ਪਿਛਲੇ ਦੋ ਮਹੀਨਿਆਂ ਤੋਂ ਠੱਪ ਹੈ ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਕੰਮ? ਕੁਲਜੀਤ ਬੇਦੀ ਨੇ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਦੇ ਕੇ ਕੰਮ ਸ਼ੁਰੂ ਕਰਵਾਉਣ ਦੀ ਮੰਗ ਕੀਤੀ, ਕਮਿਸ਼ਨਰ ਨੇ ਕਿਹਾ ਪਿਛਲੇ ਠੇਕੇਦਾਰ ਨੂੰ ਐਕਸਟੈਂਸ਼ਨ ਦੇ ਕੇ ਕਰਵਾਇਆ ਜਾ ਰਿਹਾ ਹੈ ਕੁੱਤਿਆਂ ਦੀ ਨਸਬੰਦੀ ਦਾ ਕੰਮ

ਐਸ ਏ ਐਸ ਨਗਰ, 22 ਫਰਵਰੀ (ਸ.ਬ.)  ਸਥਾਨਕ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹਲ ਲਈ ਕੀਤੀ ਜਾਂਦੀ ਕੁੱਤਿਆਂ ਦੀ ਨਸਬੰਦੀ ਦੀ ਕਾਰਵਾਈ ਪਿਛਲੇ ਦੋ ਮਹੀਨਿਆਂ ਤੋਂ ਠੱਪ ਪਈ ਹੈ ਅਤੇ ਇਸਦੇ ਹਾਲ ਫਿਲਹਾਲ ਵਿੱਚ ਮੁੜ ਆਰੰਭ ਹੋਣ ਦੀ ਕੋਈ ਸੰਭਾਵਨਾ ਨਜਰ ਨਹੀਂ ਆ ਰਹੀ ਹੈ ਅਤੇ ਇਸ ਦੌਰਾਨ ਜਿੱਥੇ ਆਵਾਰਾ ਕੁੱਤਿਆਂ ਵਲੋਂ ਲੋਕਾਂ ਨੂੰ ਵੱਢਣ ਦੇ ਮਾਮਲੇ ਵੰਧ ਰਹੇ ਹਲ ਉੱਥੇ ਆਵਾਰਾ ਕੁੱਤਿਆਂ ਦੀ ਦਹਿਸ਼ਤ ਵੀ ਵੱਧਦੀ ਜਾ ਰਹੀ ਹੈ|
ਇੱਥੇ ਇਹ ਜਿਕਰਯੋਗ ਹੈ ਕਿ ਮਾਣਯੋਗ ਅਦਾਲਤ ਵਲੋਂ ਆਵਾਰਾ ਕੁੱਤਿਆਂ ਨੂੰ ਮਾਰਨ ਤੇ ਪਾਬੰਦੀ ਲਗਾਏ ਜਾਣ ਕਾਰਨ ਨਗਰ ਨਿਗਮ ਵਲੋਂ ਆਵਾਰਾ ਕੁੱਤਿਆਂ ਦੀ ਇਸ ਸਮੱਸਿਆ ਦੇ ਹਲ ਲਈ ਕੁੱਤਿਆਂ ਦੀ ਨਸਬੰਦੀ ਕੀਤੀ ਜਾਂਦੀ ਹੈ ਜਿਸ ਦੌਰਾਨ ਨਗਰ ਨਿਗਮ ਦੇ ਸਟਾਫ ਵਲੋਂ ਆਵਾਰਾ ਕੁੱਤਿਆਂ ਨੂੰ ਫੜ ਕੇ ਉਹਨਾਂ ਦਾ ਨਸਬੰਦੀ ਦਾ ਆਪਰੇਸ਼ਨ ਕੀਤਾ ਜਾਂਦਾ ਹੈ| ਇਸ ਸੰਬੰਧੀ ਪ੍ਰਤੀ ਆਪਰੇਸ਼ਨ (ਦਵਾਈਆਂ ਅਤੇ ਖਰਚੇ) 1500 ਰੁਪਏ ਦੇ ਕਰੀਬ ਖਰਚਾ ਆਉਂਦਾ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਮਹੀਨੇ ਪਹਿਲਾਂ ਹੋਈ ਨਗਰ ਨਿਗਮ ਦੀ ਮੀਟਿੰਗ ਵਿੱਚ ਨਗਰ ਨਿਗਮ ਵਲੋਂ ਕੁੱਤਿਆਂ ਦੀ ਨਸਬੰਦੀ ਦੇ ਕੰਮ ਲਈ 5 ਲੱਖ ਰੁਪਏ ਖਰਚ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ ਜਿਸਨੂੰ ਸਥਾਨਕ ਸਰਕਾਰ ਵਿਭਾਗ ਦੀ ਮੰਜੂਰੀ ਲਈ ਅੱਗੇ ਭੇਜਿਆ ਗਿਆ ਸੀ ਪਰੰਤੂ ਸਥਾਨਕ ਸਰਕਾਰ ਵਿਭਾਗ ਵਲੋਂ ਇਸ ਮਤੇ ਤੇ ਇਹ ਇਤਰਾਜ ਲਗਾ ਦਿੱਤਾ ਗਿਆ ਕਿ ਕੁੱਤਿਆਂ ਦੀ ਨਸਬੰਦੀ ਤੇ ਕੀਤੇ ਜਾਣ ਵਾਲੇ ਖਰਚ (ਪ੍ਰਤੀ             ਆਪਰੇਸ਼ਨ) ਨੂੰ ਪਹਿਲਾਂ ਐਨੀਮਲ ਹਸਬੈਂਡਰੀ ਵਿਭਾਗ ਤੋਂ ਪਾਸ ਕਰਵਾਇਆ ਜਾਵੇ| ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਇਸ ਸੰਬੰਧੀ ਐਨੀਮਲ ਹਸਬੈਂਡਰੀ ਵਿਭਾਗ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਇਹ ਖਰਚਾ ਪਾਸ ਕਰਨ ਦੀ ਥਾਂ ਉਲਟਾ ਇਹ ਲਿਖ ਦਿੱਤਾ ਕਿ ਪਹਿਲਾਂ ਇਹ ਦੱਸਿਆ ਜਾਵੇ ਕਿ ਪੰਜਾਬ ਦੇ ਬਾਕੀ ਨਿਗਮਾਂ ਵਲੋਂ ਇਸ ਕੰਮ ਤੇ ਕਿੰਨਾ ਖਰਚਾ ਕੀਤਾ ਜਾਂਦਾ ਹੈ|
ਕੁੱਤਿਆਂ ਦੀ ਨਸਬੰਦੀ ਲਈ ਕੀਤੇ ਜਾਣ ਵਾਲੇ ਖਰਚੇ ਦੀ ਕਾਰਵਾਈ ਦੇ ਇਸ ਤਰੀਕੇ ਨਾਲ ਵਿਭਾਗੀ ਇਤਰਾਜਾਂ ਵਿੱਚ ਉਲਝ ਜਾਣ ਕਾਰਨ ਨਗਰ ਨਿਗਮ ਵਲੋਂ ਇਸ ਸੰਬਧੀ ਕੀਤਾ ਜਾਣ ਵਾਲਾ ਟੈਂਡਰ ਜਾਰੀ ਹੀ ਨਹੀਂ ਹੋ ਪਾਇਆ ਅਤੇ ਪਿਛਲਾ ਟੈਂਡਰ ਵੀ ਦਸੰਬਰ 2016 ਵਿੱਚ ਖਤਮ ਹੋ ਜਾਣ ਕਾਰਨ ਇਹ ਕੰਮ ਜਨਵਰੀ ਮਹੀਨੇ ਤੋਂ ਹੀ ਰੁਕਿਆ ਹੋਇਆ ਹੈ ਅਤੇ ਇਸਦੇ ਹਾਲ ਫਿਲਹਾਲ ਵਿੱਚ ਚਾਲੂ ਹੋਣ ਦੀ ਵੀ ਕੋਈ ਸੰਭਾਵਨਾ ਨਹੀਂ ਦਿਖ ਰਹੀ ਹੈ|
ਇਸ ਸੰਬੰਧੀ ਨਗਰ ਨਿਗਮ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਇਸ ਮਾਮਲੇ ਵਿੱਚ ਵਰਤੀ ਗਈ ਢਿੱਲ ਕਾਰਨ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਵੱਧ ਰਹੀ ਹੈ ਅਤੇ ਇਸਦੇ ਨਾਲ ਹੀ ਆਮ ਲੋਕਾਂ ਨੂੰ ਕੁੱਤਿਆਂ ਵਲੋਂ ਵੱਢਣ ਦੇ ਮਾਮਲੇ ਵੀ ਵੱਧ ਰਹੇ ਹਨ| ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਕਾਰਪੋਰੇਸ਼ਨ ਦੇ ਸੈਨੇਟਰੀ ਵਿੰਗ ਵੱਲੋਂ 1154 ਕੁੱਤਿਆਂ ਦੀ ਨਸਬੰਦੀ ਕੀਤੀ ਗਈ ਸੀ ਜਦਕਿ ਇਸ ਸਾਲ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਸਬੰਧੀ ਟੈੱਡਰ ਹੀ ਜਾਰੀ ਨਹੀਂ ਹੋ ਸਕਿਆ| ਉਹਨਾਂ ਇਸ ਸੰਬੰਧੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਦਿਨੋ ਦਿਨ ਵਧ ਰਹੀ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਤੁਰੰਤ ਠੋਸ ਕਦਮ ਚੁਕੇ ਜਾਣ ਦੀ ਮੰਗ ਕੀਤੀ ਹੈ|
ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਸਥਾਨਕ ਸਰਕਾਰ ਵਿਭਾਗ ਵਲੋਂ ਮਤੇ ਤੇ ਇਤਰਾਜ ਕਾਰਨ ਨਵੇਂ ਟੈਂਡਰ ਜਾਰੀ ਨਹੀਂ ਹੋਏ ਪਰੰਤੂ ਨਿਗਮ ਵਲੋਂ ਪਿਛਲੇ ਠੇਕੇਦਾਰ ਨੂੰ ਐਕਸਟੈਂਸ਼ਨ ਦੇ ਕੇ ਆਰਜੀ ਤੌਰ ਤੇ ਇਹ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ 100 ਦੇ ਕਰੀਬ ਕੁੱਤਿਆਂ ਦੀ ਨਸਬੰਦੀ ਵੀ ਹੋਈ ਹੈ| ਉਹਨਾਂ ਕਿਹਾ ਕਿ ਇਸ ਸੰਬੰਧੀ ਨਗਰ ਨਿਗਮ ਦੀ ਮੀਟਿੰਗ ਵਿੱਚ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਨਵੇਂ ਸਿਰੇ ਤੋਂ ਟੈਂਡਰ ਲਗਾ ਕੇ ਇਸ ਕੰਮ ਨੂੰ ਪੂਰੀ ਰਫਤਾਰ ਨਾਲ ਕਰਵਾਇਆ ਜਾਵੇਗਾ|

 

Leave a Reply

Your email address will not be published. Required fields are marked *