ਪਿੰਡ ਗੋਬਿੰਦਗੜ੍ਹ ਦੇ ਸਰਕਾਰੀ ਸਕੂਲ ਨੂੰ ਮਾਡਲ ਸਕੂਲ ਵਜੋਂ ਵਿਕਸਿਤ ਕਰਨ ਲਈ ਨਵੇਂ ਸਿਰਿਉਂ ਬਣੇਗੀ ਸਮੁੱਚੀ ਇਮਾਰਤ : ਸਿੱਧੂ

ਪਿੰਡ ਗੋਬਿੰਦਗੜ੍ਹ ਦੇ ਸਰਕਾਰੀ ਸਕੂਲ ਨੂੰ ਮਾਡਲ ਸਕੂਲ ਵਜੋਂ ਵਿਕਸਿਤ ਕਰਨ ਲਈ ਨਵੇਂ ਸਿਰਿਉਂ ਬਣੇਗੀ ਸਮੁੱਚੀ ਇਮਾਰਤ : ਸਿੱਧੂ
50 ਲੱਖ ਰੁਪਏ ਦੀ ਗ੍ਰਾਂਟ ਦਿੱਤੀ, ਹੋਰ ਇਕ ਕਰੋੜ ਰੁਪਏ ਦੀ ਗ੍ਰਾਂਟ ਛੇਤੀ ਦੇਣ ਦਾ ਐਲਾਨ
ਐਸ.ਏ.ਐਸ ਨਗਰ , 3 ਸਤੰਬਰ (ਸ.ਬ.) ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵਿਧਾਨ ਸਭਾ ਹਲਕਾ ਮੁਹਾਲੀ ਦੇ ਪਿੰਡ ਗੋਬਿੰਦਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਨੂੰ ਨਵੇਂ ਸਿਰਿਉਂ ਬਣਾਉਣ ਲਈ 50 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ| ਸਿਹਤ ਮੰਤਰੀ ਨੇ ਅਪਣੇ ਅਖ਼ਤਿਆਰੀ ਕੋਟੇ ਵਿਚੋਂ ਦਿੱਤੀ ਗਈ ਗ੍ਰਾਂਟ ਦਾ ਚੈਕ ਸਕੂਲ ਦੀ ਪ੍ਰਿੰਸੀਪਲ ਨੂੰ ਸੌਂਪਣ ਮਗਰੋਂ ਦਸਿਆ ਕਿ ਇਸ ਸਕੂਲ ਨੂੰ ਜ਼ਿਲ੍ਹੇ ਦੇ ਮਾਡਲ ਸਕੂਲ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਸਮੁੱਚੀ ਇਮਾਰਤ ਦਾ ਮੂੰਹ-ਮੁਹਾਂਦਰਾ ਬਦਲ ਦਿੱਤਾ ਜਾਵੇਗਾ| ਉਨ੍ਹਾਂ ਕਿਹਾ ਕਿ ਸਕੂਲ ਵਿੱਚ ਵੱਖ-ਵੱਖ ਸਹੂਲਤਾਂ ਮਿਲਣਗੀਆਂ ਤਾਂ ਕਿ ਬੱਚਿਆਂ ਨੂੰ ਪੜ੍ਹਾਈ ਵਾਸਤੇ ਸੁਖਾਵਾਂ ਅਤੇ ਆਨੰਦਾਇਕ ਮਾਹੌਲ ਮਿਲ ਸਕੇ|
ਉਨ੍ਹਾਂ ਦੱਸਿਆ ਕਿ ਇਸ ਸਕੂਲ ਲਈ ਹੋਰ 1 ਕਰੋੜ ਰੁਪਏ ਦੀ ਗ੍ਰਾਂਟ ਛੇਤੀ ਹੀ ਜਾਰੀ ਕੀਤੀ ਜਾਵੇਗੀ| ਹਲਕਾ ਵਿਧਾਇਕ ਨੇ ਆਖਿਆ ਕਿ ਉਨ੍ਹਾਂ ਦਾ ਟੀਚਾ ਹਲਕਾ ਮੁਹਾਲੀ ਦੇ ਸਰਕਾਰੀ ਸਕੂਲਾਂ ਨੂੰ ਨਮੂਨੇ ਦੇ ਸਕੂਲ ਬਣਾਉਣਾ ਹੈ ਜਿਸ ਦੀ ਪ੍ਰਾਪਤੀ ਲਈ ਕਾਫੀ ਕੰਮ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ|
ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਗੀਗੇ ਮਾਜਰਾ ਦੇ ਸਰਕਾਰੀ ਸਕੂਲ ਦੇ ਕਾਇਆਕਲਪ ਲਈ 25 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ ਅਤੇ ਹਲਕੇ ਦੇ ਹੋਰ ਕਈ ਪਿੰਡਾਂ ਦੇ ਸਕੂਲਾਂ ਨੂੰ ਵੀ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ| ਉਨ੍ਹਾਂ ਕਿਹਾ ਕਿ ਉਨ੍ਹਾਂ ਹਲਕਾ ਮੁਹਾਲੀ ਵਿੱਚ ਸਿਹਤ ਅਤੇ ਸਿਖਿਆ ਦੇ ਖੇਤਰਾਂ ਵਿੱਚ ਵਿਆਪਕ ਸੁਧਾਰਾਂ ਦੇ ਯਤਨ ਲਗਾਤਾਰ ਜਾਰੀ ਹਨ|
ਸ. ਸਿੱਧੂ ਨੇ ਕਿਹਾ ਕਿ ਸੂਬੇ ਵਿਚ ਸਿਖਿਆ ਦਾ ਮਿਆਰ ਉੱਚਾ ਚੁੱਕਣ ਲਈ ਪਹਿਲੇ ਦਿਨ ਤੋਂ ਹੀ ਯਤਨ ਕੀਤੇ ਜਾ ਰਹੇ ਹਨ| ਜਿਥੇ ਅਧਿਆਪਕਾਂ ਦੀ ਭਰਤੀ ਦਾ ਕੰਮ ਵੱਡੇ ਪੱਧਰ ਤੇ ਜਾਰੀ ਹੈ, ਉਥੇ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਦੀ ਕਵਾਇਦ ਵੀ ਲਗਾਤਾਰ ਚੱਲ ਰਹੀ ਹੈ| ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਕੂਲ ਪ੍ਰਿੰਸੀਪਲ ਸ੍ਰੀਮਤੀ ਸੰਧਿਆ ਸ਼ਰਮਾ, ਪਿੰਡ ਦੀ ਸਰਪੰਚ ਸ੍ਰੀਮਤੀ ਪਰਮਜੀਤ ਕੌਰ, ਚੌਧਰੀ ਰਾਮ ਇਸ਼ਵਰ, ਮੋਨਿਕਾ ਰਾਣੀ ਪੰਚ, ਮਮਤਾ ਰਾਣੀ ਪੰਚ, ਬਲਬੀਰ ਸਿੰਘ ਸਾਬਕਾ ਸੰਮਤੀ ਮੈਂਬਰ, ਚੌਧਰੀ ਬਖਤੌਰਾ ਰਾਮ, ਅਸ਼ੋਕ ਕੁਮਾਰ, ਰਾਜ ਕੁਮਾਰ, ਇੰਦਰਜੀਤ ਸਿੰਘ ਸਰਪੰਚ ਸ਼ਾਮਪੁਰ ਸਮੇਤ ਸਮੁੱਚਾ ਸਟਾਫ ਹਾਜ਼ਰ ਸੀ|

Leave a Reply

Your email address will not be published. Required fields are marked *