ਪਿੰਡ ਦਾਊਂ ਲਈ ਪੁੱਲ ਤੋਂ ਰਸਤਾ ਨਾ ਦੇਣ ਕਾਰਨ ਵਸਨੀਕਾਂ ਵਲੋਂ ਰਾਜਨੀਤਿਕ ਨੇਤਾਵਾਂ ਦੇ ਬਾਈਕਾਟ ਦਾ ਫੈਸਲਾ, ਸਿਆਸੀ ਆਗੂਆਂ ਨੂੰ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਪ੍ਰਸ਼ਾਸ਼ਨ ਦੀ ਧੱਕੇਸ਼ਾਹੀ ਵਿਰੁੱਧ ਕਾਲੀ ਦਿਵਾਲੀ ਮਣਾਉਣਗੇ ਪਿੰਡ ਦੇ ਵਸਨੀਕ


ਐਸ. ਏ ਐਸ ਨਗਰ, 17 ਅਕਤੂਬਰ (ਸ.ਬ.) ਨੈਸ਼ਨਲ                ਹਾਈਵੇਅ ਅਥਾਰਿਟੀ ਰਾਹੀਂ ਬਣਾਏ ਜਾ ਰਹੇ ਪੁੱਲ ਤੋਂ ਪਿੰਡ ਦਾਊਂ ਨੂੰ ਰਸਤਾ ਨਾ ਦੇਣ ਦਾ ਮਾਮਲਾ ਦਿਨੋ ਦਿਨ ਭਖਦਾ ਜਾ ਰਿਹਾ ਹੈ| ਪ੍ਰਸ਼ਾਸਨ, ਰਾਜਨੀਤਿਕ ਅਤੇ ਰਾਜਸੀ ਆਗੂਆਂ ਦੇ ਲਾਰਿਆਂ ਤੋਂ ਬਾਅਦ ਮਿੱਥੇ ਸਮੇਂ ਵਿੱਚ ਰਸਤਾ ਨਾ ਦੇਣ ਕਾਰਨ  ਬੀਤੀ 10 ਅਕਤੂਬਰ ਨੂੰ ਦਰਜਨਾਂ ਪਿੰਡਾਂ, ਕਲੌਨੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਡੇਰਾ ਬਾਬਾ ਖੜਕ ਸਿੰਘ ਦੇ ਸ਼ਰਧਾਲੂਆਂ ਵੱਲੋਂ ਮੋਰਚਾ ਲਾ ਕੇ ਪੁਲ ਦਾ ਕੰਮ ਬੰਦ ਕਰਵਾਇਆ ਗਿਆ ਸੀ| ਉਸ  ਸਮੇਂ ਪ੍ਰਸ਼ਾਸਨ ਵੱਲੋਂ ਇਹ ਵਾਅਦਾ ਕਰਨ ਤੇ, ਕਿ 15 ਦਿਨਾਂ ਵਿੱਚ ਇਸ ਮਾਮਲੇ ਦਾ ਹੱਲ ਕਰਕੇ ਰਸਤਾ ਦਿਵਾਇਆ ਜਾਵੇਗਾ, ਇਲਾਕਾ ਵਾਸੀਆਂ ਨੂੰ ਧਰਨਾ ਚੁੱਕ ਲਿਆ ਸੀ, ਪਰ ਹੁਣ ਇਲਾਕਾ ਵਾਸੀਆਂ ਦੀ ਮੰਗ  ਪ੍ਰਸ਼ਾਸਨ ਵਲੋਂ ਨਹੀਂ ਮੰਨੀ ਜਾ ਰਹੀ|
ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ, ਸ੍ਰ. ਕਰਤਾਰ ਸਿੰਘ ਸਰਾਭਾ ਕਲੱਬ (ਰਜਿ:) ਦੇ ਮਂੈਬਰ ਗੋਲਡੀ, ਪਰਮਿੰਦਰ ਸਿੰਘ, ਅਮਿਤ ਵਰਮਾ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ  ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਘਰ ਘਰ ਪੁਲੀਸ          ਭੇਜ ਕੇ ਡਰਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ, ਝੂਠੇ ਕੇਸਾਂ ਦਾ ਡਰਾਵਾ ਦੇ ਕੇ ਇਸ ਧਰਨੇ ਤੋਂ ਰੋਕਿਆ ਜਾ ਰਿਹਾ ਹੈ| 
ਉਹਨਾਂ ਕਿਹਾ ਕਿ ਇਸੇ ਪ੍ਰਸ਼ਾਸਨ ਅਤੇ ਸਥਾਨਕ ਨੇਤਾ ਬਲਬੀਰ ਸਿੰਘ ਸਿੱਧੂ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਰਸਤਾ ਦਿਵਾਉਣ ਦਾ ਪੱਕਾ ਭਰੋਸਾ ਦਿੱਤਾ ਸੀ ਅਤੇ  ਇਸ ਤੋਂ ਪਹਿਲਾਂ ਵੀ ਕਈ ਰਾਜਸੀ ਆਗੂ ਦਾਊਂ ਪਿੰਡ ਦੇ ਲੋਕਾਂ ਨੂੰ ਪੁੱਲ ਤੋਂ ਰਸਤਾ ਦਿਵਾਉਣ ਦਾ ਲਾਰਾ ਲਾ ਚੁਕੇ ਹਨ| ਉਹਨਾਂ ਕਿਹਾ ਕਿ ਅਕਾਲੀ ਆਗੂ, ਸਾਬਕਾ ਸਰਪੰਚ ਪਿੰਡ ਦਾਊਂ ਅਵਤਾਰ ਸਿੰਘ ਗੋਸਲ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨਾਲ ਪਿੰਡ ਦਾਊਂ ਦੇ ਬਣ ਰਹੇ ਪੁੱਲ ਥੱਲੇ ਵੀਡੀਓ ਜਾਰੀ ਕਰਕੇ ਪਿੰਡ ਅਤੇ ਇਲਾਕਾ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਉਹ ਪਟਿਆਲੇ ਵਿਖੇ ਬਣੇ ਹੋਏ ਪੁੱਲਾਂ ਨੂੰ ਤੁੜਵਾ ਕੇ ਰਸਤਾ ਦਿਵਾ ਚੁੱਕੇ ਹਨ ਇਸ ਲਈ ਇੱਥੇ ਵੀ ਉਹ ਪੁੱਲ ਨਹੀਂ ਬਣਨ ਦੇਣਗੇ ਅਤੇ ਜੇਕਰ ਪੁਲ ਬਣ ਵੀ ਗਿਆ ਤਾਂ ਵੀ ਇਸਨੂੰ ਤੋੜ ਕੇ ਰਸਤਾ ਦਿਵਾਇਆ ਜਾਵੇਗਾ| ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸਾਬਕਾ ਮੰਤਰੀ  ਮਦਨ ਮੋਹਨ ਮਿੱਤਲ ਦੇ ਪੁੱਤਰ ਅਤੇ ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਮਿੱਤਲ ਨੇ ਵੀ ਪਿੰਡ ਅਤੇ ਇਲਾਵਾ ਵਾਸੀਆਂ ਨੂੰ ਯਕੀਨ ਦਿਵਾਇਆ ਸੀ ਕਿ ਇਸ ਰਸਤਾ ਹਰ ਹਾਲਤ ਵਿੱਚ ਦਿਵਾਇਆ ਜਾਵੇਗਾ ਪਰੰਤੂ ਇਨ੍ਹਾਂ ਤਿੰਨੇ ਰਾਜਨੀਤਿਕ ਪਾਰਟੀਆਂ ਦੇ ਇਨ੍ਹਾਂ ਨੇਤਾਵਾਂ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ| 
ਉਹਨਾਂ ਕਿਹਾ ਕਿ ਬੀਤੀ 10 ਅਕਤੂਬਰ  ਨੂੰ ਕੰਮ ਬੰਦ ਕਰਵਾਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਭਰੋਸੇ ਦੇਣ ਤੇ ਇਲਾਕਾ ਵਾਸੀਆਂ ਨੇ ਧਰਨਾ ਖਤਮ ਕਰ ਦਿੱਤਾ ਸੀ ਅਤੇ ਰੋਕਾਂ ਖੜ੍ਹੀਆਂ ਕਰਕੇ ਪੁਲ ਦਾ ਕੰਮ ਰੁਕਵਾਇਆ ਹੋਇਆ ਸੀ ਪਰੰਤੂ ਜਿਲ੍ਹਾ ਪ੍ਰਸ਼ਾਸਨ ਨੇ ਪੁਲੀਸ ਪ੍ਰਸ਼ਾਸਨ ਰਾਹੀਂ ਲੋਕਾਂ ਨੂੰ ਦਬਕੇ ਮਾਰ ਕੇ ਅਤੇ ਡਰਾ ਧਮਕਾ ਕੇ ਇਸ ਪੁੱਲ ਦਾ ਕੰਮ ਦੁਬਾਰਾ ਸ਼ੁਰੂ ਕਰਵਾ ਦਿੱਤਾ ਹੈ ਜੋ ਕਿ ਇਲਾਕੇ ਦੇ ਲੋਕਾਂ ਨਾਲ ਧੱਕਾ ਹੈ| ਉਹਨਾਂ ਕਿਹਾ  ਕਿ ਦਾਊਂ ਅਤੇ ਬਾਕੀ ਕਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰਸ਼ਾਸਨ ਵੱਲੋਂ ਧਮਕੀਆਂ ਦੇ ਕੇ ਪਿੱਛੇ ਹਟਣ ਲਈ ਕਿਹਾ ਗਿਆ ਹੈ| 
ਉਹਨਾਂ ਕਿਹਾ ਕਿ ਹੁਣ ਦਾਊਂ ਪਿੰਡ ਦੇ ਵਸਨੀਕਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਅੱਜ ਤੋਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਲੀਡਰ ਨੂੰ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਅਤੇ ਸਾਰੇ ਇਲਾਕੇ ਵਿੱਚ ਇਸ ਸਬੰਧੀ ਪੋਸਟਰ ਲਗਾਏ ਗਏ ਹਨ| ਲੀਡਰਾਂ ਦੀਆਂ ਭਰੋਸੇ ਦੇਣ ਵਾਲੀਆਂ ਵੀਡੀਓ ਜਾਰੀ ਕਰਕੇ ਕਾਲੀ ਦਿਵਾਲੀ ਮਨਾਉਣ ਦਾ ਫੈਸਲਾ ਕੀਤਾ ਗਿਆ|

Leave a Reply

Your email address will not be published. Required fields are marked *