ਪਾਵਰਕੌਮ ਸੀ.ਐਚ.ਬੀ. ਠੇਕਾ ਕਾਮਿਆਂ ਵਲੋਂ ਕੇਂਦਰ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਖਿਲਾਫ ਪਰਿਵਾਰਾਂ ਸਮੇਤ ਧਰਨਾ

ਪਟਿਆਲਾ, 2 ਫਰਵਰੀ (ਬਿੰਦੂ ਸ਼ਰਮਾ) ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਪੰਜਾਬ ਵਲੋਂ ਪਰਿਵਾਰਾਂ ਅਤੇ ਬੱਚਿਆਂ ਸਮੇਤ ਪਟਿਆਲਾ ਪਾਵਰਕੌਮ ਦੇ ਮੁੱਖ ਦਫਤਰ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਗਿਆ। ਧਰਨੇ ਦੀ ਸ਼ੁਰੂਆਤ ਵਿੱਚ ਕਾਮਿਆਂ ਨੇ ਦਿੱਲੀ ਦੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ 2 ਮਿੰਟ ਦਾ ਮੌਨ ਵਰਤ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਕੇਂਦਰ ਸਰਕਾਰ ਤੋਂ ਖੇਤੀ ਆਰਡੀਨੈਂਸ ਬਿੱਲ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਅਤੇ ਬਿਜਲੀ ਬਿੱਲ ਐਕਟ 2020 ਨੂੰ ਰੱਦ ਕਰਨ ਸਮੇਤ ਹੋਰ ਲੋਕਾਂ ਤੇ ਥੋਪੇ ਜਾ ਰਹੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਕਿਹਾ ਕਿ ਨਿੱਜੀਕਰਨ ਦੇ ਹੱਲੇ ਤਹਿਤ ਬਿਜਲੀ ਬੋਰਡ ਨੂੰ ਤੋੜ ਕੇ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ ਅਤੇ ਠੇਕਾ ਪ੍ਰਣਾਲੀ ਦੀ ਸ਼ੁਰੂਆਤ ਕਰਕੇ ਠੇਕਾ ਕਾਮਿਆਂ ਦੀ ਮਿਹਨਤ ਦਾ ਮੁੱਲ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਘਰ-ਘਰ ਰੁਜਗਾਰ ਦੇਣ ਦੇ ਦਾਅਵੇ ਕਰਨ ਵਾਲੀ ਕੈਪਟਨ ਸਰਕਾਰ, ਸੀ.ਐਚ.ਬੀ. ਠੇਕਾ ਕਾਮਿਆਂ ਨੂੰ ਛਾਂਟੀ ਕਰਨ ਦੇ ਰਾਹ ਤੇ ਤੁਰੀ ਹੋਈ ਹੈ।

ਉਹਨਾਂ ਕਿਹਾ ਕਿ ਪਾਵਰਕੌਮ ਮੈਨੇਜਮੈਂਟ, ਪੰਜਾਬ ਸਰਕਾਰ ਅਤੇ ਕਿਰਤ ਵਿਭਾਗ ਮੰਤਰੀ ਨਾਲ ਮੰਗਾਂ ਨੂੰ ਲੈ ਕੇ ਕੱਢੇ ਕਾਮਿਆਂ ਨੂੰ ਬਹਾਲ ਕਰਨ, ਸੀ.ਐਚ.ਬੀ. ਠੇਕਾ ਕਾਮਿਆਂ ਨੂੰ ਵਿਭਾਗ ਵਿੱਚ ਲੈ ਕੇ ਰੈਗੁਲਰ ਕਰਨ, ਛਾਂਟੀ ਕਰਨ ਦੀ ਨੀਤੀ ਪੱਕੇ ਤੌਰ ਤੇ ਰੱਦ ਕਰਨ, ਬਿਜਲੀ ਦਾ ਕੰਮ ਕਰਦਿਆਂ ਡਿਊਟੀ ਦੌਰਾਨ ਘਾਤਕ ਅਤੇ ਗੈਰ ਘਾਤਕ ਹਾਦਸਾ ਪੀੜਿਤ ਕਾਮਿਆਂ ਦੇਪਰਿਵਾਰਾਂ ਨੂੰ ਪੱਕੀ ਨੌਕਰੀ ਅਤੇ 50 ਲੱਖ ਰੁਪਏ ਬੀਮੇ ਦੇ ਘੇਰੇ ਵਿੱਚ ਲਿਆਉਣ, ਹੁਣ ਤੱਕ ਮਿਲ ਰਹੀ ਘੱਟ ਤਨਖਾਹ ਦਾ ਪੁਰਾਣਾ ਬਕਾਇਆ, ਏਰੀਅਲ, ਬੋਨਸ ਅਤੇ ਸਾਲ ਵਿੱਚ ਮਿਲਣ ਵਾਲੀਆਂ ਛੁੱਟੀਆਂ ਲਾਗੂ ਕਰਨ, ਈ.ਪੀ.ਐਫ. ਅਤੇ ਈ.ਐਸ.ਆਈ. ਦੀ ਹੋ ਰਹੀ ਕਟੌਤੀ ਦਾ ਹਿਸਾਬ ਕਿਤਾਬ ਦੇਣ, ਮੋਟਰਸਾਇਕਲ ਦਾ ਤੇਲ ਭੱਤਾ ਦੇਣ, ਹੋਰ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਲੈ ਕੇ ਲਾਗੂ ਕਰਨ ਦਾ ਫੈਸਲਾ ਹੋਇਆ ਸੀ, ਜਿਸਨੂੰ ਪਾਵਰਕੌਮ ਮੈਨੇਜਮੈਂਟ, ਪੰਜਾਬ ਸਰਕਾਰ ਅਤੇ ਕਿਰਤ ਵਿਭਾਗ ਲਾਗੂ ਨਹੀਂ ਕਰ ਰਹੇ ਜਿਸ ਕਾਰਨ ਠੇਕਾ ਕਾਮਿਆਂ ਨੂੰ ਪਰਿਵਾਰਾਂ ਅਤੇ ਬੱਚਿਆਂ ਸਮੇਤ ਧਰਨੇ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਧਰਨੇ ਨੂੰ ਸੂਬਾ ਜਾਇੰਟ ਸਕੱਤਰ ਅਜੇ ਕੁਮਾਰ, ਸੀਨੀਅਰ ਮੀਤ ਪ੍ਰਧਾਨ ਚੌਧਰ ਸਿੰਘ, ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ, ਸਰਕਲ ਆਗੂ ਪਰਮਿੰਦਰ ਸਿੰਘ, ਮਲਕੀਅਤ ਸਿੰਘ, ਚਮਕੌਰ ਸਿੰਘ, ਹਰਮੀਤ ਸਿੰਘ, ਟੇਕ ਚੰਦ ਅਤੇ ਮਨਮੋਹਨ ਸਿੰਘ ਨੇ ਵੀ ਸੰਬੋਧਨ ਕੀਤਾ।

ਇਸ ਧਰਨੇ ਵਿੱਚ ਠੇਕਾ ਮੁਲਾਜਮ ਮੋਰਚਾ ਪੰਜਾਬ ਅਤੇ ਟੈਕਨੀਕਲ ਸਰਵਿਸ ਯੂਨੀਅਨ, ਜਲ ਸਪਲਾਈ ਸੈਨੀਟੇਸ਼ਨ ਕੰਟ੍ਰੈਕਟ ਵਰਕਰ ਯੂਨੀਅਨ, 108 ਐਂਬੂਲੈਂਸ ਇੰਪਲਾਇਜ ਯੂਨੀਅਨ ਪੰਜਾਬ ਸੀਵਰੇਜ ਬੋਰਡ ਕੰਟਰੈਕਟ ਵਰਕਰ ਯੂਨੀਅਨ ਪੰਜਾਬ, ਥਰਮਲ ਪਲਾਂਟ ਕੋਆਰਡੀਨੇਸ਼ਨ ਕਮੇਟੀ ਪੰਜਾਬ, ਠੇਕਾ ਮੁਲਾਜਮ ਸੰਘਰਸ਼ ਕਮੇਟੀ ਪਾਵਰਕੌਮ ਜੋਨ ਬਠਿੰਡਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਡੀ.ਟੀ.ਐਫ. ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਨਿੱਜੀਕਰਨ ਦੇ ਹੱਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਠੇਕਾ ਕਾਮਿਆਂ ਦੀਆਂ ਮੰਗਾਂ ਦਾ ਤੁੰਰਤ ਹੱਲ ਕੀਤਾ ਜਾਵੇ।

Leave a Reply

Your email address will not be published. Required fields are marked *