ਪਿੰਡਾਂ ਵਿੱਚ ਨਕਸ਼ਾ ਪਾਸ ਕੀਤੇ ਬਿਨਾਂ ਹੋਈਆਂ ਉਸਾਰੀਆਂ ਢਾਹੇ ਜਾਣ ਦੀ ਕਾਰਵਾਈ ਟਲਣ ਦੇ ਆਸਾਰ

ਪਿੰਡਾਂ ਵਿੱਚ ਨਕਸ਼ਾ ਪਾਸ ਕੀਤੇ ਬਿਨਾਂ ਹੋਈਆਂ ਉਸਾਰੀਆਂ ਢਾਹੇ ਜਾਣ ਦੀ ਕਾਰਵਾਈ ਟਲਣ ਦੇ ਆਸਾਰ
ਨਗਰ ਨਿਗਮ ਦੇ ਕਮਿਸ਼ਨਰ ਨੇ ਕੀਤੀ ਨਿਗਮ ਅਧੀਨ ਆਉਂਦੇ ਪਿੰਡਾਂ ਦੇ ਕੌਂਸਲਰਾਂ ਨਾਲ ਮੀਟਿੰਗ
ਐਸ ਏ ਐਸ ਨਗਰ, 6 ਅਪ੍ਰੈਲ (ਸ.ਬ.) ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਨਕਸ਼ਾ ਪਾਸ ਕੀਤੇ ਬਿਨਾਂ ਕੀਤੀਆਂ ਗਈਆਂ (70 ਦੇ ਕਰੀਬ) ਉਸਾਰੀਆਂ ਨੂੰ ਢਾਹੇ ਜਾਣ ਦੀ ਨਗਰ ਨਿਗਮ ਦੀ 9 ਅਪ੍ਰੈਲ ਤੋਂ ਆਰੰਭ ਹੋਣ ਵਾਲੀ ਪ੍ਰਸਤਾਵਿਤ ਕਾਰਵਾਈ ਟਲਦੀ ਦਿਖ ਰਹੀ ਹੈ| ਇਸ ਸੰਬੰਧੀ ਅੱਜ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਵਲੋਂ ਇਹਨਾਂ ਪਿੰਡਾਂ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਕੌਂਸਲਰਾਂ ਨੂੰ ਨਿਗਮ ਵਲੋਂ ਪਿੰਡਾਂ ਵਾਸਤੇ ਬਣਾਏ ਜਾ ਰਹੇ ਬਾਈ ਲਾਜ (ਜਿਹੜੇ ਸਰਕਾਰ ਨੂੰ ਪ੍ਰਵਾਨਗੀ ਲਈ ਭੇਜੇ ਗਏ ਹਨ) ਦੀ ਕਾਪੀ ਦੇ ਕੇ ਇਸ ਸੰਬੰਧੀ ਆਪਣੇ ਵਿਚਾਰ ਦੇਣ ਲਈ ਕਿਹਾ| ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਕੌਂਸਲਰਾਂ ਵਲੋਂ 9 ਅਪ੍ਰੈਲ ਦੀ ਪ੍ਰਸਤਾਵਿਤ ਕਾਰਵਾਈ ਤੇ ਰੋਕ ਲਗਾਉਣ ਸੰਬੰਧੀ ਕੀਤੀ ਗਈ ਮੰਗ ਤੇ ਕਮਿਸ਼ਨਰ ਵਲੋਂ ਹਾਂ ਪੱਖੀ ਰਵਈਆ ਅਖਤਿਆਰ ਕਰਦਿਆਂ ਕੌਂਸਲਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਇਸ ਸੰਬੰਧੀ ਕੋਈ ਵੀ ਫੈਸਲਾ ਮੈਂਬਰਾਂ ਨੂੰ ਭਰੋਸੇ ਵਿੱਚ ਲੈ ਕੇ ਕੀਤਾ ਜਾਵੇਗਾ|
ਇਸ ਬਾਰੇ ਜਾਣਕਾਰੀ ਕੌਂਸਲਰ ਸ੍ਰ. ਪਰਵਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਬੀਤੇ ਦਿਨੀਂ ਉਹਨਾਂ ਨੇ ਕੌਂਸਲਰ ਸ੍ਰੀ ਅਸ਼ੋਕ ਝਾਅ ਦੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ ਅਤੇ ਪਿੰਡਾਂ ਵਿੱਚ ਨਕਸ਼ਾ ਪਾਸ ਕਰਵਾਏ ਬਿਨਾਂ ਹੋਈਆਂ ਉਸਾਰੀਆਂ ਢਾਹੇ ਜਾਣ ਦੀ ਪ੍ਰਸਤਾਵਿਤ ਕਾਰਵਾਈ ਤੇ ਰੋਕ ਲਗਾਉਣ ਮੰਗ ਕੀਤੀ ਸੀ ਜਿਸਤੇ ਕਮਿਸ਼ਨਰ ਨੇ ਕਿਹਾ ਸੀ ਕਿ ਉਹ ਇਸ ਸੰਬੰਧੀ ਪਿੰਡਾਂ ਦੇ ਸਮੂਹ ਕੌਂਸਲਰਾਂ ਦੀ ਮੀਟਿੰਗ ਬੁਲਾਉਣਗੇ ਅਤੇ ਅੱਜ ਦੀ ਮੀਟਿੰਗ ਇਸੇ ਸੰਬੰਧੀ ਵਿੱਚ ਹੋਈ ਸੀ| ਉਹਨਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸਮੂਹ ਕੌਂਸਲਰਾਂ ਨੇ ਮੰਗ ਕੀਤੀ ਕਿ ਇਹ ਉਸਾਰੀਆਂ ਨਾ ਢਾਹੀਆਂ ਜਾਣ ਅਤੇ ਪਿੰਡਾਂ ਦੇ ਵੱਖਰੇ ਬਾਈ ਲਾਜ ਬਣਾ ਕੇ ਪਿੰਡਾਂ ਦੇ ਵਸਨੀਕਾਂ ਨੂੰ ਨਕਸ਼ਾ ਪਾਸ ਕਰਵਾਉਣ ਦੀ ਕਾਰਵਾਈ ਤੋਂ ਛੋਟ ਦਿੱਤੀ ਜਾਵੇ| ਉਹਨਾਂ ਦੱਸਿਆ ਕਿ ਕਮਿਸ਼ਨਰ ਨੇ ਉਹਨਾਂ ਨੂੰ ਦੱਸਿਆ ਕਿ ਨਗਰ ਨਿਗਮ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਜਿਹਨਾਂ ਲੋਕਾਂ ਵਲੋਂ ਇਮਾਰਤੀ ਨਿਯਮਾਂ ਦੀ ਉਲੰਘਣਾ ਕਰਦਿਆਂ ਤਿੰਨ ਮੰਜਿਲਾ ਮਕਾਨਾਂ ਦੀ ਥਾਂ ਵਪਾਰਕ ਵਰਤੋਂ ਲਈ ਕਈ ਮੰਜਿਲਾ ਮਕਾਨ ਬਣਾਏ ਗਏ ਹਨ ਉਹਨਾਂ ਦੇ ਖਿਲਾਫ ਕਾਰਵਾਈ ਦੀ ਤਜਵੀਜ ਹੈ| ਉਹਨਾਂ ਦੱਸਿਆ ਕਿ ਕਮਿਸ਼ਨਰ ਨੇ ਉਹਨਾਂ ਨੂੰ ਯਕੀਨ ਦਿਵਾਇਆ ਹੈ ਕਿ ਇਸ ਸੰਬੰਧੀ ਕੀਤੀ ਜਾਣ ਵਾਲੀ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਕੌਂਸਲਰਾਂ ਨੂੰ ਭਰੋਸੇ ਵਿੱਚ ਲਿਆ ਜਾਵੇਗਾ| ਉਹਨਾਂ ਕਿਹਾ ਕਿ ਕਮਿਸ਼ਨਰ ਵਲੋਂ ਕੌਂਸਲਰਾਂ ਨੂੰ ਅਪੀਲ ਵੀ ਕੀਤੀ ਗਈ ਕਿ ਉਹ ਆਪਣੇ ਆਪਣੇ ਵਾਰਡਾਂ ਵਿੱਚ ਵਸਨੀਕਾਂ ਨੂੰ ਉਸਾਰੀ ਕਰਨ ਤੋਂ ਪਹਿਲਾਂ ਨਕਸ਼ਾ ਪਾਸ ਕਰਵਾਉਣ ਲਈ ਜਾਗਰੂਕ ਕਰਨ ਕਿਉਂਕਿ ਜੇਕਰ ਕਿਸੇ ਵਿਅਕਤੀ ਵਲੋਂ ਨਿਯਮਾ ਦੀ ਉਲੰਘਣਾ ਕਰਕੇ ਉਸਾਰੀ ਕੀਤੀ ਜਾਂਦੀ ਹੈ ਤਾਂ ਇਸਦਾ ਮਾੜਾ ਅਸਰ ਪੂਰੇ ਖੇਤਰ ਤੇ ਪੈਂਦਾ ਹੈ|
ਮੀਟਿੰਗ ਵਿੱਚ ਨਿਗਮ ਦੀ ਜਾਇੰਟ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਅਤੇ ਕੌਂਸਲਰ ਸ੍ਰੀ ਅਸ਼ੋਕ ਝਾਅ, ਸ੍ਰ. ਹਰਪਾਲ ਸਿੰਘ ਚੰਨਾ, ਸ੍ਰ. ਸੁਰਿੰਦਰ ਸਿੰਘ ਰੋਡਾ, ਸ੍ਰੀਮਤੀ ਕਮਲਜੀਤ ਕੌਰ, ਸ੍ਰੀਮਤੀ ਰਮਨਪ੍ਰੀਤ ਕੌਰ ਤੋਂ ਇਲਾਵਾ ਸ੍ਰ. ਜਸਪਾਲ ਸਿੰਘ, ਸ੍ਰ. ਹਰਸੰਗਤ ਸਿੰਘ ਅਤੇ ਸ੍ਰ. ਹਰਮੇਸ਼ ਸਿੰਘ ਵੀ ਹਾਜਿਰ ਸਨ|

Leave a Reply

Your email address will not be published. Required fields are marked *