  ਨਾ ਤਾਂ ਕੋਈ ਮੁਆਵਜ਼ਾ ਦਿਤਾ ਗਿਆ ਅਤੇ  ਨਾ ਹੀ ਕੋਈ ਨੌਕਰੀ ਦਾ ਪ੍ਰਬੰਧ ਕੀਤਾ ਗਿਆ ਬਲਕਿ ਹੁਣ ਪੰਜਾਬ ਸਰਕਾਰ  ਅਤੇ ਪਾਵਰਕੌਮ ਦੀ ਮੈਨੇਜਮੈਂਟ ਨੇ ਵਰਕ ਆਰਡਰ ਜਾਰੀ ਨਾ ਕਰ ਸੀ ਐਚ ਬੀ ਠੇਕਾ ਕਾਮਿਆਂ ਦੇ ਰੁਜ਼ਗਾਰ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਹੈ |
ਉਨ੍ਹਾਂ ਮੰਗ ਕੀਤੀ ਕਿ ਸੀ ਐੱਚ ਬੀ ਠੇਕਾ ਕਾਮਿਆਂ ਨੂੰ ਠੇਕੇਦਾਰਾਂ ਦੀ ਅਧੀਨਗੀ ਵਿਚੋਂ ਕਢਕੇ  ਵਿਭਾਗ ਵਿੱਚ ਸਿੱਧਾ ਰੈਗੂਲਰ ਕੀਤਾ ਜਾਵੇ,  ਠੇਕਾ ਕਾਮਿਆਂ ਦੀਆਂ ਛਾਂਟੀਆਂ ਪੱਕੇ ਤੌਰ ਤੇ ਰੱਦ ਕੀਤੀਆਂ ਜਾਣ, ਕੱਢੇ ਕਾਮੇ ਬਹਾਲ ਕੀਤੇ ਜਾਣ, ਸਤੰਬਰ ਮਹੀਨੇ ਦੀਆਂ  ਰੁਕੀਆਂ ਤਨਖ਼ਾਹਾਂ ਤੁਰੰਤ ਜਾਰੀ ਕੀਤੀਆਂ ਜਾਣ, ਕੰਮ  ਦੌਰਾਨ ਘਾਤਕ ਅਤੇ ਗ਼ੈਰ ਘਾਤਕ ਹੋਏ ਹਾਦਸਿਆਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾਵੇ|
ਇਸ ਮੌਕੇ  ਸਰਕਲ ਪ੍ਰਧਾਨ ਚਮਕੌਰ ਸਿੰਘ, ਹਰਮੀਤ ਸਿੰਘ, ਅਵਤਾਰ ਸਿੰਘ,  ਜਗਸੀਰ ਸਿੰਘ, ਟੇਕ ਚੰਦ, ਮਨਮੋਹਨ ਸਿੰਘ, ਜਸਵੀਰ ਸਿੰਘ, ਜਮੀਰ ਖਾਨ, ਇਕਬਾਲ ਸਿੰਘ ਨੇ ਸੰਬੋਧਨ ਕੀਤਾ|

Leave a Reply

Your email address will not be published. Required fields are marked *