ਪਿੰਡ ਦੈੜੀ ਦੀ ਸ਼ਾਮਲਾਤ ਜਮੀਨ ਦੇ ਤਬਾਦਲੇ ਤੇ ਹਾਈਕੋਰਟ ਦੀ ਸਟੇਅ ਮੰਤਰੀ ਦੇ ਭਰਾ ਨੇ ਕਰੋੜਾਂ ਦੀ ਸ਼ਾਮਲਾਤ ਜ਼ਮੀਨ ਦਾ ਕਰਵਾਇਆ ਕੌਡੀਆਂ ਦੀ ਜ਼ਮੀਨ ਨਾਲ ਤਬਾਦਲਾ : ਪਰਵਿੰਦਰ ਸਿੰਘ ਬੈਦਵਾਨ


ਐਸ ਏ ਐਸ ਨਗਰ, 14 ਅਕਤੂਬਰ (ਸ.ਬ.) ਪਿੰਡ ਦੈੜੀ ਦੀ ਕਰੋੜਾਂ ਰੁਪਏ ਦੀ ਸ਼ਾਮਲਾਤ ਜਮੀਨ ਦਾ ਕਥਿਤ ਤੌਰ ਤੇ ਸਸਤੇ ਭਾਅ ਦੀ ਜਮੀਨ ਲੈ ਕੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਦੀ ਕੰਪਨੀ ਨੂੰਤਬਦੀਲ ਕਰਨ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਹੁੰਚ ਗਿਆ ਹੈ ਅਤੇ ਮਾਣਯੋਗ ਹਾਈਕੋਰਟ ਵਲੋਂ ਇਸ ਜਮੀਨ ਦਾ ਤਬਾਦਲਾ ਕਰਨ ਸਬੰਧੀ ਕਮਿਸ਼ਨਰ ਵਿੱਤ ਵਿਭਾਗ ਪੰਜਾਬ ਵਲੋਂ ਕੀਤੇ 9 ਜੂਨ 2020 ਵਾਲੇ ਹੁਕਮਾਂ ਤੇ ਰੋਕ ਲਗਾ ਦਿਤੀ ਹੈ| 
ਅੱਜ ਇੱਥੇ ਇੱਕ ਪੱਤਰਕਾਰ            ਸੰਮੇਲਨ ਦੌਰਾਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਜਿਲ੍ਹਾ ਮੁਹਾਲੀ ਦੇ ਸ਼ਹਿਰੀ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਇਲਜਾਮ ਲਗਾਇਆ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਆਪਣਾ ਰਸੂਖ ਵਰਤਦਿਆਂ ਪਿੰਡ ਦੈੜੀ ਦੀ ਗ੍ਰਾਮ ਪੰਚਾਇਤ ਦੀ ਕਰੀਬ 43 ਕਨਾਲ ਜਮੀਨ ਦਾ ਤਬਾਦਲਾ ਆਪਣੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਾਈਵੇਟ ਫਰਮ ਲੈਂਡ ਚੈਸਟਰ ਇੰਨਫਰਾਸਟਰਕਚਰ ਐਸੋਸੀਏਟਸ ਦੇ ਹਿਸੇਦਾਰ ਪਾਰਸ ਮਹਾਜਨ (ਜੋ ਇਸ ਕੰਪਨੀ ਦੇ ਹਿੱਸੇਦਾਰ ਹਨ) ਦੀ ਜਮੀਨ ਨਾਲ ਕਰਵਾ ਦਿੱਤਾ ਗਿਆ  ਹੈ ਅਤੇ ਕਰੋੜਾਂ  ਰੁਪਏ ਦੀ ਕੀਮਤ ਵਾਲੀ ਇਸ ਜਮੀਨ ਬਦਲੇ ਪੰਚਾਇਤ ਨੂੰ ਨਦੀ ਦੇ ਨਾਲ ਲੱਗਦੀ ਜਮੀਨ ਦੇ ਦਿੱਤੀ ਗਈ ਹੈ ਜਿਸਦੀ ਬਾਜਾਰ ਕੀਮਤ ਬਹੁਤ ਘੱਟ ਹੈ| ਉਹਨਾਂ ਕਿਹਾ ਕਿ ਮੰਤਰੀ ਦੇ ਭਰਾ ਵਲੋਂ ਤਬਾਦਲਾ ਕਰਵਾਈ ਗਈ ਇਸ ਕਰੋੜਾਂ ਰੁਪਏ ਦੀ ਸ਼ਾਮਲਾਤ ਜਮੀਨ ਉਪਰ ਆਪਣੀ ਕੰਪਨੀ ਦੇ ਬੋਰਡ ਅਤੇ ਝੰਡੇ ਲਗਾ ਦਿਤੇ ਹਨ| 
ਸ੍ਰ. ਬੈਦਵਾਨ ਦੇ ਨਾਲ ਹਾਜਿਰ ਪਿੰਡ ਦੈੜੀ ਨਿਵਾਸੀ ਬਲਜੀਤ ਸਿੰਘ ਨੇ ਦਸਿਆ ਕਿ ਪਿੰਡ ਦੈੜੀ ਦੀ ਜਿਸ ਜਮੀਨ ਨਾਲ ਤਬਾਦਲਾ ਕੀਤਾ ਗਿਆ ਹੈ, ਉਸ ਜਮੀਨ ਦੇ ਕਰੀਬ 6 ਏਕੜ ਦਾ ਫਰੰਟ ਏਅਰਪੋਰਟ ਰੋਡ ਦੇ ਨਾਲ ਲੱਗਦਾ ਹੈ ਜਦੋਂਕਿ ਪਾਰਸ ਮਹਾਜਨ ਦੀ ਮਲਕੀਅਤ ਵਾਲੀ ਜਮੀਨ ਪਿੰਡ ਦੈੜੀ ਵਾਲੇ ਚੋਅ ਦੇ ਨਾਲ ਲੱਗਦੀ ਸੀ| ਇਸ ਚੋਅ ਦੇ ਨਾਲ ਵਾਲੀ ਜਮੀਨ ਦੀ ਬਾਜਾਰੀ ਕੀਮਤ ਬਹੁਤ ਹੀ ਘੱਟ ਸੀ ਅਤੇ ਉਹ ਜਮੀਨ ਕਾਫੀ ਪਿਛੇ ਹਟਵੀਂ ਸੀ| ਉਹਨਾਂ ਦੱਸਿਆ ਕਿ ਇਸ ਸੰਬੰਧੀ ਉਹਨਾਂ ਵਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਰਿੱਟ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿਚ ਸੁਣਵਾਈ ਕਰਦਿਆਂ ਮਾਨਯੋਗ ਹਾਈਕੋਰਟ ਨੇ ਕਮਿਸ਼ਨਰ ਦੇ ਤਬਾਦਲਾ ਹੁਕਮਾਂ ਤੇ ਸਟੇਅ ਲਗਾ ਦਿਤੀ ਹੈ| 
ਇਸ ਮੌਕੇ ਯੂਥ ਅਕਾਲੀ ਆਗੂ ਪਰਵਿੰਦਰ ਸੋਹਾਣਾ ਨੇ ਇਲਜਾਮ ਲਗਾਇਆ ਕਿ ਮੰਤਰੀ ਦੇ ਭਰਾ ਦੇ ਹਿੱਸੇਦਾਰੀ ਵਾਲੀ ਉਕਤ ਫਰਮ ਨੂੰ ਲਾਭ ਪਹੁਚਾਉਣ ਲਈ ਪਿੰਡ ਦੈੜੀ ਦੀ ਪੰਚਾਇਤ ਅਤੇ ਸਰਕਾਰੀ ਅਫਸਰਾਂ ਨਾਲ ਮਿਲੀਭੁਗਤ ਕਰਕੇ ਪੰਚਾਇਤ ਦੀ ਬਹੁਕਰੋੜੀ ਜਮੀਨ ਨਾਲ ਆਪਣੀ ਘੱਟ ਕੀਮਤ ਵਾਲੀ ਜਮੀਨ ਦਾ ਤਬਾਦਲਾ ਕਰ ਦਿਤਾ ਗਿਆ| ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਤਬਾਦਲਾ ਕਰਨ ਤੋਂ ਪਹਿਲਾਂ ਜਮੀਨ ਦੀ ਮਾਰਕੀਟ ਵੈਲਿਊ ਵੀ ਨਹੀਂ ਪੁਆਈ ਗਈ ਅਤੇ ਅਜਿਹਾ ਕਰਕੇ ਪਿੰਡ ਦੀ ਪੰਚਾਇਤ ਅਤੇ ਸਰਕਾਰੀ ਅਫਸਰਾਂ ਦੀ ਮਿਲੀਭੁਗਤ ਨਾਲ ਕਰੋੜਾਂ ਦੀ ਪੰਚਾਇਤੀ ਜਮੀਨ ਨੂੰ ਮੰਤਰੀ ਦੇ ਸਕੇ ਭਰਾ ਨੇ ਆਪਣੀ ਸਸਤੀ ਜਮੀਨ ਨਾਲ ਤਬਾਦਲਾ ਕਰਕੇ ਵੱਡਾ ਘੁਟਾਲਾ ਕੀਤਾ ਹੈ| ਉਹਨਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਪੰਚਾਇਤ ਵਿਭਾਗ ਅਤੇ ਗਮਾਡਾ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਜਮੀਨ ਦਾ ਸੀ ਐਲ ਯੂ ਤੁਰੰਤ ਰੱਦ ਕੀਤਾ ਜਾਵੇ ਅਤੇ ਇਸ ਕਰੋੜਾਂ ਰੁਪਏ ਦੇ ਸ਼ਾਮਲਾਤ ਜਮੀਨ ਘੁਟਾਲੇ ਦੀ ਉਚ  ਪੱਧਰੀ ਜਾਂਚ ਕਰਵਾਈ ਜਾਵੇ|
ਇਸ ਸੰਬੰਧੀ ਸੰਪਰਕ ਕਰਨ ਤੇ ਦੂਜੇ ਪਾਸੇ ਲੈਂਡ ਚੈਸਟਰ ਇੰਨਫਰਾਸਟਰਕਚਰ ਐਸੋਸੀਏਟਸ ਦੇ ਹਿਸੇਦਾਰ ਪਾਰਸ ਮਹਾਜਨ ਨੇ ਕਿਹਾ ਕਿ ਅਕਾਲੀ ਆਗੂ ਪਰਵਿੰਦਰ ਸਿੰਘ ਬੈਦਵਾਨ ਵਲੋਂ ਉਹਨਾਂ ਦੀ ਕੰਪਨੀ ਤੇ ਜਿਹੜੇ ਵੀ ਇਲਜਾਮ ਲਗਾਏ ਗਏ ਹਨ ਉਹ ਪੂਰੀ ਤਰ੍ਹਾਂ ਬੇਬੁਨਿਆਦ ਹਨ| ਉਹਨਾਂ ਕਿਹਾ ਕਿ ਅਸਲ ਵਿੱਚ ਇਹ ਸਾਰਾ ਕੰਮ ਪੂਰੀ ਤਰ੍ਹਾਂ ਕਾਨੂੰਨ ਦੇ ਦਾਇਰੇ ਹੇਠ ਅਤੇ ਨਿਯਮ ਕਾਇਦੇ ਦੇ ਤਹਿਤ ਹੀ ਹੋਇਆ ਹੈ| ਇਸ ਖੇਤਰ ਦਾ ਨਕਸ਼ਾ ਵਿਖਾਉਂਦਿਆਂ ਉਹਨਾਂ ਕਿਹਾ ਕਿ ਪਿੰਡ ਦੈੜੀ ਦੀ ਇਹ ਜਮੀਨ ਜਿਹੜੀ ਉਹਨਾਂ ਦੀ ਕੰਪਨੀ ਨੂੰ ਟ੍ਰਾਂਸਫਰ ਹੋਈ ਹੈ, ਉਸਦੇ ਬਦਲੇ ਉਹਨਾਂ ਨੇ ਪਿੰਡ ਦੀ ਪੰਚਾਇਤ ਨੂੰ ਸੜਕ ਦੇ ਨਾਲ ਲੱਗਦੀ ਜਮੀਨ ਦਿੱਤੀ ਹੈ| 
ਉਹਨਾ ਕਿਹਾ ਕਿ ਜਦੋਂ ਪਿੰਡ ਦੈੜੀ ਤੋਂ ਹਵਾਈ ਅੱਡੇ ਵੱਲ ਜਾਣ ਲਈ ਸੜਕ ਦੀ ਉਸਾਰੀ ਹੋਈ ਸੀ ਉਦੋਂ ਇਹ ਸੜਕ ਪਿੰਡ ਦੀ ਸ਼ਾਮਲਾਤ ਜਮੀਨ ਦੇ ਵਿੱਚੋਂ ਨਿਕਲੀ ਅਤੇ ਪਿੰਡ ਦੀ ਪੰਚਾਇਤੀ ਜਮੀਨ ਦਾ ਕੁੱਝ ਹਿੱਸਾ ਮਾਣਕਪੁਰ ਵਾਲੇ ਪਾਸੇ ਚਲਾ ਗਿਆ| ਉਹਨਾਂ ਕਿਹਾ ਕਿ ਉਹਨਾਂ ਦੀ ਕੰਪਨੀ ਮਾਣਕਪੁਰ ਵਾਲੇ ਪਾਸੇ ਉਦਯੋਗਿਕ ਪਾਰਕ ਦਾ ਪ੍ਰੇਜੈਕਟ ਲਗਾ ਰਹੀ ਹੈ ਜਿਸ ਲਈ ਮਾਣਕਪੁਰ ਵਾਲੇ ਪਾਸੇ ਪੈਂਦੀ ਜਮੀਨ ਦੇ ਬਦਲੇ ਪਿੰਡ ਦੀ ਪੰਚਾਇਤ ਨੂੰ ਉਸਦੀ ਸ਼ਾਮਲਾਤ ਜਮੀਨ ਦੇ ਨਾਲ ਲੱਗਦੀ ਜਮੀਨ ਦਿੱਤੀ ਗਈ ਹੈ| ਅਦਾਲਤੀ ਕਾਰਵਾਈ ਬਾਰੇ ਉਹਨਾਂ ਕਿਹਾ ਕਿ ਹੁਣੇ ਉਹਨਾਂ ਨੂੰ ਅਦਾਲਤੀ ਹੁਕਮਾਂ ਦੀ ਕਾਪੀ ਨਹੀਂ ਮਿਲੀ ਹੈ ਇਸ ਲਈ ਉਹ ਇਸ ਬਾਰੇ ਕੁੱਝ ਨਹੀਂ ਕਹਿ ਸਕਦੇ| 
ਇਸ ਸੰਬੰਧੀ ਸਿਹਤ ਮੰਤਰੀ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਸੰਪਰਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹਨਾਂ ਨੇ ਫੋਨ ਨਹੀਂ ਚੁੱਕਿਆ|

Leave a Reply

Your email address will not be published. Required fields are marked *