ਪਿਛਲੀ ਸਰਕਾਰ ਦੀਆਂ ਨਾਕਾਮੀਆਂ ਦਾ ਢੋਲ ਵਜਾਉਣ ਦੀ ਥਾਂ ਕੁੱਝ ਕਰਕੇ ਵਿਖਾਏ ਮੋਦੀ ਸਰਕਾਰ

ਸਵਾ ਤਿੰਨ ਸਾਲ ਪਹਿਲਾਂ ਦੇਸ਼ ਦੀ ਸੱਤਾ ਤੇ ਕਾਬਜ ਹੋਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਤੇ ਨਜਰ ਮਾਰੀਏ ਤਾਂ ਇਸਨੇ ਦੇਸ਼ ਵਾਸੀਆਂ ਨੂੰ ਪੂਰੀ ਤਰ੍ਹਾਂ ਨਿਰਾਸ਼ ਕੀਤਾ ਹੈ| ਜਨਤਾ ਨੂੰ ਭ੍ਰਿਸ਼ਟਾਚਾਰ ਮੁਕਤ, ਸਾਫ ਸੁਥਰਾ, ਪਾਰਦਰਸ਼ੀ ਪ੍ਰਸ਼ਾਸ਼ਨ ਕਰਵਾਉਣ ਅਤੇ ਸੱਤਾ ਤੇ ਕਾਬਜ ਹੁੰਦਿਆਂ ਹੀ ਵਿਦੇਸ਼ਾਂ ਵਿੱਚ ਪਿਆ ਕਾਲਾ ਧਨ ਵਾਪਸ ਲਿਆ ਕੇ ਹਰ ਦੇਸ਼ ਵਾਸੀ ਦੇ ਖਾਤੇ ਵਿੱਚ 15-15 ਲੱਖ ਰੁਪਏ ਜਮਾ ਕਰਵਾਉਣ ਅਤੇ ਮਹਿੰਗਾਈ ਤੇ ਕਾਬੂ ਕਰਨ ਦੇ ਲੰਬੇ ਚੌੜੇ ਦਾਅਵੇ ਕਰਨ ਵਾਲੀ ਮੋਦੀ ਸਰਕਾਰ ਇਹਨਾਂ ਤਮਾਮ ਮੋਰਚਿਆਂ ਤੇ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ|
ਲੋਕਾਂ ਦੀਆਂ ਸਮੱਿਆਵਾਂ ਦੇ ਹਲ ਕਰਨ ਅਤੇ ਉਹਨਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਉਣ ਵਿੱਚ ਸਰਕਾਰ ਦੀ ਇਸ ਨਾਕਾਮੀ ਕਾਰਨ ਜਿੱਥੇ ਆਮ ਜਨਤਾ ਵਿੱਚ ਸਰਕਾਰ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ ਉੱਥੇ ਇਸ ਸਾਰੇ ਕੁੱਝ ਨੂੰ ਲੈ ਕੇ ਆਮ ਜਨਤਾ ਵਿੱਚ ਸਰਕਾਰ ਪ੍ਰਤੀ ਵੱਧਦੀ ਨਾਰਾਜਗੀ ਵੀ ਜਨਤਕ ਹੋਣ ਲੱਗ ਪਈ ਹੈ| ਕੇਂਦਰ ਦੀ ਸੱਤਾ ਦੀ ਅਗਵਾਈ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ ਚੋਣਾਂ ਤੋਂ ਪਹਿਲਾਂ ਜਿਸ ਤਰੀਕੇ ਨਾਲ ਦੇਸ਼ ਦੀ ਜਨਤਾ ਨੂੰ ਚੁਟਕੀ ਵਜਾਉਂਦਿਆਂ ਹੀ ਸਾਰਾ ਕੁੱਝ ਠੀਕ ਹੋ ਜਾਣ ਦੇ ਜਿਹੜੇ ਸੁਫਨੇ ਵਿਖਾਏ ਗਏ ਸੀ ਉਹਨਾਂ ਦਾ ਪੂਰਾ ਹੋਣਾ ਤਾਂ ਦੂਰ ਉਲਟਾ ਹਾਲਾਤ ਪਹਿਲਾਂ ਤੋਂ ਵੀ ਬਦਤਰ ਹੋ ਚੁੱਕੇ ਹਨ ਅਤੇ ਆਮ ਜਨਤਾ ਖੁੱਦ ਨੂੰ ਬੁਰੀ ਤਰ੍ਹਾਂ ਠੱਗਿਆ ਗਿਆ ਮਹਿਸੂਸ ਕਰ ਰਹੀ ਹੈ|
ਸਰਕਾਰ ਦੇ ਸਵਾ ਤਿੰਨ ਸਾਲਾਂ ਦੇ ਇਸ ਕਾਰਜਕਾਲ ਦੌਰਾਨ ਜਿੱਥੇ ਮਹਿੰਗਾਈ ਸਾਰੀਆਂ ਪੁਰਾਣੀਆਂ ਹੱਦਾਂ ਪਾਰ ਕਰ ਗਈ ਹੈ ਉੱਥੇ ਇਸ ਦੌਰਾਨ ਖੁਦ ਮੋਦੀ ਸਰਕਾਰ ਦੇ ਮੰਤਰੀਆਂ ਦੇ ਨਾਲ ਨਾਲ ਭਾਜਪਾ ਅਗਵਾਈ ਵਾਲੀਆਂ ਵੱਖ ਵੱਖ ਸੂਬਾ ਸਰਕਾਰਾਂ ਦੇ ਮੁੱਖ ਮੰਤਰੀਆਂ ਅਤੇ ਹੋਰਨਾਂ ਰਾਜਨੇਤਾਵਾਂ ਵਲੋਂ ਕੀਤੇ ਜਾਂਦੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵੀ ਸਮੇਂ ਸਮੇਂ ਤੇ ਸਾਮ੍ਹਣੇ ਆਉਂਦੇ ਰਹੇ ਹਨ ਪਰੰਤੂ ਸੱਤਾਧਾਰੀ ਧਿਰ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨ ਅਤੇ ਦੇਸ਼ ਵਾਸੀਆਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਪਿਛਲੀ ਸਰਕਾਰ ਦੀਆਂ ਨਕਾਮੀਆਂ ਦਾ ਢੋਲ ਵਜਾ ਕੇ ਆਪਣਾ ਸਮਾਂ ਲੰਘਾਉਂਦੀ ਰਹੀ ਹੈ| ਜਦੋਂ ਵੀ ਸਰਕਾਰ ਦੇ ਮੰਤਰੀਆਂ ਜਾਂ ਸੱਤਾਧਾਰੀ ਧਿਰ ਨਾਲ ਸੰਬੰਧਿਤ ਰਾਜਨੇਤਾਵਾਂ ਤੋਂ ਇਹਨਾਂ ਮੁੱਦਿਆਂ ਬਾਰੇ ਕੋਈ ਸਵਾਲ ਪੁੱਛਿਆ ਜਾਂਦਾ ਹੈ ਤਾਂ ਇਸਦੇ ਜਵਾਬ ਵਿੱਚ ਉਹਨਾਂ ਵੱਲੋਂ ਇਸ ਸਾਰੇ ਕੁੱਝ ਲਈ ਪਿਛਲੀਆਂ ਕਾਂਗਰਸ ਸਰਕਾਰਾਂ ਨੂੰ ਜਿੰਮੇਵਾਰ ਠਹਿਰਾ ਕੇ ਖੁਦ ਨੂੰ ਪਾਕ ਸਾਫ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ| ਸੱਤਾਧਾਰੀ ਧਿਰ ਦੇ ਆਗੂ ਇਹਨਾਂ ਮਸਲਿਆਂ ਦੇ ਹਲ ਲਈ ਕੀਤੀ ਜਾਣ ਵਾਲੀ ਕਾਰਵਾਈ ਦੀ ਗੱਲ ਇਸੇ ਰੌਲੇ ਰੱਪੇ ਵਿੱਚ ਮੁਕਾ ਕੇ ਤੁਰਦੇ ਬਣਦੇ ਹਨ ਅਤੇ ਜਨਤਾ ਚੁੱਪ ਚਾਪ ਉਹਨਾਂ ਦਾ ਮੂੰਹ ਵੇਖਦੀ ਰਹਿ ਜਾਂਦੀ ਹੈ|
ਪਿਛਲੇ ਸਵਾ ਤਿੰਨ ਸਾਲਾਂ ਤੋਂ ਦੇਸ਼ ਦੀ ਸੱਤਾ ਦਾ ਸੁਖ ਮਾਣ ਰਹੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਐਨ ਡੀ ਏ ਗਠਜੋੜ ਦੇ ਆਗੂਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜਿਸ ਜਨਤਾ ਨੇ ਉਹਨਾਂ ਦੀਆਂ ਗੱਲਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਦੇਸ਼ ਦਾ ਰਾਜ ਭਾਗ ਸੰਭਾਲਿਆ ਹੈ ਉਹੀ ਜਨਤਾ ਉਹਨਾਂ ਦੀ ਵਾਇਦਾ ਖਿਲਾਫੀ ਕਾਰਨ ਰੋਸ ਵਿੱਚ ਆ ਕੇ ਉਹਨਾਂ ਨੂੰ ਸੱਤਾ ਤੋਂ ਲਾਂਭੇ ਵੀ ਕਰ ਸਕਦੀ ਹੈ| ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਸਾਥੀਆਂ ਵਲੋਂ ਦੇਸ਼ ਦੀ ਜਨਤਾ ਨੂੰ ਜਿਹੜੇ ਚੰਗੇ ਦਿਨਾਂ ਦਾ ਸੁਫਨਾ ਵਿਖਾ ਕੇ ਦੇਸ਼ ਦੀ ਸੱਤਾ ਹਾਸਿਲ ਕੀਤੀ ਗਈ ਸੀ ਉਹ ਸੁਫਨੇ ਹੁਣ ਹਵਾ ਹੋ ਚੁੱਕੇ ਹਨ ਅਤੇ ਜਨਤਾ ਰੋਸ ਵਿੱਚ ਆ ਕੇ ਪੁੱਛ ਰਹੀ ਹੈ ਕਿ ਚੰਗੇ ਦਿਨ ਕਦੋਂ ਅਤੇ ਕਿਵੇਂ ਆਉਣਗੇ|
ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਡੇਢ ਸਾਲ ਬਾਅਦ ਉਸਨੇ ਵੋਟਾਂ ਮੰਗਣ ਉਸੇ ਜਨਤਾ ਦੇ ਦਰਵਾਜੇ ਤੇ ਜਾਣਾ ਹੈ| ਸੱਤਾਧਾਰੀਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਨਤਾ ਨੇ ਪਿਛਲੀ ਸਰਕਾਰ ਦੀ ਮਾੜੀ ਕਾਰਗੁਜਾਰੀ ਤੋਂ ਤੰਗ ਆ ਕੇ ਹੀ ਭਾਜਪਾ ਅਤੇ ਉਸਦੇ ਸਹਿਯੋਗੀਆਂ ਨੂੰ ਦੇਸ਼ ਦੀ ਸੱਤਾ ਸੰਭਾਲੀ ਸੀ ਅਤੇ ਹੁਣ ਜਦੋਂ ਸਰਕਾਰ ਦਾ ਦੋ ਤਿਹਾਈ ਕਾਰਜਕਾਲ ਲੰਘ ਚੁੱਕਿਆ ਹੈ, ਫੋਕੀਆਂ ਗੱਲਾਂ ਅਤੇ ਸੁਫਨਿਆਂ ਨਾਲ ਕੁੱਝ ਨਹੀ ਹੋਣਾ| ਜਾਹਿਰ ਹੈ ਕਿ ਜੇਕਰ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਸਰਕਾਰ ਜਨਤਾ ਦੀਆਂ ਆਸਾਂ ਤੇ ਖਰੀ ਉਤਰਨ ਦੀ ਸਮਰਥ ਨਾ ਹੋਈ ਤਾਂ ਉਹਨਾਂ ਦਾ ਵੀ ਉਹੀ ਹਸ਼ਰ ਹੋਣਾ ਹੈ ਜਿਹੜਾ ਪਿਛਲੀ ਸਰਕਾਰ ਦਾ ਹੋਇਆ ਸੀ|

Leave a Reply

Your email address will not be published. Required fields are marked *