ਪਿੰਡ ਚੰਦਪੁਰ ਲਈ ਆਈ ਡੇਢ ਕਰੋੜ ਦੀ ਰਕਮ ਪੰਚਾਇਤ ਵੱਲੋਂ ਖੁਰਦ ਬੁਰਦ ਕਰਨ ਦਾ ਇਲਜਾਮ

ਐਸ.ਏ.ਐਸ.ਨਗਰ, 7 ਜੂਨ (ਸ.ਬ.) ਐਸ ਏ ਐਸ ਨਗਰ ਜਿਲ੍ਹੇ ਦੇ ਪਿੰਡ ਚੰਦਪੁਰ ਦੇ ਵਸਨੀਕਾਂ ਪ੍ਰਿਥੀ ਗਿਰ, ਅਸ਼ੋਕ ਕੁਮਾਰ, ਤਰਲੋਚਨ ਸਿੰਘ, ਦਲਬੀਰ ਸਿੰਘ, ਵੇਦ ਪ੍ਰਕਾਸ਼ ਨੇ ਇਲਜਾਮ ਲਗਾਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਦੀ ਐਕੁਵਾਇਰ ਕੀਤੀ ਜਮੀਨ ਦੀ ਰਕਮ (ਜੋ ਡੇਢ ਕਰੋੜ ਰੁਪਏ ਦੇ ਕਰੀਬ ਸੀ) ਨੂੰ ਪੰਚਾਇਤ ਵੱਲੋਂ ਮਿਲੀ ਭੁਗਤ ਨਾਲ ਖੁਰਦ ਬੁਰਦ ਕਰ ਦਿੱਤਾ ਗਿਆ ਹੈ| ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਚੰਦਪੁਰ ਦੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਫਿਕਾਇਤ ਦਿੱਤੀ ਗਈ ਅਤੇ ਜਨਵਰੀ 2018 ਵਿੱਚ ਫਾਈਨਾਂਸ ਕਮਿਸ਼ਨਰ ਕੋਲ ਕੇਸ ਦਾਇਰ ਕੀਤਾ ਸੀ ਜਿਸ ਦਾ ਸਮਾਂ ਤਿੰਨ ਹਫਤੇ ਦਾ ਸੀ ਪ੍ਰੰਤੂ ਹੁਣ ਪੰਜ ਮਹੀਨੇ ਗੁਜਰ ਜਾਣ ਉਪਰੰਤ ਵੀ ਇੰਕੁਆਇਰੀ ਅਫਸਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ| ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਸਬੂਤ ਤੇ ਦਸਤਾਵੇਜ ਵੀ ਕਈ ਮਹੀਨੇ ਪਹਿਲਾਂ ਇੰਕੁਆਇਰੀ ਅਫਸਰ ਨੂੰ ਦਿੱਤੇ ਜਾ ਚੁੱਕੇ ਹਨ| ਉਹਨਾਂ ਕਿਹਾ ਕਿ ਜਦੋਂ ਉਹ ਇੰਕੁਆਇਰੀ ਅਫਸਰ ਨੂੰ ਇਸ ਬਾਰੇ ਪੁੱਛਦੇ ਹਨ ਤਾਂ ਜਵਾਬ ਮਿਲਦਾ ਹੈ ਕਿ ਪੰਚਾਇਤ ਕਿਸੇ ਵੀ ਤਰੀਖ ਤੇ ਹਾਜ਼ਿਰ ਨਹੀਂ ਹੋਈ|
ਪਿੰਡ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਪਿਛਲੀ ਸਰਕਾਰ ਵਿੱਚ ਪਿੰਡ ਚੰਦਪੁਰ ਵਿਖੇ ਕੀਤੇ ਕਰੋੜਾਂ ਦੇ ਘਪਲੇ ਦੀ ਪੜਤਾਲ ਨੂੰ ਪੂਰਾ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਬਣਦੀ ਸਜਾ ਦਿੱਤੀ ਜਾਵੇ|

Leave a Reply

Your email address will not be published. Required fields are marked *