ਪਿਛਲੇ ਇੱਕ ਸਾਲ ਤੋਂ ਕਾਂਗਰਸ ਪਾਰਟੀ ਦਾ ਜੱਥੇਬੰਧਕ ਢਾਂਚਾ ਮੌਜੂਦ ਨਾ ਹੋਣ ਕਾਰਨ ਪਾਰਟੀ ਕਾਡਰ ਦੀ ਵੱਧ ਰਹੀ ਹੈ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰੀ

ਪਿਛਲੇ ਇੱਕ ਸਾਲ ਤੋਂ ਕਾਂਗਰਸ ਪਾਰਟੀ ਦਾ ਜੱਥੇਬੰਧਕ ਢਾਂਚਾ ਮੌਜੂਦ ਨਾ ਹੋਣ ਕਾਰਨ ਪਾਰਟੀ ਕਾਡਰ ਦੀ ਵੱਧ ਰਹੀ ਹੈ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰੀ
ਹਲਕਾ ਇੰਚਾਰਜਾਂ ਦੇ ਹੱਥ ਕਮਾਨ ਹੋਣ ਕਾਰਨ ਇੱਕ ਪਾਸੇ ਹੋ ਗਏ ਹਨ ਪੁਰਾਣੇ ਵਰਕਰ

ਐਸ.ਏ.ਐਸ.ਨਗਰ, 1 ਜੁਲਾਈ (ਭੁਪਿੰਦਰ ਸਿੰਘ) ਪਿਛਲੇ ਇੱਕ ਸਾਲ ਤੋਂ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਦੀਆਂ ਸਾਰੀਆਂ ਜੱਥੇਬੰਧਕ ਇਕਾਈਆਂ ਭੰਗ ਹੋਣ ਕਾਰਨ ਸੂਬੇ ਵਿੱਚ ਪਾਰਟੀ ਦੇ ਪੂਰੇ ਕੰਮ ਕਾਜ ਦਾ ਕੇਂਦਰੀਕਰਨ ਹੋ ਗਿਆ ਹੈ ਅਤੇ ਪਾਰਟੀ ਦੀਆਂ ਸਰਗਰਮੀਆਂ ਪਾਰਟੀ ਵਲੋਂ ਥਾਪੇ ਗਏ ਹਲਕਾ ਇੰਚਾਰਜਾਂ (ਪਿਛਲੀ ਵਾਰ ਚੁਣੇ ਗਏ ਵਿਧਾਇਕਾਂ ਜਾਂ ਪਾਰਟੀ ਟਿਕਟ ਤੇ ਚੋਣ ਲੜਣ ਵਾਲੇ ਉਮੀਦਵਾਰਾਂ) ਤਕ ਸੀਮਿਤ ਹੋ ਕੇ ਰਹਿ ਗਈਆਂ ਹਨ| ਪਾਰਟੀ ਸਰਗਰਮੀਆਂ ਤੇ ਇਹਨਾਂ ਆਗੂਆਂ ਦੀ ਕਮਾਨ ਕਾਇਮ ਹੋ ਜਾਣ ਕਾਰਨ ਪਾਰਟੀ ਦਾ ਕਾਡਰ ਖੁਦ ਨੂੰਇੱਕ ਪਾਸੇ ਕਰ ਦਿੱਤਾ ਗਿਆ ਮਹਿਸੂਸ ਕਰ ਰਿਹਾ ਹੈ ਅਤੇ ਇਸਦਾ ਅਸਰ ਪਾਰਟੀ ਦੀ ਕਾਰਗੁਜਾਰੀ ਤੇ ਵੀ ਪੈ ਰਿਹਾ ਹੈ| 
ਪਿਛਲੇ ਸਾਲ ਹੋਈਆਂ ਲੋਕਸਭਾ ਚੋਣਾਂ ਵਿੱਚ ਹਾਰ ਦੀ ਜਿੰਮੇਵਾਰੀ ਕਬੂਲ ਕਰਦਿਆਂ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ ਪਾਰਟੀ ਹਾਈਕਮਾਨ ਵਲੋਂ ਉਹਨਾਂ ਦੇ ਅਸਤੀਫੇ ਨੂੰ ਮੰਜੂਰੀ ਦੇ ਦਿੱਤੀ ਗਈ ਸੀ| ਸ੍ਰੀ ਜਾਖੜ ਵਲੋਂ ਦਿੱਤੇ ਗਏ ਇਸ ਅਸਤੀਫੇ ਦੇ ਨਾਲ ਹੀ ਸੂਬੇ ਦੀਆ ਸਾਰੀਆਂ ਜਿਲ੍ਹਾ ਅਤੇ ਬਲਾਕ ਇਕਾਈਆਂ ਵੀ ਭੰਗ ਹੋ ਗਈਆ ਸਨ ਅਤੇ ਪਾਰਟੀ ਦਾ ਜੱਥੇਬੰਧਕ ਢਾਚਾਂ ਵੀ ਪੂਰੀ ਤਰ੍ਹਾਂ ਭੰਗ ਹੋ ਗਿਆ ਸੀ| ਬਾਅਦ ਵਿੱਚ ਪਾਰਟੀ ਵਲੋਂ ਉਹਨਾਂ ਨੂੰ ਅਗਲੇ ਪ੍ਰਧਾਨ ਦੇ ਨਾਮ ਦਾ ਐਲਾਨ ਹੋਣ ਤੱਕ ਕੰਮ ਕਰਦੇ ਰਹਿਣ ਲਈ ਕਹਿ ਦਿੱਤਾ ਗਿਆ ਸੀ ਅਤੇ ਉਹ ਹੁਣੇ ਵੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵਜੋਂ ਜਿੰਮੇਵਾਰੀ ਨਿਭਾ ਰਹੇ ਹਨ| 
ਅਜਿਹਾ ਹੋਣ ਕਰਨ ਪਾਰਟੀ ਦੀ ਅਗਵਾਈ ਸਿੱਧੇ ਤੌਰ ਤੇ ਪਾਰਟੀ ਦੇ ਹਲਕਾ ਇੰਚਾਰਜਾ ਦੇ ਅਧੀਨ  ਚਲੀ ਗਈ ਸੀ ਅਤੇ ਇਸ ਨਾਲ ਇਹਨਾਂ ਹਲਕਾ ਇੰਚਾਰਜਾਂ ਨਾਲ ਅੰਤਰ ਵਿਰੋਧ ਰੱਖਣ ਵਾਲੇ ਪਾਰਟੀ ਆਗੂ ਅਤੇ ਵਰਕਰ ਪਾਰਟੀ ਦੀਆਂ ਸਰਗਰਮੀਆਂ ਤੋਂ ਕਾਫੀ ਹੱਦ ਤਕ ਪਾਸੇ ਹੋ ਗਏ| ਇਹਨਾਂ ਹਲਕਾ ਇੰਚਾਰਜਾਂ ਨਾਲ  ਅੰਤਰਵਿਰੋਧ ਹੋਣ ਅਤੇ ਤਾਲਮੇਲ ਨਾ ਹੋਣ ਕਾਰਨ ਉਹ ਪਾਰਟੀ ਵਲੋਂ ਉਲੀਕੇ ਜਾਂਦੇ ਪ੍ਰੋਗਰਾਮਾਂ ਤੋਂ ਵੀ ਕਾਫੀ ਹੱਦ ਤੱਕ ਲਾਂਭੇ ਹੋ ਗਏ ਹਨ| 
ਪੰਜਾਬ ਦੀਆਂ ਵੱਡੀ ਗਿਣਤੀ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਇਸ ਵੇਲੇ ਭੰਗ ਹਨ ਅਤੇ ਇਹਨਾਂ ਦੀਆਂ ਚੋਣਾਂ ਸਿਰ ਤੇ ਹਨ| ਕੋਰੋਨਾ ਦੀ ਮਹਾਮਾਰੀ ਕਾਰਨ ਇਹਨਾਂ ਦੀਆਂ ਚੋਣਾ ਟਾਲ ਦਿੱਤੀਆਂ ਗਈਆਂ ਹਨ ਅਤੇ ਜਦੋਂ ਵੀ ਹਾਲਾਤ ਆਮ ਹੋਣਗੇ ਤਾਂ ਇਹ ਚੋਣਾਂ ਕਰਵਾਈਆਂ ਜਾਣੀਆਂ ਤੈਅ ਹਨ ਅਤੇ ਅਜਿਹੇ ਸਮੇਂ ਵਿੱਚ ਪਾਰਟੀ ਦਾ ਜਥੇਬੰਧਕ ਢਾਂਚਾ ਮੌਜੂਦ ਨਾ ਹੋਣ ਕਾਰਨ ਚੋਣਾਂ ਸੰਬੰਧੀ ਫੈਸਲੇ ਵੀ ਹਲਕਾ ਇੰਚਾਰਜਾਂ ਵਲੋਂ ਹੀ ਲਏ ਜਾਣੇ ਹਨ ਅਤੇ ਉਹਨਾਂ ਵਲੋਂ ਆਪਣੇ ਵਿਰੋਧੀਆਂ ਨੂੰ ਪੂਰੀ ਤਰ੍ਹਾਂ ਕੱਟਿਆ ਜਾਣਾਂ ਹੈ ਜਿਸਦਾ ਜਾਹਿਰ ਤੌਰ ਤੇ ਪਾਰਟੀ ਨੂੰ ਨੁਕਸਾਨ ਹੋਣਾ ਹੈ| 
ਪਾਰਟੀ ਦਾ ਜੱਥੇਬੰਧਕ ਢਾਂਚਾ ਨਾ ਹੋਣ ਕਾਰਨ ਕਾਂਗਰਸ ਦੇ ਉਹ ਆਗੂ ਵੀ ਅਸੰਤੁਸ਼ਟ ਦਿਖਦੇ ਹਨ ਜਿਹਨਾਂ ਨੂੰ ਕੋਈ ਵੀ ਸਰਕਾਰੀ ਅਹੁਦਾ ਹਾਸਿਲ ਨਹੀਂ ਹੋ ਸਕਦਾ ਅਤੇ ਉਹਨਾਂ ਨੂੰ ਪਾਰਟੀ ਦੇ ਜੱਥੇਬੰਧਕ ਢਾਂਚੇ ਵਿੱਚ ਅਹੁਦੇਦਾਰੀਆਂ ਦੇ ਕੇ ਸੰਤੁਸ਼ਟ ਕੀਤਾ ਜਾਂਦਾ ਹੈ ਅਤੇ ਅਜਿਹੇ ਤਮਾਮ ਵਰਕਰ ਅਤੇ ਆਗੂ ਵੀ ਇਸ ਇੰਤਜਾਰ ਵਿੱਚ ਹਨ ਕਿ ਕਦੋਂ ਜੱਥੇਬੰਧਕ ਢਾਂਚਾ ਕਾਇਮ ਹੋਵੇ ਅਤੇ ਉਹ ਵੀ ਕੋਈ ਅਹੁੰਦਾ ਹਾਸਿਲ ਕਰ ਸਕਣ|
ਮੌਜੂਦਾ ਹਾਲਾਤ ਇਹ ਹਨ ਕਿ ਪਾਰਟੀ ਦਾ ਪੂਰਾ ਕੇਡਰ ਹਲਕਾ ਇੰਚਾਰਜਾਂ ਤੇ ਹੀ ਨਿਰਭਰ ਹੋ ਕੇ ਰਹਿ ਗਿਆ ਹੈ ਅਤੇ ਪਾਰਟੀ ਦੇ ਜਿਹੜੇ ਆਗੂ ਅਤੇ ਵਰਕਰ ਹਲਕਾ ਇੰਚਾਰਜਾਂ ਤੋਂ ਦੂਰੀ ਬਣਾ ਕੇ ਚਲਦੇ ਸਨ ਉਹ ਪੂਰੀ ਤਰ੍ਹਾਂ ਪਾਸੇ ਕਰ ਦਿੱਤੇ ਗਏ ਹਨ| ਅਜਿਹਾ ਹੋਣ ਕਾਰਨ ਹਲਕਾ ਇੰਚਾਰਜਾਂ ਦੇ ਕਰੀਬੀ ਲੋਕ ਹੀ ਹਰ ਪਾਸੇ ਅੱਗੇ ਨਜਰ ਆ ਰਹੇ ਹਨ ਅਤੇ ਪਾਰਟੀ ਕੇਡਰ ਦੀ ਨਿਰਾਸ਼ਾ ਲਗਾਤਾਰ ਵੱਧ ਰਹੀ ਹੈ| ਜਾਹਿਰ ਹੈ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਆਉਣ ਵਾਲੀਆਂ ਮਿਉਂਸਪਲ ਚੋਣਾਂ ਦੌਰਾਨ ਪਾਰਟੀ ਨੂੰ ਇਸਦਾ ਨੁਕਸਾਨ ਵੀ ਸਹਿਣਾ ਪੈ ਸਕਦਾ ਹੈ|

Leave a Reply

Your email address will not be published. Required fields are marked *