ਪਿੰਡਾਂ ਵਿੱਚ ਮਗਨਰੇਗਾ ਭਵਨਾਂ ਦੀ ਉਸਾਰੀ ਕੀਤੀ ਜਾਵੇ, ਕੇਂਦਰੀ ਪ੍ਰਯੋਜਿਤ ਸਕੀਮਾਂ ਦੀ ਜਾਣਕਾਰੀ ਦੇਣ ਲਈ ਵਰਕਸਾਪਾ ਲਗਾਈਆਂ ਜਾਣ : ਚੰਦੂਮਾਜਰਾ

ਡੇਰਾਬੱਸੀ ਹਲਕੇ ‘ਚ ਪਾਖਾਨੇ ਬਣਾਉੁਣ ਦਾ 100ਫੀਸਦੀ ਕੰਮ ਦੋ ਮਹੀਨਿਆਂ ਦੇ ਅੰਦਰ ਮੁਕੰਮਲ ਕੀਤਾ ਜਾਵੇਗਾ : ਸ਼ਰਮਾ
ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰੀ ਪ੍ਰਯੋਜਿਤ ਸਕੀਮਾਂ ਦੀ ਕੀਤੀ ਸਮੀਖਿੱਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਅਗਸਤ : ਮਗਨਰੇਗਾ ਸਕੀਮ ਤਹਿਤ ਬਰਸਾਤੀ ਪਾਣੀ ਨੂੰ ਰਿਚਾਰਜ ਕਰਨ ਅਤੇ ਸਿੰਚਾਈ ਦੀ ਵਰਤੋਂ ਵਿੱਚ ਲਿਆਉਣ ਲਈ ਪਿੰਡਾਂ ਵਿੱਚ ਵੱਧ ਤੋਂ ਵੱਧ ਤਲਾਬ ਪੁੱਟੇ ਜਾਣ| ਇਸ ਸਬੰਧੀ ਇੱਕ ਯੋਜਨਾ ਤਿਆਰ ਕੀਤੀ ਜਾਵੇ ਤਾਂ ਜੋ ਉਸ ਨੂੰ ਅਮਲੀਜਾਮਾ ਪਹਿਨਾਇਆ ਜਾ ਸਕੇ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਲੋਕ ਸਭਾ ਅਤੇ ਚੇਅਰਮੈਨ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਮੋਨੀਟਰਿੰਗ ਕਮੇਟੀ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਨਗਰ ਨਿਗਮ ਭਵਨ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਮੋਨੀਟਰਿੰਗ ਕਮੇਟੀ (ਦਿਸ਼ਾ) ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ|
ਪ੍ਰੋ: ਚੰਦੂਮਾਜਰਾ ਨੇ ਇਸ ਮੌਕੇ ਸਮੂਹ ਬੀ.ਡੀ.ਪੀ.ਓਜ਼ ਨੂੰ ਹਦਾਇਤ ਕੀਤੀ ਕਿ ਉਹ ਪੰਚਾਇਤਾਂ ਨਾਲ ਮਿਲ ਕੇ ਪਿੰਡਾਂ ਵਿੱਚ ਜਿਥੇ ਕਿ ਤਲਾਬ ਪੁੱਟੇ ਜਾ ਸਕਦੇ ਹਨ | ਉਸ ਥਾਂ ਦੀ ਸਨਾਖਤ ਕੀਤੀ ਜਾਵੇ ਤਾਂ ਜੋ ਮਗਨਰੇਗਾ ਸਕੀਮ ਤਹਿਤ ਤਲਾਬ ਪੁੱਟਣ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾ ਸਕੇ| ਉਨ੍ਹਾਂ ਹੋਰ ਕਿਹਾ ਕਿ ਪਿੰਡਾਂ ਵਿੱਚ ਮਗਨਰੇਗਾ ਭਵਨ ਵੀ ਬਣਾਏ ਜਾਣ ਜਿਸ ਲਈ ਕੇਂਦਰ ਸਰਕਾਰ ਗਰਾਂਟ ਦਿੰਦੀ ਹੈ| ਉਨ੍ਹਾਂ ਕਿਹਾ ਕਿ ਜੇਕਰ ਪਿੰਡਾਂ ਵਿੱਚ ਮਗਨਰੇਗਾ ਭਵਨ ਬਣਨਗੇ ਤਾਂ ਲੋਕਾਂ ਨੂੰ ਇਨ੍ਹਾਂ ਦਾ ਵੱਡਾ ਫਾਇਦਾ ਹੋਵੇਗਾ ਅਤੇ ਉਨ੍ਹਾਂ ਨੂੰ ਵਿਆਹ ਸਾਦੀਆਂ ਅਤੇ ਹੋਰ ਸਮਾਜਿਕ ਕੰਮਾਂ ਲਈ ਮਹਿੰਗੇ ਰੇਟਾਂ ਤੇ ਪੈਲੇਸ ਆਦਿ ਨਹੀਂ ਲੈਣੇ ਪੈਣਗੇ ਅਤੇ ਉਹ ਇਨ੍ਹਾਂ ਮਗਨਰੇਗਾ ਭਵਨਾਂ ਵਿੱਚ ਹੀ ਵਿਆਹ ਸਾਦੀਆਂ ਅਤੇ ਹੋਰ ਸਮਾਜਿਕ ਕੰਮਾਂ ਲਈ ਵਰਤੋਂ ਵਿੱਚ ਲਿਆ ਸਕਣਗੇ| ਉਨ੍ਹਾਂ ਇਸ ਮੌਕੇ ਕੇਂਦਰੀ ਪ੍ਰਯੋਜਿਤ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਦਾ ਸੱਦਾ ਦਿੰਦਿਆ ਕਿਹਾ ਕਿ ਪਿੰਡ ਪੱਧਰ ਤੇ ਕੇਂਦਰੀ ਪ੍ਰਯੋਜਿਤ ਸਕੀਮਾਂ ਦੀ ਜਾਣਕਾਰੀ ਦੇਣ ਲਈ ਕੈਂਪ, ਵਰਕਸਾਪਾਂ ਆਦਿ ਲਗਾਈਆਂ ਜਾਣ | ਜਿਨ੍ਹਾਂ ਵਿੱਚ ਪੰਚਾਇਤਾਂ, ਬਲਾਕ ਸਮੰਤੀ, ਜ਼ਿਲ੍ਹਾ ਪ੍ਰੀਸ਼ਦ ਮੈਂਬ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਚੁਣੇ ਹੋਏ ਨੁਮਾਇਦਿਆਂ ਨੂੰ ਵੀ ਸਾਮਲ ਕੀਤਾ ਜਾਵੇ ਤਾਂ ਜੋ ਕੇਂਦਰ ਪ੍ਰਯੋਜਿਤ ਸਕੀਮਾਂ ਪ੍ਰਤੀ ਜਾਗਰੂਕ ਹੋ ਸਕਣ|
ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਕੇਜਰੀਵਾਲ ਦੇ ਮਨਸੂਬੇ ਜੱਗ ਜਾਹਿਰ ਹੋ ਚੁੱਕੇ ਹਨ ਅਤੇ ਪੰਜਾਬ ਦੇ ਲੋਕਾਂ ਨੇ ਹਮੇਸ਼ਾਂ ਪੰਜਾਬ ਵਿਰੋਧੀ ਤਾਕਤਾਂ ਦਾ ਡੱਟ ਕੇ ਮੁਕਾਬਲਾ ਕੀਤਾ ਹੈ ਅਤੇ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਮੁੰਹ ਨਹੀਂ ਲਗਾਉਣਗੇ| ਪੱਤਰਕਾਰਾਂ ਵੱਲੋਂ ਜੰਮੂ ਕਸ਼ਮੀਰ ਵਿੱਚ ਰਹਿੰਦੇ ਸਿੱਖਾਂ ਤੇ ਹੋ ਰਹੀਆਂ ਜਿਆਦਤੀਆਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰਾਂ ਦੇ ਵਫਦ ਨੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਅਤੇ ਉਨ੍ਹਾਂ ਵੱਲੋਂ ਸਿੱਖਾਂ ਨੂੰ ਪੁਰਾ ਇਨਸਾਫ ਦੇਣ ਦੀ ਗੱਲ ਆਖੀ ਹੈ ਉਨ੍ਹਾਂ ਕਿਹਾ ਕਿ ਜਲਦੀ ਹੀ ਸ੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਦੇ ਮੈਂਬਰਾਂ ਦਾ ਵਫਦ ਜੰਮੂ ਕਸ਼ਮੀਰ ਵੀ ਜਾਵੇਗਾ|
ਇਸ ਮੌਕੇ ਹਲਕਾ ਵਿਧਾਇਕ ਡੇਰਾਬੱਸੀ ਸ੍ਰੀ ਐਨ.ਕੇ. ਸ਼ਰਮਾ ਨੇ ਦੱਸਿਆ ਕਿ ਡੇਰਾਬੱਸੀ ਹਲਕੇ ‘ਚ ਦੋ ਮਹੀਨਿਆਂ ਦੇ ਅੰਦਰ-ਅੰਦਰ ਪਾਖਾਨੇ ਬਣਾਉਣ ਦਾ 100ਫੀਸਦੀ ਕੰਮ ਮੁਕੰਮਲ ਕਰ ਲਿਆ ਜਾਵੇਗਾ| ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਤੋਂ ਸਤੰਬਰ ਮਹੀਨੇ ਦੌਰਾਨ ਅੰਤਰਰਾਸ਼ਟਰੀ ਹਵਾਈ ਉਡਾਣਾਂ ਸ਼ੁਰੂ ਹੋ ਜਾਣਗੀਆਂ| ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ. ਮਾਂਗਟ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਕੇਂਦਰੀ ਪ੍ਰਯੋਜਿਤ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਮਗਨਰੇਗਾ ਸਕੀਮ ਤਹਿਤ 7 ਕਰੋੜ 3 ਲੱਖ 61 ਹਜ਼ਾਰ ਰੁਪਏ ਖਰਚ ਕੀਤੇ ਗਏ ਸਨ ਜਦਕਿ ਚਾਲੂ ਮਾਲੀ ਸਾਲ ਦੌਰਾਨ 9 ਕਰੋੜ 55 ਲੱਖ 99 ਹਜ਼ਾਰ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਜ਼ਿਲ੍ਹਾ ਵਿੱਚ 14 ਹਜ਼ਾਰ 211 ਵਿਅਕਤੀਆਂ ਦੇ ਜੋਬ ਕਾਰਡ ਬਣਵਾਏ ਗਏ ਹਨ| ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਭੁਪਿੰਦਰ ਸਿੰਘ ਨੇ ਵੀ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਬਾਰੇ ਚਾਨਣਾ ਪਾਇਆ| ਇਸ ਮੌਕੇ ਚੇਅਰਪਰਸ਼ਨ ਜ਼ਿਲ੍ਹਾ ਪ੍ਰੀਸ਼ਦ ਬੀਬੀ ਪਰਮਜੀਤ ਕੌਰ ਬਡਾਲੀ, ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਐਕਸੀਅਨ ਸ੍ਰੀ ਸੁਖਮਿੰਦਰ ਸਿੰਘ ਪੰਧੇਰ, ਜ਼ਿਲ੍ਹਾ ਮਾਲ ਅਫ਼ਸਰ ਅਮਰਦੀਪ ਸਿੰਘ ਥਿੰਦ, ਕਰਨ ਸਿੰਘ ਜੋਲੀ, ਬੀਬੀ ਮਨਮੋਹਨ ਕੌਰ, ਚੇਅਰਮੈਨ ਬਲਾਕ ਸੰਮਤੀ ਖਰੜ ਸ੍ਰੀ ਰੇਸਮ ਸਿੰਘ, ਚੇਅਰਪਰਸ਼ਨ ਬਲਾਕ ਸੰਮਤੀ ਮਾਜਰੀ ਬੀਬੀ ਮਨਜੀਤ ਕੌਰ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਅਤੇ ਗੈਰ ਸਰਕਾਰੀ ਮੈਂਬਰ ਵੀ ਮੌਜੂਦ ਸਨ|

Leave a Reply

Your email address will not be published. Required fields are marked *