ਪਿੰਡਾਂ ਵਿੱਚ ਭਖ ਗਿਆ ਚੋਣ ਅਖਾੜਾ, ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਤੇਜ

ਪਿੰਡਾਂ ਵਿੱਚ ਭਖ ਗਿਆ ਚੋਣ ਅਖਾੜਾ, ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਤੇਜ
ਸੋਸ਼ਲ ਮੀਡੀਆ ਤੇ ਵੀ ਹੋ ਰਿਹਾ ਹੈ ਪ੍ਰਚਾਰ, ਘਰੋਂ ਘਰੀ ਜਾ ਕੇ ਚੋਣ ਪ੍ਰਚਾਰ ਨੂੰ ਪਹਿਲ ਦੇ ਰਹੇ ਹਨ ਉਮੀਦਵਾਰ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 12 ਸਤੰਬਰ

ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ ਅਤੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਉਹਨਾਂ ਵਲੋਂ ਆਪਣਾ ਚੋਣ ਪ੍ਰਚਾਰ ਵੀ ਤੇਜ ਕਰ ਦਿੱਤਾ ਗਿਆ ਹੈ| ਇਸ ਦੌਰਾਨ ਮੁੱਖ ਮੁਕਾਬਲਾ ਸੱਤਾਧਾਰੀ ਕਾਂਗਰਸ ਪਾਰਟੀ ਅਤੇ ਅਕਾਲੀ ਭਾਜਪਾ ਗਠਜੋੜ ਵਿਚਾਲੇ ਹੀ ਦਿਖ ਰਿਹਾ ਹੈ ਅਤੇ ਦੋਵੇਂ ਧਿਰਾਂ ਵਲੋਂ ਆਪਣਾ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ| ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਮੁਹਾਲੀ ਵਿਧਾਨਸਭਾ ਹਲਕੇ ਵਿੱਚ ਦੂਜੇ ਨੰਬਰ ਤੇ ਰਹੀ ਆਮ ਆਦਮੀ ਪਾਰਟੀ ਦੇ ਇੱਕ ਦੁੱਕਾ ਉਮੀਦਵਾਰ ਹੀ ਖੜੇ ਕੀਤੇ ਗਏ ਹਨ ਅਤੇ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਹੀ ਹੈ|
ਇਸ ਵਾਰ ਚੋਣ ਪ੍ਰਚਾਰ ਵਿੱਚ ਉਮੀਦਵਾਰਾਂ ਵਲੋਂ ਸੋਸ਼ਲ ਮੀਡੀਆ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ ਅਤੇ ਇਸ ਸੰਬੰਧੀ ਉਮੀਦਵਾਰਾਂ ਵਲੋਂ ਵਟਸਐਪ ਅਤੇ ਫੇਸ ਬੁਕ ਤੇ ਆਪਣੇ ਪੋਸਟਰ ਆਦਿ ਜਾਰੀ ਕਰਨ ਦੇ ਨਾਲ ਨਾਲ ਆਪਣੇ ਪ੍ਰਚਾਰ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ ਜਿਹਨਾਂ ਵਿੱਚ ਇਹਨਾਂ ਉਮੀਦਵਾਰਾਂ ਵਲੋਂ ਆਪਣੇ ਨਾਲ ਵੱਧ ਤੋਂ ਵੱਧ ਭੀੜ ਵਾਲੀਆਂ ਫੋਟੋਆਂ ਸ਼ੇਅਰ ਕਰਕੇ ਆਪਣੇ ਹੱਕ ਵਿੱਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਮੁਹਾਲੀ ਵਿਧਾਨਸਭਾ ਹਲਕੇ ਵਿੱਚ ਖਰੜ ਬਲਾਕ ਸੰਮਤੀ ਦੀਆਂ 13 (ਮਨੌਲੀ, ਚੱਪੜ ਚਿੜੀ ਖਰਦ, ਗੋਬਿੰਦ ਗੜ, ਬੜ ਮਾਜਰਾ, ਬਲੌਂਗੀ, ਬਾਕਰਪੁਰ, ਮੌਲੀ ਬੈਦਵਾਨ, ਮੋਟੇ ਮਾਜਰਾ, ਬੜੀ, ਲਾਂਡਰਾ, ਦਾਉਂ ਅਤੇ ਸਨੇਟਾ) ਅਤੇ ਜਿਲ੍ਹਾ ਪ੍ਰੀਸ਼ਦ ਦੀਆਂ ਦੋ ਸੀਟਾਂ (ਮਨੌਲੀ ਅਤੇ ਬਲੌਂਗੀ) ਆਉਂਦੀਆਂ ਹਨ|
ਇੱਥੇ ਕਾਂਗਰਸ ਪਾਰਟੀ ਦੀ ਕਮਾਨ ਖੁਦ ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਹੱਥ ਵਿੱਚ ਹੈ ਜਿਹਨਾਂ ਵਲੋਂ ਪੂਰੇ ਜੋਰ ਸ਼ੋਰ ਨਾਲ ਪ੍ਰਚਾਰ ਦਾ ਕੰਮ ਤਿੱਖਾ ਕੀਤਾ ਜਾ ਚੁੱਕਿਆ ਹੈ| ਸ੍ਰ. ਸਿੱਧੂ ਇਸ ਹਲਕੇ ਤੋਂ ਲਗਾਤਾਰ ਤੀਜੀ ਵਾਰ ਵਿਧਾਇਕ ਬਣੇ ਹਨ ਅਤੇ ਉਹਨਾਂ ਦਾ ਪਿੰਡਾਂ ਵਿਚ ਨਿੱਜੀ ਰਸੂਖ ਵੀ ਹੈ| ਉਹ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਵੀ ਹਨ ਅਤੇ ਇਹਨਾਂ ਚੋਣਾਂ ਵਿੱਚ ਉਹਨਾਂ ਵਲੋਂ ਆਪਣੇ ਵਫਾਦਾਰਾਂ ਨੂੰ ਹੀ ਮੈਦਾਨ ਵਿੱਚ ਉਤਾਰਿਆ ਗਿਆ ਹੈ| ਸ੍ਰ. ਸਿੱਧੂ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਤਿੱਖਾ ਕਰ ਦਿੱਤਾ ਗਿਆ ਹੈ ਅਤੇ ਉਹ ਖੁਦ ਆਪਣੇ ਸਮਰਥਕ ਆਗੂਆਂ ਦੇ ਨਾਲ ਪਿੰਡ ਪਿੰਡ ਘੁੰਮ ਕੇ ਲੋਕਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਤੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਮੰਗ ਰਹੇ ਹਨ| ਉਹ ਕਹਿੰਦੇ ਹਨ ਕਿ ਇਸ ਵਾਰ ਸਿਰਫ ਮੁਹਾਲੀ ਵਿਧਾਨਸਭਾ ਹਲਕੇ ਹੀ ਨਹੀਂ ਬਲਕਿ ਪੂਰੇ ਐਸ ਏ ਐਸ ਨਗਰ ਵਿੱਚ ਅਕਾਲੀ ਦਲ ਦਾ ਸੂਪੜਾ ਸਾਫ ਹੋਣਾ ਤੈਅ ਹੈ| ਉਹਨਾਂ ਕਿਹਾ ਕਿ ਅਕਾਲੀ ਦਲ ਤਾਂ ਪਹਿਲਾਂ ਹੀ ਮੈਦਾਨ ਤੋਂ ਭਗੌੜਾ ਹੋ ਗਿਆ ਹੈ ਅਤੇ ਆਮ ਆਦਮੀ ਪਾਰਟੀ ਦੀ ਇਸ ਖੇਤਰ ਵਿੱਚ ਕੋਈ ਹੋਂਦ ਹੀ ਨਹੀਂ ਹੈ| ਉਹ ਦਾਅਵਾ ਕਰਦੇ ਹਨ ਕਿ ਕਾਂਗਰਸ ਪਾਰਟੀ ਪੂਰਨ ਬਹੁਮਤ ਹਾਸਿਲ ਕਰਕੇ ਬਲਾਕ ਸਮੰਤੀਆਂ ਅਤੇ ਜਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੇਗੀ| ਉਹ ਕਹਿੰਦੇ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਪੰਜਾਬ ਦਾ ਵਿਕਾਸ ਕਰਨ ਦੇ ਨਾਲ ਨਾਲ ਲੋਕਾਂ ਦੀਆਂ ਤਕਲੀਫਾਂ ਹੱਲ ਕਰਨ ਅਤੇ ਜਨਤਾ ਨੂੰ ਵਧੀਆ ਬੁਨਿਆਦੀ ਸੁਵਿਧਾਵਾਂ ਮੁਹਈਆ ਕਰਵਾ ਰਹੀ ਹੈ ਅਤੇ ਉਹ ਇਹ ਚੋਣਾਂ ਵਿਕਾਸ ਦੇ ਮੁੱਦੇ ਤੇ ਲੜ ਰਹੇ ਹਨ|
ਦੂਜੇ ਪਾਸੇ ਅਕਾਲੀ ਦਲ ਦੀ ਕਮਾਨ ਪਾਰਟੀ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਦੇ ਹੱਥ ਵਿੱਚ ਹੈ ਅਤੇ ਉਹ ਵੀ ਪੂਰੇ ਜੋਰ ਸ਼ੋਰ ਨਾਲ ਪ੍ਰਚਾਰ ਦੇ ਕੰਮ ਵਿੱਚ ਲੱਗੇ ਹੋਏ ਹਨ| ਕੈਪਟਨ ਸਿੱਧੂ ਸਾਬਕਾ ਆਈ ਏ ਐਸ ਅਧਿਕਾਰੀ ਹਨ ਅਤੇ ਇਸ ਤੋਂ ਪਹਿਲਾਂ ਉਹ ਐਸ ਏ ਐਸ ਨਗਰ ਦੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੇ ਵੀ ਰਹੇ ਹਨ| ਇਸ ਦੌਰਾਨ ਉਹਨਾਂ ਦਾ ਹਲਕੇ ਦੇ ਪਿੰਡਾਂ ਦੇ ਵਸਨੀਕਾਂ ਨਾਲ ਜਿਹੜਾ ਰਾਬਤਾ ਕਾਇਮ ਹੋਇਆ ਸੀ ਉਹ ਉਹਨਾਂ ਦੇ ਕੰਮ ਆ ਰਿਹਾ ਹੈ| ਪਿਛਲੀ ਵਾਰ ਹੋਈ ਵਿਧਾਨਸਭਾ ਚੋਣ ਮੌਕੇ ਹਾਲਾਂਕਿ ਕੈਪਟਨ ਸਿੱਧੂ, ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਤੋਂ ਕਾਫੀ ਵੱਡੇ ਫਰਕ ਨਾਲ ਹਾਰੇ ਸੀ ਪਰੰਤੂ ਉਹਨਾਂ ਦਾ ਦਾਅਵਾ ਹੈ ਕਿ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਹੋਵੇਗੀ| ਇਹਨਾਂ ਚੋਣਾਂ ਵਿੱਚ ਸ੍ਰ. ਸਿੱਧੂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ, ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ੍ਰ. ਬਲਜੀਤ ਸਿੰਘ ਕੁੰਭੜਾ, ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸ੍ਰ. ਸਤਿੰਦਰ ਸਿੰਘ ਗਿਲ, ਲੇਬਰਫੈਡ ਦੇ ਡਾਇਰੈਕਟਰ ਸ੍ਰ. ਪਰਵਿੰਦਰ ਸਿੰਘ ਸੋਹਾਣਾ ਸਮੇਤ ਵੱਡੀ ਗਿਣਤੀ ਆਗੂ ਪੂਰੀ ਸਰਗਰਮੀ ਨਾਲ ਪ੍ਰਚਾਰ ਕਰ ਰਹੇ ਹਨ ਅਤੇ ਆਪਣੀ ਜਿੱਤ ਦੇ ਦਾਅਵੇ ਵੀ ਕਰ ਰਹੇ ਹਨ|
ਜਿੱਥੋਂ ਤਕ ਆਮ ਆਦਮੀ ਪਾਰਟੀ ਦੀ ਗੱਲ ਹੈ ਤਾਂ ਉਸਦੇ ਸਿਰਫ ਦੋ ਉਮੀਦਵਾਰ (ਮੁਹਾਲੀ ਵਿਧਾਨਸਭਾ ਹਲਕੇ ਵਿੱਚ ਪੈਂਦੀਆਂ13 ਸੀਟਾਂਵਿੱਚੋਂ ) ਖਰੜ ਬਲਾਕ ਸੰਮਤੀ ਦੀ ਚੋਣ ਲੜ ਰਹੇ ਹਨ| ਪਾਰਟੀ ਵਲੋਂ ਪਿਛਲੀ ਵਾਰ ਮੁਹਾਲੀ ਹਲਕੇ ਤੋਂ ਚੋਣ ਲੜੇ ਸ੍ਰ. ਨਰਿੰਦਰ ਸਿੰਘ ਸ਼ੇਰਗਿਲ (ਜੋ ਪਾਰਟੀ ਦੀ ਸੂਬਾ ਇਕਾਈ ਦੇ ਜਨਰਲ ਸਕੱਤਰ ਹਨ) ਅਨੁਸਾਰ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਧੱਕੇਸ਼ਾਹੀ ਕਰ ਰਹੀ ਹੈ ਅਤੇ ਉਸਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਤੋਂ ਦੂਰ ਰੱਖਣ ਲਈ ਨੋ ਡਿਓ ਸਰਟੀਫਿਕੇਟ ਹੀ ਜਾਰੀ ਨਹੀਂ ਹੋਣ ਦਿੱਤੇ ਜਿਸ ਕਾਰਨ ਪਾਰਟੀ ਵਲੋਂ ਚੋਣ ਲੜਣ ਵਾਲੇ ਬਲਾਕ ਸੰਮਤੀ ਦੇ 11 ਉਮੀਦਵਾਰ ਨਾਮਜਦਗੀਆਂ ਭਰਨ ਤੋਂ ਰਹਿ ਗਏ| ਇਸੇ ਤਰ੍ਹਾਂ ਜਿਲ੍ਹਾ ਪ੍ਰੀਸ਼ਦ ਦੀ ਸੀਟ ਤੇ ਖੜ੍ਹੇ ਪਾਰਟੀ ਦੇ ਉਮੀਦਵਾਰ ਦੇ ਕਾਗਜ ਰੱਦ ਕਰ ਦਿੱਤੇ ਗਏ ਅਤੇ ਪਾਰਟੀ ਨੂੰ ਚੋਣ ਮੈਦਾਨ ਤੋਂ ਜਬਰੀ ਦੂਰ ਰੱਖਿਆ ਜਾ ਰਿਹਾ ਹੈ ਜਿਸਦੇ ਖਿਲਾਫ ਪਾਰਟੀ ਵਲੋਂ ਸੰਘਰਸ਼ ਕੀਤਾ ਜਾਵੇਗਾ|
ਬਹਿਰਹਾਲ ਚੋਣ ਮੈਦਾਨ ਵਿੱਚ ਉਤਰੇ ਸਾਰੇ ਹੀ ਦਾਅਵੇਦਾਰ ਚੋਣ ਜਿੱਤਣ ਉਪਰੰਤ ਇਲਾਕੇ ਦਾ ਸਰਬਪੱਖੀ ਵਿਕਾਸ ਕਰਵਾਉਣ ਦੇ ਦਾਅਵੇ ਕਰ ਰਹੇ ਹਨ| ਅਕਾਲੀ ਦਲ ਦਾ ਕਹਿਣਾ ਹੈ ਕਿ ਉਹ ਪਿਛਲੀ ਸਰਕਾਰ ਵਲੋਂ ਕਰਵਾਏ ਵਿਕਾਸ ਦੇ ਨਾਮ ਤੇ ਚੋਣ ਲੜ ਰਹੇ ਹਨ ਜਦੋਂ ਉਹਨਾਂ ਦੀ ਸਰਕਾਰ ਵਲੋਂ ਸੂਬੇ ਦੇ ਸਾਰੇ ਪਿੰਡਾਂ ਦੇ ਵਿਕਾਸ ਲਈ ਵੱਡੀਆਂ ਗ੍ਰਾਂਟਾ ਦਿੱਤੀਆਂ ਸਨ ਜਦੋਂਕਿ ਸੱਤਾਧਾਰੀ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦੀ ਗੱਲ ਕਰ ਰਹੀ ਹੈ| ਵੇਖਣਾ ਇਹ ਹੈ ਕਿ 19 ਸਤੰਬਰ ਨੂੰ ਹੋਣ ਵਾਲੀ ਚੋਣ ਮੌਕੇ ਪਿੰਡਾਂ ਦੇ ਵਸਨੀਕ ਕਿਸ ਪਾਰਟੀ ਦੇ ਹੱਕ ਵਿੱਚ ਸਾਮ੍ਹਣੇ ਆਉਂਦੇ ਹਨ|

Leave a Reply

Your email address will not be published. Required fields are marked *