ਪਿੰਡਾਂ ਵਿੱਚ ਆਮ ਲੋਕਾਂ ਨੂੰ ਕਾਮਨ ਸਰਵਿਸ ਸੈਂਟਰਾਂ ਰਾਹੀਂ ਦਿੱਤੀਆਂ ਜਾਣਗੀਆਂ ਨਾਗਰਿਕ ਸੇਵਾਵਾਂ : ਡੀ.ਸੀ.

ਐਸ.ਏ.ਐਸ ਨਗਰ, 27 ਅਪ੍ਰੈਲ (ਸ.ਬ.) ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਅਤੇ ਲੋਕਾਂ ਨੂੰ ਵੱਖ ਵੱਖ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਪਹਿਲਾਂ 203 ਪੰਚਾਇਤਾਂ ਲਈ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਖੋਲ੍ਹੇ ਗਏ ਸਨ ਤੇ ਹੁਣ ਰਹਿੰਦੀਆਂ 201 ਪੰਚਾਇਤਾਂ ਲਈ ਵੀ ਨੌਜਵਾਨ ਉੱਦਮੀਆਂ ਨੂੰ ਸੀ.ਐਸ.ਸੀ. ਅਲਾਟ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ 100 ਉੱਦਮੀਆਂ ਦੀ ਟ੍ਰੇਨਿੰਗ ਪੂਰੀ ਹੋ ਗਈ ਹੈ ਤੇ 101 ਦੀ ਟ੍ਰੇਨਿੰਗ ਜਾਰੀ ਹੈ| ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੱਲਬਾਤ ਦੌਰਾਨ ਦਿੱਤੀ|
ਉਨ੍ਹਾਂ ਦੱਸਿਆ ਕਿ ਜਿਲ੍ਹੇ ਦੀਆਂ ਪੰਚਾਇਤਾਂ ਦੇ ਨਾਲ-ਨਾਲ ਸੈਕਟਰ 82 ਸਥਿਤ ਆਟੋਮੈਟਿਡ ਡਰਾਈਵਿੰਗ ਟੈਸਟ ਸੈਂਟਰ, ਐਸ.ਡੀ.ਐਮ ਦਫ਼ਤਰਾਂ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੇਵਾ ਕੇਂਦਰ ਵਿਖੇ ਵੀ ਕਾਮਨ ਸਰਵਿਸ ਸੈਂਟਰ ਖੋਲ੍ਹੇ ਜਾਣਗੇ| ਇਨ੍ਹਾਂ ਸੈਂਟਰਾਂ ਵਿੱਚ ਆਧਾਰ ਕਾਰਡ ਪਰਿੰਟਿੰਗ, ਬਿਜਲੀ ਦੇ ਬਿੱਲ ਭਰਨ, ਮੋਬਾਈਲ ਫੋਨ ਬਿਲ ਭਰਨ, ਹਵਾਈ ਜਹਾਜ਼, ਰੇਲ ਅਤੇ ਬੱਸਾਂ ਦੀਆਂ ਟਿਕਟਾਂ ਬੁੱਕ ਕਰਵਾਉਣ, ਪੈਨ ਕਾਰਡ ਬਣਵਾਉਣ, ਬੀਮਾ, ਪਾਸਪੋਰਟ ਅਤੇ ਪੈਨਸ਼ਨਾਂ ਸਬੰਧੀ ਸੇਵਾਵਾਂ ਸਮੇਤ ਹੋਰ ਵੀ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ|
ਉਹਨਾਂ ਕਿਹਾ ਕਿ ਸੀ.ਐਸ.ਸੀ. ਜ਼ਰੀਏ ਨੌਜਵਾਨ ਉੱਦਮੀਆਂ ਨੂੰ ਰੁਜ਼ਗਾਰ ਮਿਲੇਗਾ ਤੇ ਨਾਲ ਹੀ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਲਈ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ| ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਸੈਕਟਰ-82 ਸਥਿਤ ਆਟੋਮੈਟਿਡ ਡਰਾਈਵਿੰਗ ਟੈਸਟ ਸੈਂਟਰ ਦੇ ਬਾਹਰ ਲੋਕ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਸਬੰਧੀ ਫਾਰਮ ਆਨ ਲਾਇਨ ਕਰਨ ਲਈ ਖੱਜਲ ਖ਼ੁਆਰ ਹੋ ਰਹੇ ਸਨ| ਇਸ ਦੇ ਮੱਦੇਨਜ਼ਰ ਤਰਜੀਹੀ ਤੌਰ ਤੇ ਛੇਤੀ ਹੀ ਆਟੋਮੈਟਿਡ ਸੈਂਟਰ ਵਿਖੇ ਸੀ.ਐਸ.ਸੀ. ਖੋਲ੍ਹਿਆ ਜਾ ਰਿਹਾ ਹੈ, ਜਿਸ ਨਾਲ ਉਥੇ ਟਰਾਂਸਪੋਰਟ ਦੇ ਕੰਮਾਂ ਲਈ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਤਾਂ ਹੱਲ ਹੋਣਗੀਆਂ ਹੀ ਸਗੋਂ ਲੋਕ ਸੀ.ਐਸ.ਸੀ. ਦੀਆਂ ਹੋਰਨਾਂ ਸੇਵਾਵਾਂ ਦਾ ਵੀ ਲਾਭ ਲੈ ਸਕਣ|
ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਪਿੰਡ ਪੱਧਰ ਤੇ ਵਿਲੇਜ਼ ਲੈਵਲ ਐਂਟਰਪ੍ਰੀਨਿਉਰ (ਵੀ.ਐਲ.ਈ.) ਬਣ ਕੇ ਸੀ.ਐਸ.ਸੀ. ਹਾਸਲ ਕਰ ਸਕਦੇ ਹਨ ਤੇ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਕਮਾ ਸਕਦੇ ਹਨ| ਕੋਈ ਵੀ ਪੜ੍ਹਿਆ ਲਿਖਿਆ ਵਿਅਕਤੀ ਜਿਸ ਨੂੰ ਕੰਪਿਊਟਰ ਦਾ ਗਿਆਨ ਹੋਵੇ ਤੇ ਉਸ ਕੋਲ ਆਧਾਰ ਨੰਬਰ, ਪੈਨ ਨੰਬਰ ਅਤੇ ਬੈਂਕ ਖਾਤਾ ਹੋਵੇ, ਕਾਮਨ ਸਰਵਿਸ ਸੈਂਟਰ ਵੀ.ਐਲ.ਈ. ਬਣ ਸਕਦਾ ਹੈ| ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਪੰਚਾਇਤਾਂ ਸੀ.ਐਸ.ਸੀ. ਦੇ ਘੇਰੇ ਵਿੱਚ ਆ ਗਈਆਂ ਹਨ ਤੇ ਟਰੇਨਿੰਗ ਅਧੀਨ 101 ਵੀ.ਐਲ.ਈਜ਼ ਦੀ ਟਰੇਨਿੰਗ ਪੂਰੀ ਹੋਣ ਨਾਲ ਜ਼ਿਲ੍ਹੇ ਦੀਆਂ ਸਾਰੀਆਂ 404 ਪੰਚਾਇਤਾਂ ਵਿੱਚ ਸੀ.ਐਸ.ਸੀ. ਦੀ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ|

Leave a Reply

Your email address will not be published. Required fields are marked *