ਪਾਵਰਕਾਮ ਸੀ ਠੇਕਾ ਕਾਮਿਆਂ ਨੇ ਕੀਤਾ ਅਰਥੀ ਫੂਕ ਮੁਜਾਹਰਾ ਮੁੱਖ ਮੰਤਰੀ, ਕਿਰਤ ਮੰਤਰੀ ਸਿੱਧੂ ਤੇ ਪਾਵਰਕਾਮ ਮੈਨੇਜਮੈਂਟ ਦਾ ਪੁਤਲਾ ਸਾੜਿਆ


ਪਟਿਆਲਾ, 6 ਜਨਵਰੀ (ਬਿੰਦੂ ਸ਼ਰਮਾ) ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਪਟਿਆਲਾ ਵਲੋਂ ਅੱਜ ਪਾਵਰਕਾਮ ਦੇ ਮੁੱਖ ਦਫਤਰ ਦੇ ਅੱਗੇ ਮੁੱਖ ਮੰਤਰੀ, ਕਿਰਤ ਮੰਤਰੀ ਅਤੇ ਪਾਵਰਕਾਮ ਮੈਨੇਜਮੈਂਟ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਸਰਕਲ ਦੀਆਂ ਸਾਰੀਆਂ ਡਵੀਜ਼ਨਾਂ ਦੇ ਪ੍ਰਧਾਨ, ਸਕੱਤਰ ਅਤੇ ਮੈਂਬਰ ਪਰਿਵਾਰਾਂ ਸਮੇਤ ਸ਼ਾਮਲ ਸਨ।
ਇਸ ਮੌਕੇ ਸਰਕਲ ਪ੍ਰਧਾਨ ਹਰਮੀਤ ਸਿੰਘ, ਟੇਕ ਚੰਦ, ਮਨਮੋਹਨ ਸਿੰਘ ਜਸਵੀਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਸੀ ਠੇਕਾ ਕਾਮਿਆਂ ਨੂੰ ਵਿਭਾਗ ਵਿੱਚ ਲੈ ਕੇ ਰੈਗੂਲਰ ਕਰਨ, ਕੱਢੇ ਕਾਮੇ ਬਹਾਲ ਕਰਨ, ਛਾਂਟੀ ਦੀ ਨੀਤੀ ਪੱਕੇ ਤੌਰ ਤੇ ਰੱਦ ਕਰਨ, ਹਾਦਸਾ ਪੀੜੀਤ ਪਰਿਵਾਰਾਂ ਨੂੰ ਮੁਆਵਜਾ ਨੌਕਰੀ ਦਾ ਪ੍ਰਬੰਧ ਕਰਨ ਅਤੇ ਹੋਰ ਮੰਗਾਂ ਸਬੰਧੀ ਲਗਾਤਾਰ ਪਾਵਰਕੌਮ ਮੈਨੇਜਮੈਂਟ ਅਤੇ ਕਿਰਤ ਵਿਭਾਗ ਉੱਚ ਅਧਿਕਾਰੀਆਂ ਤੇ ਕਿਰਤ ਮੰਤਰੀ ਨਾਲ ਹੋਏ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਾਰਨ ਠੇਕਾ ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਠੇਕਾ ਕਾਮਿਆਂ ਨਾਲ ਵਾਅਦਾ ਕੀਤਾ ਸੀ ਕਿ ਠੇਕਾ ਕਾਮਿਆਂ ਨੂੰ ਵਿਭਾਗ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇਗਾ ਪਰ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਲਗਾਤਾਰ ਭੱਜਦੀ ਆ ਰਹੀ ਹੈ ਜਿਸ ਦੇ ਖਿਲਾਫ ਅੱਜ ਠੇਕਾ ਕਾਮਿਆਂ ਜਥੇਬੰਦੀ ਵਲੋਂ ਪਟਿਆਲਾ ਸਰਕਲ ਵਿਚ ਅਰਥੀ ਫੂਕ ਮੁਜਾਹਰਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੇ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਚੇਅਰਮੈਨ ਵੇਨੂ ਪ੍ਰਸ਼ਾਦ ਅਤੇ ਮੰਤਰੀਆਂ ਤੇ ਅਧਿਕਾਰੀਆਂ ਦੇ ਖਿਲਾਫ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

Leave a Reply

Your email address will not be published. Required fields are marked *