ਪਿੰਡ ਚੰਦਪੁਰ ਦੇ ਕੁੱਝ ਵਸਨੀਕਾਂ ਨੇ ਪਿੰਡ ਚੰਦਪੁਰ ਲਈ ਆਈ ਡੇਢ ਕਰੋੜ ਦੀ ਰਕਮ ਪੰਚਾਇਤ ਵੱਲੋਂ ਨਿੱਜੀ ਤੌਰ ਤੇ ਵਰਤਣ ਦਾ ਦੋਸ਼ ਲਗਾਇਆ ਸਰਪੰਚ ਦੇ ਪਤੀ ਨੇ ਖਰਚੇ ਪੈਸਿਆਂ ਦਾ ਪੂਰਾ ਰਿਕਾਰਡ ਹੋਣ ਦੀ ਗੱਲ ਕਹੀ

ਐਸ.ਏ.ਐਸ.ਨਗਰ, 6 ਅਪ੍ਰੈਲ (ਸ.ਬ.) ਮੁਹਾਲੀ ਜਿਲ੍ਹੇ ਦੇ ਅਧੀਨ ਪੈਂਦੇ ਪਿੰਡ ਚੰਦਪੁਰ ਦੇ ਕੁੱਝ ਵਸਨੀਕਾਂ ਨੇ ਪਿੰਡ ਦੇ ਪੰਚਾਇਤ ਮੈਂਬਰਾਂ ਤੇ ਦੋਸ਼ ਲਾਇਆ ਹੈ ਕਿ ਪਿੰਡ ਦੀ ਜਮੀਨ (ਜਿਹੜੀ ਪੰਜਾਬ ਸਰਕਾਰ ਵਲੋਂ ਅਕਵਾਇਰ ਕੀਤੀ ਗਈ ਸੀ) ਦੇ ਲਗਭਗ ਡੇਢ ਤੋ ਦੋ ਕਰੋੜ ਰੁਪਏ ਦੀ ਦੁਰਵਰਤੋਂ ਕਰਦਿਆਂ ਇਸ ਪੈਸੇ ਨੂੰ ਪਿੰਡ ਦੇ ਵਿਕਾਸ ਲਈ ਨਾ ਵਰਤ ਕੇ ਆਪਣੇ ਨਿੱਜੀ ਕੰਮ ਕਾਰਾਂ ਲਈ ਵਰਤਿਆ ਗਿਆ ਹੈ| ਪਿੰਡ ਵਾਸੀ ਮਿਰਥੀ ਗਿਰ, ਅਸ਼ੋਕ ਕੁਮਾਰ, ਵੇਦ ਪ੍ਰਕਾਸ਼, ਹਰਪਾਲ ਸਿੰਘ, ਤਿਲਕਰਾਜ ਨੰਬਰਦਾਰ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਵਿੱਚ ਚਾਰ ਬੋਰ ਖੇਤੀਬਾੜੀ ਲਈ ਕਰਵਾਏ ਗਏ ਸਨ ਜਿਨ੍ਹਾਂ ਤੇ ਉਨ੍ਹਾਂ ਵੱਲੋਂ 25 ਲੱਖ ਰੁਪਏ ਦਾ ਖਰਚਾ ਕੀਤਾ ਵਿਖਾਇਆ ਗਿਆ ਹੈ ਜਦੋਂ ਕਿ ਇਹ ਬੋਰ ਕਰਨ ਲਈ ਉਨ੍ਹਾਂ ਕੋਲ ਕਿਸੇ ਅਧਿਕਾਰੀ ਦੀ ਪਰਮੀਸ਼ਨ ਤਕ ਨਹੀਂ ਸੀ|
ਉਨ੍ਹਾਂ ਇਲਜਾਮ ਲਗਾਇਆ ਕਿ ਪੰਚਾਇਤ ਵਲੋਂ ਇਹਨਾਂ ਵਿੱਚੋਂ ਦੋ ਬੋਰਾਂ ਤੇ ਬਣਾਏ ਕੋਠਿਆਂ ਤੇ 10 ਲੱਖ ਦਾ ਖਰਚ ਦੱਸਿਆ ਗਿਆ ਹੈ ਜਦੋਂਕਿ ਇੱਕ ਆਮ ਵਿਅਕਤੀ ਪੰਜ ਲੱਖ ਰੁਪਏ ਵਿੱਚ ਆਪਣਾ ਪੂਰਾ ਮਕਾਨ ਬਣਾ ਲੈਂਦਾ ਹੈ| ਉਹਨਾਂ ਮੰਗ ਕੀਤੀ ਕਿ ਪੰਚਾਇਤ ਵੱਲੋਂ ਵਰਤੀ ਗਈ ਰਕਮ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾਂ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਬੀਡੀਪੀਓ ਦਫਤਰ ਦਾ ਘੇਰਾਅ ਕੀਤਾ ਜਾਏਗਾ|
ਇਸ ਸਬੰਧੀ ਸੰਪਰਕ ਕਰਨ ਤੇ ਬੀਡੀਪੀਓ ਦਿਲਾਵਰ ਕੌਰ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਡਿਪਟੀ ਡਾਇਰੈਕਟਰ ਵੱਲੋਂ ਜਾਂਚ ਕੀਤੀ ਜਾ ਰਹੀ ਹੈ| ਜਲਦ ਹੀ ਜਾਂਚ ਪੂਰੀ ਹੋਣ ਤੇ ਕਾਰਵਾਈ ਕੀਤੀ ਜਾਏਗੀ| ਪਿੰਡ ਦੀ ਸਰਪੰਚ ਪ੍ਰਕਾਸ਼ ਕੌਰ ਨੂੰ ਫੋਨ ਕਰਨ ਤੇ ਉਹਨਾਂ ਦੇ ਪਤੀ ਸ੍ਰ. ਮਲਖਾਨ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਖਰਚੇ ਗਏ ਪੈਸੇ ਦਾ ਪੂਰਾ ਰਿਕਾਰਡ ਮੌਜੂਦ ਹੈ, ਉਹ ਜਦੋਂ ਮਰਜੀ ਆ ਕੇ ਵੇਖ ਸਕਦੇ ਹਨ|

Leave a Reply

Your email address will not be published. Required fields are marked *