ਪਿੰਡ ਘੁੰਗਰਾ ਵਿੱਚ ਮੁਰਗੀ ਫਾਰਮ ਦੀ ਉਸਾਰੀ ਦਾ ਕੰਮ ਬੰਦ ਕਰਵਾਇਆ ਜਾਵੇ: ਸੰਘਰਸ਼ ਕਮੇਟੀ
ਘਨੌਰ, 19 ਜੁਲਾਈ (ਅਭਿਸ਼ੇਕ ਸੂਦ) ਘਨੌਰ ਨੇੜਲੇ ਪਿੰਡ ਮੰਡੋਲੀ ਵਿੱਚ ਪੋਲਟਰੀ ਫਾਰਮ ਬੰਦ ਕਰਨ ਅਤੇ ਗੰਦਗੀ ਫੈਲਾਉਣ ਦੇ ਵਿਰੋਧ ਵਿੱਚ ਗਿਆਨ ਸਿੰਘ ਮੰਡੋਲੀ, ਮਹਿੰਦਰ ਸਿੰਘ ਹਰਪਾਲਪੁਰ, ਸੁੱਖਦੇਵ ਸਿੰਘ ਘੁੰਗਰਾ ਅਤੇ ਕ੍ਰਿਪਾਲ ਸਿੰਘ ਬਹਾਵਲਪੁਰ ਦੀ ਸਾਂਝੀ ਅਗਵਾਈ ਹੇਠ ਸੰਘਰਸ਼ ਕਮੇਟੀ ਦਾ ਇੱਕ ਇਕੱਠ ਕੀਤਾ ਗਿਆ| ਇਸ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਪੋਲਟਰੀ ਫਾਰਮ ਦੇ ਮਾਲਿਕ ਆਪਣੇ ਫਾਇਦੇ ਲਈ ਪਿੰਡ ਦੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਪੋਲਟਰੀ ਫਾਰਮ ਦੀ ਗੰਦਗੀ ਨਾਲ ਮੱਖੀਆਂ ਫੈਲਦੀਆਂ ਹਨ ਜਿਸ ਨਾਲ ਇਲਾਕੇ ਵਿੱਚ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ| ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪਿੰਡ ਘੁੰਗਰਾ ਵਿੱਚ ਪੋਲਟਰੀ ਫਾਰਮ ਬੰਦ ਕਰਵਾਇਆ ਜਾਵੇ| ਜੇਕਰ ਪੋਲਟਰੀ ਫਾਰਮ ਦੀ ਉਸਾਰੀ ਬੰਦ ਨਾ ਕਰਵਾਈ ਗਈ ਤਾਂ ਸੰਘਰਸ਼ ਕਮੇਟੀ ਵੱਲੋਂ ਅਣ ਮਿੱਥੇ ਸਮੇਂ ਲਈ ਸੰਘਰਸ਼ ਕੀਤਾ ਜਾਵੇਗਾ| ਇਸ ਇੱਕਠ ਵਿੱਚ ਕਿਸਾਨ ਆਗੂ ਹਰਿੰਦਰ ਸਿੰਘ ਲਾਖਾ, ਐਡਵੋਕੇਟ ਕਾਮਰੇਡ ਪ੍ਰੇਮ ਸਿੰਘ ਭੰਗੂ, ਰਘਵੀਰ ਸਿੰਘ ਮੰਡੋਲੀ, ਜਰਨੈਲ ਸਿੰਘ ਮੰਨੂ, ਅਮਰਜੀਤ ਸਿੰਘ ਘਨੌਰ, ਚੇਤਨ ਜੋੜ ਮਾਜਰਾ, ਬੰਟੀ ਖਾਨਪੁਰ, ਅਮਰਜੀਤ ਸਿੰਘ ਮਡਿਆਣਾ, ਤਰਵਿੰਦਰ ਸਿੰਘ ਫਰੀਦਪੁਰ, ਜੱਗਪਾਲ ਸਿੰਘ ਮੰਡੌਲੀ ਅਤੇ ਇਕਬਾਲ ਸਿੰਘ ਵੀ ਮੌਜੂਦ ਸਨ|