ਪਿੰਡ ਗੀਗੇਮਾਜਰਾ ਵਿਖੇ ਹਫਤਾਵਾਰੀ ਸਫਾਈ ਮੁਹਿੰਮ ਜਾਰੀ

ਐਸ ਏ ਐਸ ਨਗਰ, 16 ਅਪ੍ਰੈਲ (ਸ.ਬ.) ਪਿੰਡ ਗੀਗੇ ਮਾਜਰਾ ਦੇ ਵਿੱਚ ਇੱਕ ਸਾਬਕਾ ਫੌਜੀ ਵਲੋਂ ਪਿੰਡ ਦੇ ਕੁਝ ਨੌਜਵਾਨਾਂ ਨੂੰ ਨਾਲ ਲੈ ਕੇ ਹਰ ਐਤਵਾਰ ਪਿੰਡ ਦੀ ਸਫਾਈ ਕਰਨ ਦੀ ਸ਼ੁਰੂ ਕੀਤੀ ਗਈ ਮੁਹਿੰਮ ਜੋਰ ਫੜਦੀ ਜਾ ਰਹੀ ਹੈ| ਇਸ ਵਿੱਚ ਦਿਨੋਂ ਦਿਨ ਵੱਡੀ ਗਿਣਤੀ ਪਿੰਡ ਵਾਸੀ ਜੁੜਦੇ ਜਾ ਰਹੇ ਹਨ| ਬੀਤੇ ਐਤਵਾਰ ਵੀ ਪਿੰਡ ਦੇ ਸਾਬਕਾ ਫੌਜੀ ਮੱਖਣ ਸਿੰਘ ਗੀਗੇਮਾਜਰਾ ਵਲੋਂ ਪਿੰਡ ਗੀਗੇਮਾਜਰਾ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਅਤੇ ਪਿੰਡ ਤੋਂ ਵਗਦੇ ਨਾਲੇ ਦੀ ਸਫਾਈ ਮੁਹਿੰਮ ਚਲਾਈ ਗਈ| ਇਸ ਮੌਕੇ ਪਿੰਡ ਵਾਸੀਆਂ ਨੂੰ ਸਫਾਈ ਪ੍ਰਤੀ ਸੁਚੇਤ ਕਰਦਿਆਂ ਸਾਬਕਾ ਫੌਜੀ ਮੱਖਣ ਸਿੰਘ ਗੀਗੇਮਾਜਰਾ ਨੇ ਕਿਹਾ ਕਿ ਸਾਨੂੰ ਆਪਣੇ ਘਰਾਂ ਦੇ ਨਾਲ ਨਾਲ ਘਰਾਂ ਦੇ ਆਲੇ ਦੁਆਲੇ ਵੀ ਸਫਾਈ ਰੱਖਣੀ ਚਾਹੀਦੀ ਹੈ ਤਾਂ ਕਿ ਗੰਦਗੀ ਨਾਲ ਫੈਲਦੀਆਂ ਬਿਮਾਰੀਆਂ ਤੋਂ ਬਚਾਓ ਹੋ ਸਕੇ| ਉਹਨਾਂ ਕਿਹਾ ਕਿ ਇਹ ਸਾਡਾ ਆਪਣਾ ਪਿੰਡ ਹੈ, ਇਸ ਲਈ ਇਸ ਪਿੰਡ ਦੀ ਸਫਾਈ ਲਈ ਸਾਨੂੰ ਖੁਦ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਪਿੰਡ ਦੀ ਸਫਾਈ ਕਰਨ ਲਈ ਕਿਸੇ ਤਰ੍ਹਾਂ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਸਗੋਂ ਇਹ ਤਾਂ ਸਾਡਾ ਸਾਰਿਆਂ ਦਾ ਫਰਜ ਹੈ|
ਇਸ ਮੌਕੇ ਹਰਜੀਤ ਸਿੰਘ, ਕਰਨਦੀਪ ਸਿੰਘ, ਮਨਪ੍ਰੀਤ ਸਿੰਘ ਲਾਲੀ, ਪਰਮਿੰਦਰ ਸਿੰਘ, ਬਿਕਰਮਜੀਤ ਸਿੰਘ ਬਿੰਦਰ, ਰਣਜੀਤ ਸਿੰਘ ਜੀਤਾ, ਰਘਬੀਰ ਸਿੰਘ, ਤਲਵਿੰਦਰ ਸਿੰਘ, ਪ੍ਰਗਟ ਸਿੰਘ, ਸੁਖਚੈਨ ਸਿੰਘ ਤੇ ਹੋਰ ਪਿੰਡ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *