ਪਿੰਡ ਕਰਤਾਰਪੁਰ ਦੀ ਢਾਈ ਕਨਾਲ ਥਾਂ ਤੇ ਕਬਜਾ ਕਰਨ ਆਏ ਲੋਕਾਂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ

ਪਿੰਡ ਕਰਤਾਰਪੁਰ ਦੀ ਢਾਈ ਕਨਾਲ ਥਾਂ ਤੇ ਕਬਜਾ ਕਰਨ ਆਏ ਲੋਕਾਂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ 
ਡੀ ਜੀ ਪੀ, ਆਈ ਜੀ ਅਤੇ ਐਸ ਐਸ ਪੀ ਨੂੰ ਪੱਤਰ ਲਿਖਿਆ
ਐਸ ਏ ਐਸ ਨਗਰ, 4 ਜੂਨ (ਸ.ਬ.) ਬੀਤੀ 1 ਜੂਨ ਨੂੰ ਖਰੜ ਤਹਿਸੀਲ ਦੇ ਪਿੰਡ ਕਰਤਾਰਪੁਰ ਵਿੱਚ ਪਿੰਡ ਦੀ ਆਬਾਦੀ ਵਿੱਚ ਪੈਂਦੀ ਲਗਭਗ ਢਾਈ ਕਨਾਲ ਥਾਂ ਤੇ ਕਬਜਾ ਕਰਨ ਦੀ ਨੀਅਤ ਨਾਲ ਆਏ ਇੱਕ ਦਰਜਨ ਦੇ ਕਰੀਬ ਵਿਅਕਤੀਆਂ (ਜਿਹਨਾਂ ਵਿੱਚ ਇਸੇ ਪਿੰਡ ਦੇ ਕੁੱਝ ਵਿਅਕਤੀ ਵੀ ਸ਼ਾਮਿਲ ਸਨ) ਵਲੋਂ ਇਸ ਜਮੀਨ ਤੇ ਕਾਬਿਜ ਪਰਿਵਾਰ ਦੇ ਵਿਅਕਤੀਆਂ ਨਾਲ ਕੁੱਟਮਾਰ ਕਰਕੇ ਜਖਮੀ ਕਰਨ ਦੇ ਮਾਮਲੇ ਵਿੱਚ             ਭਾਵੇਂ ਥਾਣਾ ਮੁੱਲਾਪੁਰ ਦੀ ਪੁਲੀਸ ਵਲੋਂ ਹਮਲਾਵਰਾਂ ਦੇ ਖਿਲਾਫ ਆਈ. ਪੀ. ਸੀ. ਧਾਰਾ 323, 447, 506, 511, 148 ਤੇ 149 ਤਹਿਤ ਮਾਮਲਾ ਦਰਜ ਕਰਕੇ ਕੁੱਝ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਗਿਆ ਹੈ ਪਰੰਤੂ ਪੀੜਿਤ ਧਿਰ ਦੀ ਮੰਗ ਹੈ ਕਿ ਉਹਨਾਂ ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਉਹਨਾਂ ਦੀ ਜਮੀਨ ਤੇ ਕਬਜਾ ਕਰਨ ਆਏ ਵਿਅਕਤੀਆਂ ਨੂੰ ਸ਼ਹਿ ਦੇਣ ਵਾਲਿਆਂ ਦੀ ਪਹਿਚਾਨ ਕਰਕੇ ਬਣਦੀ ਕਾਰਵਾਈ ਕੀਤੀ           ਜਾਵੇ| 
ਇੱਕ ਸੰਬੰਧੀ ਇਸ ਜਮੀਨ ਤੇ ਕਾਬਿਜ ਧਿਰ ਦੇ ਸ੍ਰ. ਬਹਾਦੁਰ ਸਿੰਘ, ਅਜੈਬ ਸਿੰਘ ਅਤੇ ਹਰਮੇਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਕਰਤਾਰਪੁਰ ਦੇ ਵਸਨੀਕ ਹਨ ਅਤੇ ਪਿੰਡ ਦੀ ਅਬਾਦੀ ਵਿੱਚ ਉਹਨਾਂ ਦੀ ਲਗਭਗ ਢਾਈ ਕਨਾਲ ਜਮੀਨ ਹੈ ਜਿਸਦਾ ਆਪਸੀ ਫੈਸਲਾ 1981 ਵਿੱਚ ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ  ਵਿੱਚ ਬੈਠ ਕੇ ਹੋ ਗਿਆ ਸੀ| ਬਾਅਦ ਵਿੱਚ ਇਸ ਸੰਬੰਧੀ ਅਦਾਲਤ ਵਿੱਚ ਚੱਲੇ ਇੱਕ ਕੇਸ ਦੌਰਾਨ ਮਾਣਯੋਗ ਸੈਸ਼ਨ ਜੱਜ ਮੁਹਾਲੀ ਵਲੋਂ ਅਪ੍ਰੈਲ 2019 ਵਿੱਚ ਉਹਨਾਂ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ ਗਿਆ ਸੀ ਅਤੇ ਉਹ ਆਪਣੀ ਆਪਣੀ ਜਗ੍ਹਾ ਤੇ ਕਾਬਜ਼ ਹਨ| ਇਸ ਜਮੀਨ ਦੇ ਟੁਕੜੇ ਦੀ ਮੌਜੂਦਾ ਕੀਮਤ ਦੋ ਤੋਂ ਢਾਈ ਕਰੋੜ ਰੁਪਏ ਦੇ ਵਿੱਚ ਹੈ| 
ਡੀ ਜੀ ਪੀ ਨੂੰ ਲਿਖੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ 1 ਜੂਨ ਨੂੰ ਸਵੇਰੇ 10-12 ਬੰਦਿਆਂ, ਜਿਨ੍ਹਾਂ ਵਿੱਚ ਸੋਨੂੰ ਪਿੰਡ ਦੁੱਲਵਾਂ, ਸੋਨੂੰ ਦਾ ਭਰਾ ਜਸਵੀਰ ਸਿੰਘ ਸ਼ੀਰਾ, ਭੂਰਾ ਪਿੰਡ ਪੈਂਤਪੁਰ, ਗੁਰਵਿੰਦਰ ਸਿੰਘ ਪਿੰਡ  ਨੰਗਲੀਆਂ, ਬਹਾਦਰ ਸਿੰਘ, ਬੰਤ ਸਿੰਘ ਵਾਸੀ ਪਿੰਡ ਕਰਤਾਰਪੁਰ ਅਤੇ ਹਰਨੇਕ ਸਿੰਘ ਆਦਿ ਵਿਅਕਤੀਆਂ ਨੇ ਉਹਨਾਂ ਦੀ ਜਮੀਨ ਵਿੱਚ ਕਬਜ਼ਾ ਕਰਨ ਦੀ ਨੀਅਤ ਨਾਲ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ| ਸ਼ਿਕਾਇਤਕਰਤਾ ਅਨੁਸਾਰ ਇਹ ਵਿਅਕਤੀ 1-2 ਦਿਨ ਪਹਿਲਾਂ ਵੀ ਉਹਨਾਂ ਦੇ ਪਲਾਟ ਵਿੱਚ ਇੱਟਾਂ ਸੁੱਟ ਕੇ ਗਏ ਸਨ, ਜੋ ਕਿ ਉਹਨਾਂ ਨੇ ਚੁੱਕ ਕੇ ਬਾਹਰ ਕਰ ਦਿੱਤੀਆਂ ਸਨ| ਸ਼ਿਕਾਇਤਕਰਤਾ ਅਨੁਸਾਰ ਜਦੋਂ ਉਹਨਾਂ ਦੇ ਪਰਿਵਾਰ ਦੇ ਇਹਨਾਂ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਬੰਦਿਆਂ ਨੇ ਉਹਨਾਂ ਤੇ ਕ੍ਰਿਪਾਨਾਂ ਤੇ ਰਾਡਾਂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਹਰਮੇਲ ਸਿੰਘ ਦੇ ਸਿਰ ਵਿੱਚ ਕ੍ਰਿਪਾਨਾਂ ਵੱਜੀਆਂ ਅਤੇ ਉਹ ਲਹੂ ਲੁਹਾਣ ਹੋ ਗਿਆ| ਇਸ ਤੋਂ ਇਲਾਵਾ ਬਹਾਦਰ ਸਿੰਘ ਅਤੇ ਅਜੈਬ ਸਿੰਘ ਦੇ ਵੀ ਸੱਟਾਂ ਵੱਜੀਆਂ| ਹਰਮੇਲ ਸਿੰਘ ਨੂੰ ਖਰੜ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ| 
ਸ਼ਿਕਾਇਤਕਰਤਾ ਅਨੁਸਾਰ ਇਸ ਦੌਰਾਨ ਮੌਕੇ ਤੇ ਪਿੰਡ ਵਾਸੀ ਵੀ ਇੱਕਠੇ ਹੋ ਗਏ ਅਤੇ ਪਿੰਡ ਦੇ ਇੱਕਠ ਨੂੰ ਦੇਖ ਕੇ ਹਮਲਾਵਰ ਉੱਥੇ ਭੱਜ ਗਏ| ਇਸ ਸੰਬੰਧੀ ਥਾਣਾ ਮੁੱਲਾਪੁਰ ਗਰੀਬਦਾਸ ਦੀ ਪੁਲੀਸ ਨੂੰ ਇਤਲਾਹ ਦਿੱਤੀ ਗਈ ਅਤੇ ਪੁਲੀਸ ਵੀ ਮੌਕੇ ਤੇ ਆ ਗਈ ਜਿਸਨੂੰ ਉਹਨਾਂ ਨੇ ਆਪਣੇ ਕਾਗਜ਼ ਪੱਤਰ, ਕੋਰਟ ਕਚਿਹਰੀ ਦੇ ਹੁਕਮਾਂ ਦੀਆਂ ਕਾਪੀਆਂ ਆਦਿ ਦਿਖਾਈਆਂ|
ਉਹਨਾਂ ਕਿਹਾ ਕਿ ਇਸ ਸੰਬੰਧੀ ਪੁਲੀਸ ਵਲੋਂ ਹਮਲਾਵਰਾਂ ਦੇ ਖਿਲਾਫ ਆਈ. ਪੀ. ਸੀ. ਧਾਰਾ 323, 447, 506, 511, 148 ਤੇ 149 ਤਹਿਤ ਮਾਮਲਾ ਦਰਜ ਕਰਕੇ ਕੁੱਝ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਪਰੰਤੂ ਇਸ ਮਾਮਲੇ ਵਿੱਚ      ਕੇਸ ਕਾਫੀ ਕਮਜੋਰ ਬਣਾਇਆ ਗਿਆ ਹੈ ਅਤੇ ਇਰਾਦਾ ਕਤਲ ਅਤੇ ਉਹਨਾਂ ਦੀ ਜਾਇਦਾਦ ਵਿੱਚ ਦਾਖਿਲ ਹੋ ਕੇ ਹਮਲਾ ਕਰਨ ਦੀਆਂ ਧਾਰਾਵਾਂ ਸ਼ਾਮਿਲ ਨਹੀਂ ਕੀਤੀਆਂ ਗਈਆਂ ਹਨ| ਉਹਨਾਂ ਕਿਹਾ ਕਿ ਉਹਨਾਂ ਨੂੰ ਹੁਣੇ ਵੀ ਧਮਕੀਆਂ ਮਿਲ ਰਹੀਆਂ ਹਨ| ਹਮਲਾਵਰ ਧਮਕੀਆਂ ਦੇ ਰਹੇ ਹਨ ਕਿ ਉਹਨਾਂ ਦੀ ਪਹੁੰਚ ਬਹੁਤ ਉੱਪਰ ਤੱਕ ਹੈ ਅਤੇ ਉਹ ਇਸ ਜਮੀਨ ਦਾ ਕਬਜਾ ਹਰ ਹਾਲ ਵਿੱਚ ਲੈ ਕੇ ਰਹਿਣਗੇ|
ਉਹਨਾਂ ਮੰਗ ਕੀਤੀ ਹੈ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਹਮਲਾਵਰਾਂ ਅਤੇ ਉਹਨਾਂ ਨੂੰ ਸ਼ਹਿ ਦੇ ਕੇ ਇਹ ਕੰਮ ਕਰਵਾਉਣ ਵਾਲੇ ਰਸੂਖਦਾਰਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ|
ਇਸ ਸੰਬੰਧੀ ਸੰਪਰਕ ਕਰਨ ਤੇ ਮੁੱਲਾਪੁਰ ਦੇ ਡੀ ਐਸ ਪੀ ਸ੍ਰ. ਅਮਰੋਜ ਸਿੰਘ ਨੇ ਕਿਹਾ ਕਿ ਪਿੰਡ ਦੀ ਜਮੀਨ ਤੇ ਕਬਜੇ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋਇਆ ਸੀ ਅਤੇ ਇੱਕ ਧਿਰ ਦੇ ਕੁੱਝ ਵਿਅਕਤੀ ਜਖਮੀ ਹੋਏ ਹਨ ਜਿਸਤੇ ਕਾਰਵਾਈ ਕਰਦਿਆਂ ਪੁਲੀਸ ਵਲੋਂ ਮਾਮਲਾ ਦਰਜ ਕਰਕੇ ਕੁੱਝ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਪੁਲੀਸ ਆਪਣਾ ਕੰਮ ਕਰ ਰਹੀ ਹੈ ਅਤੇ ਐਸ ਐਚ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *