ਪਿੰਡ ਜਗਤਪੁਰਾ ਵਿੱਚ ਆਪਣੇ ਕਮਰੇ ਵਿੱਚ ਫਾਹੇ ਨਾਲ ਲਮਕਦੇ ਮਿਲੇ ਸਨਜੀਤ ਕੁਮਾਰ ਦੇ ਪਰਿਵਾਰ ਨੇ ਮ੍ਰਿਤਕ ਦੀ ਪਤਨੀ ਅਤੇ ਸਹੁਰੇ ਪਰਿਵਾਰ ਤੇ ਕਤਲ ਦਾ ਇਲਜਾਮ ਲਗਾਇਆ, ਐਸ ਐਸ ਪੀ ਨੂੰ ਦਿੱਤੀ ਸ਼ਿਕਾਇਤ

ਪਿੰਡ ਜਗਤਪੁਰਾ ਵਿੱਚ ਆਪਣੇ ਕਮਰੇ ਵਿੱਚ ਫਾਹੇ ਨਾਲ ਲਮਕਦੇ ਮਿਲੇ ਸਨਜੀਤ ਕੁਮਾਰ ਦੇ ਪਰਿਵਾਰ ਨੇ ਮ੍ਰਿਤਕ ਦੀ ਪਤਨੀ ਅਤੇ ਸਹੁਰੇ ਪਰਿਵਾਰ ਤੇ ਕਤਲ ਦਾ ਇਲਜਾਮ ਲਗਾਇਆ, ਐਸ ਐਸ ਪੀ ਨੂੰ ਦਿੱਤੀ ਸ਼ਿਕਾਇਤ

ਪੁਲੀਸ ਤੇ ਮਾਮਲੇ ਨੂੰ ਖੁਦਕਸ਼ੀ ਦੀ ਰੰਗਤ ਦੇਣ ਦਾ ਇਲਜਾਮ ਲਗਾਇਆ, ਪੁਲੀਸ ਨੇ ਦੋਸ਼ ਨਕਾਰ
ਐਸ.ਏ.ਐਸ.ਨਗਰ, 18 ਸਤੰਬਰ (ਆਰ ਪੀ ਵਾਲੀਆ) ਪਿੰਡ ਜਗਤਪੁਰਾ ਵਿੱਚ ਬੀਤੀ 15 ਤਰੀਕ ਨੂੰ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਮੌਤ ਦਾ ਸ਼ਿਕਾਰ ਹੋਏ ਸਨਜੀਤ ਕੁਮਾਰ (ਜੋ ਚੰਡੀਗੜ੍ਹ ਦੇ ਸੈਕਟਰ 35 ਵਿੱਚ ਇੱਕ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ) ਦੇ ਮਾਂ ਬਾਪ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਇਲਜਾਮ ਲਗਾਇਆ ਹੈ ਕਿ ਸਨਜੀਤ ਕੁਮਾਰ ਨੇ ਖੁਦਕੁਸ਼ੀ ਨਹੀਂ ਕੀਤੀ ਬਲਕਿ ਉਸਦੀ ਪਤਨੀ ਅਤੇ ਸਹੁਰੇ ਪਰਿਵਾਰ ਵਲੋਂ ਸਨਜੀਤ ਕੁਮਾਰ ਦਾ ਕਤਲ ਕੀਤਾ ਗਿਆ ਹੈ ਅਤੇ ਪੁਲੀਸ ਇਸ ਮਾਮਲੇ ਨੂੰ ਖੁਦਕੁਸ਼ੀ ਦਾ ਮਾਮਲਾ ਦੱਸ ਕੇ ਖਤਮ ਕਰਨ ਦੀ ਕੋਸ਼ਿਸ਼ ਵਿੱਚ ਹੈ ਜਦੋਂਕਿ ਮਾਮਲੇ ਦੇ ਜਾਂਚ ਅਧਿਕਾਰੀ ਅਨੁਸਾਰ ਪੁਲੀਸ ਵਲੋਂ ਜਿਸ ਕਮਰੇ ਵਿੱਚੋਂ ਫਾਹਾ ਲੈ ਕੇ ਲਮਕਦੀ ਮ੍ਰਿਤਕ ਦੀ ਲਾਸ਼ ਬਰਾਮਦ ਕੀਤੀ ਸੀ ਉਹ ਕਮਰਾ ਅੰਦਰੋ ਬੰਦ ਸੀ ਅਤੇ ਉਸਦਾ ਲੋਹੇ ਦਾ ਦਰਵਾਜਾ ਪੁਲੀਸ ਵਲੋਂ ਤੋੜ ਕੇ ਲਾਸ਼ ਨੂੰ ਬਰਾਮਦ ਕੀਤਾ ਗਿਆ ਸੀ ਇਸ ਲਈ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਵਰਤੀ ਗਈ ਹੈ| 
ਸਨਜੀਤ ਕੁਮਾਰ ਦੇ ਪਿਤਾ ਭਇਆ ਲਾਲ, ਮਾਂ ਮੀਨਾ, ਭਰਾ ਕਰਨ ਅਤੇ ਭੈਣ ਕੰਚਨ ਨੇ ਅੱਜ ਸਥਾਨਕ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਮੁਰਦਾਘਰ ਦੇ ਬਾਹਰ ਇਕੱਠੇ ਹੋ ਕੇ ਇਲਜਾਮ ਲਗਾਇਆ ਕਿ ਪੁਲੀਸ ਵਲੋਂ ਇਸ ਮਾਮਲੇ ਵਿੱਚ ਸਨਜੀਤ ਕੁਮਾਰ ਦੇ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਉਹਨਾਂ ਵਲੋਂ ਇਸ ਸੰਬੰਧੀ ਐਸ ਐਸ ਪੀ ਮੁਹਾਲੀ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਨਜੀਤ ਕੁਮਾਰ ਦਾ ਵਿਆਹ 2014 ਵਿੱਚ ਰੌਸ਼ਨੀ ਨਾਲ ਹੋਇਆ ਸੀ| ਉਸਦੀ ਇੱਕ ਬੇਟੀ ਵੀ ਸੀ ਅਤੇ ਉਹ ਜਗਤਪੁਰਾ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ|
ਸ਼ਿਕਾਇਤਕਰਤਾਵਾਂ ਦਾ ਇਲਜਾਮ ਹੈ ਕਿ ਸਨਜੀਤ ਕੁਮਾਰ ਦੇ ਸਹੁਰੇ ਪਰਿਵਾਰ ਵਲੋਂ ਉਸਨੂੰ ਤੰਗ ਕੀਤਾ ਜਾਂਦਾ ਸੀ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ| ਇਸ ਦੌਰਾਨ ਸਨਜੀਤ ਕੁਮਾਰ ਦੇ ਮਕਾਨ ਮਾਲਕ ਦੇ ਪੁੱਤਰ ਵੀ ਉਸਦੇ ਸਹੁਰੇ ਪਰਿਵਾਰ ਦੇ ਨਾਲ ਮਿਲ ਕੇ ਸਨਜੀਤ ਕੁਮਾਰ ਤੇ ਜੁਲਮ ਕਰਦੇ ਸਨ| ਉਹਨਾਂ ਲਿਖਿਆ ਹੈ ਕਿ ਸਨਜੀਤ ਦੇ ਸਹੁਰੇ ਵਲੋਂ ਇੱਕ ਮਹੀਨਾ ਪਹਿਲਾਂ ਹੀ ਉਹਨਾਂ ਨੂੰ ਧਮਕੀ ਦੇ ਦਿੱਤੀ ਗਈ ਸੀ ਕਿ ਉਹ ਆਪਣੇ ਪੁੱਤਰ ਨੂੰ ਆਪਣੇ ਨਾਲ ਲੈ ਜਾਣ ਵਰਨਾ ਉਹ ਉਸਦਾ ਕਤਲ ਕਰ ਦੇਣਗੇ| 
ਸਨਜੀਤ ਦੇ ਪਿਤਾ ਨੇ ਦੱਸਿਆ ਕਿ 16 ਸਤੰਬਰ ਨੂੰ ਸਨਜੀਤ ਦੀ ਪਤਨੀ ਰੌਸ਼ਨੀ ਦੇ ਮੋਬਾਈਲ ਤੋਂ ਉਹਨਾਂ ਦੇ ਬੇਟੇ ਕਰਨ ਦੇ ਫੋਨ ਤੇ ਕਾਲ ਆਈ ਸੀ ਅਤੇ ਰੌਸ਼ਨੀ ਦੇ ਪਿਤਾ ਕਿਸ਼ਨ ਨੇ ਕਰਨ ਨੂੰ ਦੱਸਿਆ ਸੀ ਕਿ ਸਨਜੀਤ ਨੇ ਆਪਣੇ ਕਮਰੇ ਦਾ ਦਰਵਾਜਾ ਬੰਦ ਕੀਤਾ ਹੋਇਆ ਹੈ ਅਤੇ ਰੌਸ਼ਨੀ ਦੋ ਘੰਟੇ ਤੋਂ ਬਾਹਰ ਖੜ੍ਹੀ ਦਰਵਾਜਾ ਖੜਕਾ ਰਹੀ ਹੈ| 
ਉਹਨਾਂ ਕਿਹਾ ਕਿ ਅਗਲੇ ਦਿਨ (17 ਸਤੰਬਰ ਨੂੰ) ਸਨਜੀਤ ਦੇ ਇੱਕ ਦੋਸਤ ਦੇ ਪਿਤਾ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਸਨਜੀਤ ਨੇ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ| ਉਹਨਾਂ ਕਿਹਾ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਵੇਖਿਆ ਕਿ ਸਨਜੀਤ ਦੀ ਲਾਸ਼ ਬਹੁਤ ਮਾੜੀ ਹਾਲਤ ਵਿੱਚ ਸੀ , ਉਸਦਾ ਸਿਰ ਫਟਿਆ ਹੋਇਆ ਸੀ ਅਤੇ ਕਮਰੇ ਵਿੱਚ ਸਾਰੇ ਪਾਸੇ ਖੂਨ ਡੁੱਲਿਆ ਹੋਇਆ ਸੀ| ਉਸਦੇ ਮੂੰਹ ਅਤੇ ਸ਼ਰੀਰ ਤੇ ਹੋਰ ਵੀ ਸੱਟਾ ਲੱਗੀਆਂ ਹੋਈਆਂ ਸਨ| ਉਹਨਾਂ ਇਲਜਾਮ ਲਗਾਇਆ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਨਹੀਂ ਹੈ ਬਲਕਿ ਉਹਨਾਂ ਦੇ ਬੇਟੇ ਦਾ ਕਤਲ ਹੋਇਆ ਹੈ ਅਤੇ ਪੁਲੀਸ ਵਲੋਂ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ, ਮ੍ਰਿਤਕ ਦੇ ਸੱਸ-ਸਹੁਰੇ, ਮਕਾਨ ਮਾਲਕ ਅਤੇ ਮਕਾਨ ਮਾਲਕ ਦੇ ਦੋ ਪੁੱਤਰਾਂ (ਜਿਹੜੇ ਉਹਨਾਂ ਦੇ ਪੁੱਤਰ ਦੀ ਕੁੱਟਮਾਰ ਕਰਦੇ ਸੀ) ਦੇ ਖਿਲਾਫ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ| 
ਦੂਜੇ ਪਾਸੇ ਮਾਮਲੇ ਦੇ ਜਾਂਚ ਅਧਿਕਾਰੀ ਸੋਹਾਣਾ ਥਾਣੇ ਦੇ ਏ ਐਸ ਆਈ ਸਤਪਾਲ ਨੇ ਕਿਹਾ ਕਿ ਪੁਲੀਸ ਕੰਟਰੋਲ ਰੂਮ ਦਾ ਮੈਸੇਜ ਆਉਣ ਤੇ ਉਹ ਜਦੋਂ ਮੌਕੇ ਤੇ ਪਹੁੰਚੇ ਸੀ ਤਾਂ ਮ੍ਰਿਤਕ ਦੇ ਕਮਰੇ ਦਾ ਦਰਵਾਜਾ ਅੰਦਰੋ ਬੰਦ ਸੀ| ਉਹਨਾਂ ਕਿਹਾ ਕਿ ਇਹ ਲੋਹੇ ਦਾ ਮਜਬੂਤ ਦਰਵਾਜਾ ਹੈ ਜਿਹੜਾ ਅੰਦਰੋ ਹੀ ਬੰਦ ਕੀਤਾ ਗਿਆ ਸੀ ਅਤੇ ਪੁਲੀਸ ਜਦੋਂ ਦਰਵਾਜਾ ਤੋੜ ਕੇ ਅੰਦਰ ਦਾਖਿਲ ਹੋਈ ਸੀ ਤਾਂ ਮਿਤਕ ਦੀ ਲਾਸ਼ ਛੱਤ ਦੇ ਪੱਖੇ ਨਾਲ ਲਮਕ ਰਹੀ ਸੀ| ਉਹਨਾਂ ਕਿਹਾ ਕਿ ਪੁਲੀਸ ਵਲੋਂ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਲਈ ਹਸਪਤਾਲ ਭਿਜਵਾ ਦਿੱਤਾ ਗਿਆ ਸੀ ਅਤੇ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *