ਪਿੰਡਾਂ ਵਾਲਿਆ ਵਲੋਂ ਸ਼ਹਿਰ ਵਿੱਚ ਚਰਾਏ ਜਾਂਦੇ ਪਸ਼ੂਆਂ ਦੀ ਸਮੱਸਿਆ ਦੇ ਕਾਰਗਰ ਹਲ ਲਈ ਕਾਰਵਾਈ ਹੋਵੇ

ਸਾਡੇ ਸ਼ਹਿਰ ਦੀ ਉਸਾਰੀ ਦੇ ਮੁੱਢਲੇ ਪੜਾਅ ਤੋਂ ਹੀ ਇੱਥੇਆਵਾਰਾ ਪਸ਼ੂਆਂ ਦੀ ਸਮੱਸਿਆ ਚਲਦੀ ਆ ਰਹੀ ਹੈ ਅਤੇ ਇਸ ਵਿੱਚ ਸਾਲ ਦਰ ਸਾਲ ਵਾਧਾ ਹੁੰਦਾ ਰਿਹਾ ਹੈ| ਸ਼ਹਿਰ ਦੀ ਉਸਾਰੀ ਦੇ ਸ਼ੁਰੂਆਤੀ ਸਾਲਾਂ ਵਿੱਚ ਜਦੋਂ ਸ਼ਹਿਰ ਵਿੱਚ ਹਰ ਪਾਸੇ ਖੁਲੀ ਥਾਂ ਦੀ ਭਰਮਾਰ ਹੁੰਦੀ ਸੀ, ਨਾਲ ਲੱਗਦੇ ਪਿੰਡਾਂ ਵਾਲੇ ਆਪਣੇ ਪਸ਼ੂਆਂ ਨੂੰ ਇੱਥੇ ਚਰਾਉਣ ਲਈ ਲੈ ਕੇ ਆਉਂਦੇ ਸਨ| ਬਾਅਦ ਵਿੱਚ ਜਦੋਂ ਸ਼ਹਿਰ ਦੀ ਆਬਾਦੀ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ ਅਤੇ ਇਹਨਾਂ ਪਸ਼ੂਆਂ ਵਲੋਂ ਲੋਕਾਂ ਦੀਆਂ ਬਗੀਚੀਆਂ ਤਬਾਹ ਕਰਨ ਦੀਆਂ ਸ਼ਿਕਾਇਤਾਂ ਵਧਣ ਲੱਗੀਆਂ ਤਾਂ ਇਹਨਾਂ ਪਸ਼ੂ ਮਾਲਕਾਂ ਵਲੋਂ ਪ੍ਰਸ਼ਾਸ਼ਨ ਦੇ ਆਵਾਰਾ ਪਸ਼ੂ ਫੜਣ ਵਾਲੇ ਅਮਲੇ ਨਾਲ ਗੰਢ ਤੁੱਪ ਕਰਕੇ ਇੱਥੇ ਆਪਣੇ ਪਸ਼ੂ ਚਰਾਉਣੇ ਸ਼ੁਰੂ ਕਰ ਦਿੱਤੇ ਗਏ| ਸ਼ਹਿਰ ਦੀਆਂ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਫਿਰਦੇ ਇਹ ਪਸ਼ੂ ਥਾਂ ਥਾਂ ਤੇ ਗੰਦਗੀ ਤਾਂ ਫੈਲਾਉਂਦੇ ਹੀ ਹਨ ਬਲਕਿ ਮੁੱਖ ਸੜਕਾਂ ਤੇ ਘੁੰਮਦੇ ਇਹਨਾਂ ਪਸ਼ੂਆਂ ਕਾਰਣ ਅਕਸਰ ਸੜਕ ਹਾਦਸੇ ਵੀ ਵਾਪਰਦੇ ਹਨ| ਸ਼ਹਿਰ ਦੀਆਂ ਗਲੀਆਂ ਵਿੱਚ ਵੀ ਇਹ ਪਸ਼ੂ ਆਮ ਨਜਰ ਆ ਜਾਂਦੇ ਹਨ ਜਿਹੜੇ ਕਈ ਵਾਰ ਰਾਹ ਜਾਂਦੇ ਬਜੁਰਗਾਂ, ਬੱਚਿਆਂ ਅਤੇ ਮਹਿਲਾਵਾਂ ਦੇ ਮਗਰ ਵੀ ਪੈ ਜਾਂਦੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਣਾ ਪੈਂਦਾ ਹੈ|
ਆਵਾਰਾ ਪਸ਼ੂਆਂ ਦੀ ਇਸ ਸਮੱਸਿਆ ਦੇ ਹਲ ਲਈ ਨਿਗਮ ਵਲੋਂ ਅਜਿਹੇ ਆਵਾਰਾ ਪਸ਼ੂਆਂ ਨੂੰ ਫੜ ਕੇ ਰੱਖਣ ਲਈ ਬਾਕਾਇਦਾ ਗਊਸ਼ਾਲਾ ਦੀ ਉਸਾਰੀ ਵੀ ਕਰਵਾਈ ਗਈ ਹੈ ਪਰੰਤੂ ਇਸਦੇ ਬਾਵਜੂਦ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ| ਪਿਛਲੇ ਸਮੇਂ ਦੌਰਾਨ ਜਦੋਂ ਨਗਰ ਨਿਗਮ ਵਲੋਂ ਇਸ ਸੰਬੰਧੀ ਸਖਤੀ ਕਰਦਿਆਂ ਇਹਨਾਂ ਪਸ਼ੂਆਂ ਨੂੰ ਫੜਣਾ ਸ਼ੁਰੂ ਕੀਤਾ ਗਿਆ ਤਾਂ ਇਹਨਾਂ ਪਸ਼ੂ ਮਾਲਕਾਂ ਵਲੋਂ ਨਿਗਮ ਦੇ ਕਰਮਚਾਰੀਆਂ ਤੇ ਹਮਲਾ ਕਰਕੇ ਆਪਣੇ ਪਸ਼ੂ ਜਬਰੀ ਛੁੜਾਉਣ ਦੀਆਂ ਘਟਨਾਵਾਂ ਵੀ ਵਾਪਰੀਆਂ| ਇਸ ਸੰਬੰਧੀ ਨਗਰ ਨਿਗਮ ਵਲੋਂ ਸੰਬੰਧਿਤ ਪਸ਼ੂ ਮਾਲਕਾਂ ਦੇ ਖਿਲਾਫ ਬਾਕਾਇਦਾ ਅਪਰਾਧਿਕ ਮਾਮਲੇ ਦਰਜ ਕਰਵਾਏ ਜਾਣ ਦੇ ਬਾਵਜੂਦ ਇਹਨਾਂ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਨਹੀਂ ਹੋਈ ਅਤੇ ਇਹ ਕੰਮ ਇਸ ਤਰ੍ਹਾਂ ਚਲ ਰਿਹਾ ਹੈ|
ਇਸ ਸੰਬੰਧੀ ਨਗਰ ਨਿਗਮ ਦੇ ਕਮਿਸ਼ਨਰ ਵਲੋਂ ਸਖਤ ਰੁੱਖ ਅਖਤਿਆਰ ਕਰਦਿਆਂ ਨਿਗਮ ਦੀ ਹੱਦ ਵਿੱਚ ਆਉਂਦੇ ਪਿੰਡਾਂ ਮੁਹਾਲੀ, ਮਦਨਪੁਰ, ਸ਼ਾਹੀਮਾਜਰਾ, ਕੁੰਭੜਾ, ਮਟੌਰ ਅਤੇ ਸੋਹਾਣਾ ਵਿੱਚ ਆਪਣੇ ਘਰਾਂ ਵਿੱਚ ਮੱਝਾਂ ਗਾਵਾਂ ਪਾਲਣ ਵਾਲੇ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਨੂੰ ਇਹ ਪਸ਼ੂ ਨਿਗਮ ਦੀ ਹੱਦ ਤੋਂ ਬਾਹਰ ਲਿਜਾਣ ਸੰਬੰਧੀ ਨੋਟਿਸ ਜਾਰੀ ਕੀਤੇ ਗਏ ਸੀ ਪਰੰਤੂ ਪਿੰਡਾਂ ਵਾਲਿਆਂ ਵਲੋਂ ਇਹਨਾਂ ਨੋਟਿਸਾਂ ਦੀ ਕੋਈ ਪਰਵਾਹ ਨਹੀਂ ਕੀਤੀ ਗਈ| ਨਿਗਮ ਦੀ ਸ਼ਿਕਾਇਤ ਤੇ ਹੁਣ ਪੁਲੀਸ ਵਲੋਂ ਇਹਨਾਂ ਪਸ਼ੂ ਪਾਲਕਾਂ ਦੇ ਖਿਲਾਫ ਧਾਰਾ 188 ਤਹਿਤ ਮਾਮਲੇ ਬਣਾਏ ਜਾਣ ਤੋਂ ਬਾਅਦ ਇਸ ਮੁੱਦੇ ਤੇ ਰਾਜਨੀਤੀ ਸ਼ੁਰੂ ਹੋ ਗਈ ਹੈ ਅਤੇ ਪਿੰਡਾਂ ਦੇ ਵਸਨੀਕ ਇਸ ਸੰਬੰਧੀ ਆਪਣੇ ਪਸ਼ੂ ਲੈ ਕੇ ਨਿਗਮ ਦੇ ਦਫਤਰ ਦੇ ਬਾਹਰ ਧਰਨਾ ਦੇਣ ਦਾ ਪ੍ਰੋਗਰਾਮ ਉਲੀਕ ਰਹੇ ਹਨ|
ਇਸ ਮੁੱਦੇ ਤੇ ਨਿਗਮ ਅਤੇ ਪਿੰਡਾਂ ਦੇ ਵਸਨੀਕਾਂ ਵਿਚਕਾਰ ਟਕਰਾਓ ਹੋਣ ਦੀ ਸੰਭਾਵਨਾ ਕਾਰਨ ਇਹ ਮਾਮਲਾ ਸੰਵੇਦਨਸ਼ੀਲ ਬਣ ਗਿਆ ਹੈ| ਇਸਦੇ ਹਲ ਲਈ ਜਰੂਰੀ ਹੈ ਕਿ ਨਿਗਮ ਵਲੋਂ ਪਸ਼ੂ ਪਾਲਕਾਂ ਦੇ ਖਿਲਾਫ ਕੀਤੀ ਜਾਣਾ ਵਾਲੀ ਕਾਰਵਾਈ ਨੂੰ ਉਹਨਾਂ ਲੋਕਾਂ ਤਕ ਸੀਮਿਤ ਕੀਤਾ ਜਾਵੇ ਜਿਹੜੇ ਆਪਣੇ ਪਸ਼ੂਆਂ ਨੂੰ ਸ਼ਹਿਰ ਵਿੱਚ ਚਰਾਉਣ ਲਈ ਲਿਆਉਂਦੇ ਹਨ| ਪਿੰਡਾਂ ਦੇ ਵਸਨੀਕਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਉਹਨਾਂ ਵਲੋਂ ਸ਼ਹਿਰੀ ਖੇਤਰ ਵਿੱਚ ਆਪਣੇ ਪਸ਼ੂ ਚਰਾਉਣ ਦੀ ਇਹ ਕਾਰਵਾਈ ਸ਼ਹਿਰ ਵਾਸੀਆਂ ਲਈ ਭਾਰੀ ਪਰੇਸ਼ਾਨੀ ਦਾ ਕਾਰਨ ਤਾਂ ਬਣਦੀ ਹੀ ਹੈ ਇਸਦੇ ਨਾਲ ਨਾਲ ਇਹਨਾਂ ਪਸ਼ੂਆਂ ਕਾਰਨ ਵਾਪਰਨ ਵਾਲੇ ਹਾਦਸੇ ਸ਼ਹਿਰੀਆਂ ਦੀ ਮੌਤ ਦਾ ਕਾਰਨ ਵੀ ਬਣਦੇ ਹਨ|
ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਪਿੰਡਾਂ ਦੇ ਪਸ਼ੂ ਪਾਲਕਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵਿਚਕਾਰ ਵੱਧ ਰਹੇ ਰੇੜਕੇ ਨੂੰ ਹਲ ਕਰਵਾ ਕੇ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਸਾਰਥਕ ਹਲ ਕੱਢਣ| ਇਸ ਮੁੱਦੇ ਤੇ ਭਖਣ ਵਾਲੀ ਰਾਜਨੀਤੀ ਸ਼ਹਿਰ ਦਾ ਮਾਹੌਲ ਵੀ ਖਰਾਬ ਕਰ ਸਕਦੀ ਹੈ ਇਸ ਲਈ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|

Leave a Reply

Your email address will not be published. Required fields are marked *