ਪਿੰਡ ਬਠਲਾਣਾ ਅਤੇ ਢੇਲਪੁਰ ਦੇ ਸਰਪੰਚਾਂ ਨੇ ਪੁਲੀਸ ਤੇ ਲਾਏ ਸਿਆਸੀ ਦਬਾਓ ਹੇਠ ਤੰਗ ਕਰਨ ਦੇ ਦੋਸ਼, ਪੁਲੀਸ ਨੇ ਦੋਸ਼ ਨਕਾਰੇ

ਐਸ ਏ ਐਸ ਨਗਰ, 26 ਜੁਲਾਈ, (ਸ.ਬ.) ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭਾਵੇਂ ਮੁੱਖ ਮੰਤਰੀ ਵਲੋਂ ਇਹ ਕਿਹਾ ਗਿਆ ਸੀ ਕਿ ਸਰਕਾਰ ਸਿਆਸੀ ਬਦਲਾਖੋਰੀ ਤਹਿਤ ਕਾਰਵਾਈ ਨਹੀਂ ਕਰੇਗੀ ਪਰੰਤੂ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਕਾਲੀ ਦਲ ਨਾਲ ਸੰਬੰਧਿਤ ਆਗੂਆਂ ਵਲੋਂ ਇਹ ਇਲਜਾਮ ਲਗਾਇਆ ਜਾਣ ਲੱਗ ਪਿਆ ਹੈ ਕਿ ਸੱਤਾਧਾਰੀਆਂ ਦੀ ਸ਼ਹਿ ਤੇ ਪੁਲੀਸ ਵਲੋਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ| ਇਸ ਸੰਬੰਧੀ ਅੱਜ ਇੱਥੇ ਪਿੰਡ ਕੁੰਭੜਾ ਵਿੱਚ ਪੰਚਾਇਤ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ੍ਰ. ਬਲਵਿੰਦਰ ਸਿੰਘ ਕੁੰਭੜਾ ਦੀ ਰਿਹਾਇਸ਼ ਵਿਖੇ ਪਿੰਡ  ਢੇਲਪੁਰ ਦੇ ਸਰਪੰਚ ਸੁਰਿੰਦਰ ਸਿੰਘ, ਪਿੰਡ ਬਠਲਾਣਾ ਦੇ ਸਰਪੰਚ ਧਰਮ ਸਿੰਘ ਅਤੇ ਪਿੰਡ ਪੱਤੋਂ ਨਿਵਾਸੀ ਮੰਗਲ ਸਿੰਘ ਨੇ ਇਲਜਾਮ ਲਗਾਇਆ ਕਿ ਪੁਲੀਸ ਵਲੋਂ ਉਹਨਾਂ ਨੂੰ ਬਿਨਾ ਵਜ੍ਹਾ ਤੰਗ ਕੀਤਾ ਜਾ ਰਿਹਾ ਹੈ| ਉਕਤ ਸਰਪੰਚਾਂ ਨੇ ਦੱਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧ ਰੱਖਦੇ ਹਨ ਅਤੇ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਅਕਾਲੀ ਪਾਰਟੀ ਨੂੰ ਸਹਿਯੋਗ ਦਿੱਤਾ ਸੀ| ਪ੍ਰੰਤੂ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਉਪਰੰਤ ਉਨ੍ਹਾਂ ਨਾਲ ਸਥਾਨਕ ਕਾਂਗਰਸੀ ਆਗੂ ਅਤੇ ਵਰਕਰ ਧੱਕੇਸ਼ਾਹੀਆਂ ਕਰ ਰਹੇ ਹਨ ਅਤੇ ਉਨ੍ਹਾਂ ਉਤੇ ਆਨੇ ਬਹਾਨੇ ਬਣਾ ਕੇ ਹਮਲੇ ਕੀਤੇ ਜਾ ਰਹੇ ਹਨ| Tਹਨਾਂ ਇਹ ਵੀ ਇਲਜਾਮ ਲਗਾਇਆ ਕਿ  ਪੁਲਿਸ ਸਟੇਸ਼ਨ ਸੋਹਾਣਾ ਵਿਖੇ ਤਾਇਨਾਤ ਅਧਿਕਾਰੀ ਪੀੜਤ ਲੋਕਾਂ ਦੀ ਸੁਣਵਾਈ ਨਾ ਕਰਕੇ ਕੇਸਾਂ ਨੂੰ ਗੁੰਝਲਦਾਰ ਬਣਾ ਕੇ ਹਮਲਾਵਰਾਂ ਦਾ ਸਾਥ ਦੇਣ ਵਿੱਚ ਜੁਟੇ ਹੋਏ ਹਨ|
ਇਸ ਮੌਕੇ ਪਿੰਡ ਬਠਲਾਣਾ ਦੇ ਸਰਪੰਚ ਧਰਮ ਸਿੰਘ ਨੇ ਦੱਸਿਆ ਕਿ ਬੀਤੀ ਰਾਤ (25 ਜੁਲਾਈ ਦੀ) ਨੂੰ ਦਸ ਵਜੇ ਦੇ ਕਰੀਬ ਪਿੰਡ ਦੇ ਇੱਕ ਕਾਂਗਰਸੀ ਆਗੂ ਨੇ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਘਰ ਦਾ ਦਰਵਾਜਾ ਖੜਕਾਇਆ| ਦਰਵਾਜਾ ਖੋਲ੍ਹਣ ਗਈ ਉਸਦੀ ਪਤਨੀ ਨੂੰ ਧੱਕੇ ਮਾਰੇ ਅਤੇ ਜਾਤੀਸੂਚਕ ਸ਼ਬਦ ਵਰਤਦੇ ਹੋਏ ਉਸ ਦੇ ਕੱਪੜੇ ਤੱਕ ਫਾੜ ਦਿੱਤੇ| ਬਾਅਦ ਵਿੱਚ ਇਹ ਵਿਅਕਤੀ ਉਹਨਾਂ ਦੋਵਾਂ (ਪਤੀ ਪਤਨੀ) ਨੂੰ ਧੱਕਾ ਮੁੱਕੀ ਕਰਕੇ ਗਾਲੀ ਗਲੋਚ ਕਰਦੇ ਹੋਏ ਫਰਾਰ ਹੋ ਗਏ| ਇਸ ਦੀ ਸੂਚਨਾ ਉਹਨਾਂ ਨੇ ਰਾਤ ਨੂੰ ਸਾਢੇ ਦਸ ਵਜੇ ਸੋਹਾਣਾ ਥਾਣੇ ਜਾ ਕੇ ਦਿੱਤੀ ਪ੍ਰੰਤੂ ਪੁਲਿਸ ਹਮਲਾਵਰਾਂ ਤੇ ਕਾਰਵਾਈ ਕਰਨ ਦੀ ਬਜਾਇ ਰਾਜ਼ੀਨਾਮੇ ਦੀ ਗੱਲਬਾਤ ਕਰਨ ਲੱਗ ਪਈ|
ਪਿੰਡ ਢੇਲਪੁਰ ਦੇ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਰਹਿਣ ਵਾਲੇ ਇੱਕ ਕਾਂਗਰਸੀ ਸਮਰਥਕ ਨੇ ਆਪਣੇ ਘਰ ਦੇ ਕੋਲ ਨਿਯਮਾਂ ਦੇ ਉਲਟ ਗਲੀ ਪੁੱਟ ਕੇ ਸਰਕਾਰੀ ਪਾਈਪਲਾਈਨ ਤੋਂ ਟੂਟੀ ਦਾ ਕੁਨੈਕਸ਼ਨ ਜੋੜ ਲਿਆ| ਸਰਪੰਚ ਨੇ ਇਸ ਗਲਤ ਕੰਮ ਬਾਰੇ ਵਾਟਰ ਸਪਲਾਈ ਵਿਭਾਗ ਨੂੰ ਵੀ ਸ਼ਿਕਾਇਤ ਦਿੱਤੀ| ਜਦੋਂ ਪੁਲਿਸ ਸਟੇਸ਼ਨ ਸੋਹਾਣਾ ਵਿਖੇ ਵੀ ਆਪਣੀ ਸਰਪੰਚੀ ਦੀ ਜ਼ਿੰਮੇਵਾਰੀ ਸਮਝਦੇ ਹੋਏ ਟੂਟੀ ਬਾਰੇ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਮੁਲਜਮ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਇ ਉਲਟਾ ਸਰਪੰਚ ਨੂੰ ਹੀ ਤੰਗ ਕਰ ਹੀ ਹੈ|
ਇਸ ਮੌਕੇ ਸ੍ਰ. ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੀ ਸ਼ਹਿ ਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ| ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਕੀਤੀ ਕਿ ਵਿਰੋਧੀ ਪਾਰਟੀਆਂ ਨਾਲ ਸਬੰਧ ਰੱਖਣ ਵਾਲੇ ਪੰਚਾਂ ਸਰਪੰਚਾਂ ਨਾਲ ਧੱਕੇਸ਼ਾਹੀ ਕਰਨ ਅਤੇ ਜ਼ਲੀਲ ਕਰਨ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ|
ਦੂਜੇ ਪਾਸੇ ਸੋਹਾਣਾ ਪੁਲੀਸ ਨੇ ਇਹਨਾਂ ਇਲਜਾਮਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਹੈ| ਸੰਪਰਕ ਕਰਨ ਤੇ ਐਸ ਐਚ ਓ ਸੋਹਾਣਾ ਸ੍ਰ. ਰਾਜਨ ਪਰਿਮਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਵਲੋਂ ਪੂਰੀ ਤਰ੍ਹਾਂ ਨਿਰਪੱਖ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ ਅਤੇ ਸਿਆਸੀ ਦਬਾਓ ਹੇਠ ਕੰਮ ਕਰਨ ਦੇ ਇਲਜਾਮ ਪੂਰੀ ਤਰ੍ਹਾ ਬੇਬੁਨਿਆਦ ਹਨ| ਉਹਨਾਂ ਕਿਹਾ ਕਿ ਬੁਖਾਰ ਹੋਣ ਕਾਰਨ ਉਹ ਅੱਜ ਥਾਣੇ ਨਹੀਂ ਗਏ ਅਤੇ ਪਿੰਡ ਬਠਲਾਣਾ ਦੇ ਸਰਪੰਚ ਨਾਲ ਵਾਪਰੀ ਘਟਨਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ| ਪਿੰਡ ਢੇਲਪੁਰ ਦੀ ਘਟਨਾ ਬਾਰੇ ਉਹਨ ਕਿਹਾ ਕਿ ਜਿੱਥੇ ਤਕ ਉਹਨਾਂ ਨੂੰ ਜਾਣਕਾਰੀ ਹੈ ਇਹ ਕਨੈਕਸ਼ਨ ਜਲ ਸਪਲਾਈ ਵਿਭਾਗ ਨੇ ਜੋੜਿਆ ਹੈ ਅਤੇ ਪੁਲੀਸ ਉੱਪਰ ਲਗਾਏ ਜਾ ਰਹੇ ਇਲਜਾਮ ਪੂਰੀ ਤਰ੍ਹਾਂ ਗਲਤ ਹਨ| ਉਹਨਾਂ ਕਿਹਾ ਕਿ ਉਹ ਬਠਲਾਣਾ ਦੀ ਘਟਨਾ ਦੀ ਜਾਂਚ ਕਰਵਾਉਣਗੇ ਅਤੇ ਪੁਲੀਸ ਵਲੋਂ ਜੋ ਵੀ ਕਾਰਵਾਈ ਲੋੜੀਂਦੀ ਹੋਈ ਕੀਤੀ     ਜਾਵੇਗੀ|

Leave a Reply

Your email address will not be published. Required fields are marked *