ਪਿੰਡ ਬਲੌਂਗੀ ਦੀ ਪੰਚਾਇਤੀ ਜਮੀਨ ਉਪਰ ਲਗਾਤਾਰ ਵੱਧ ਰਹੇ ਹਨ ਨਾਜਾਇਜ਼ ਕਬਜੇ ਅੰਬੇਦਕਰ ਕਾਲੋਨੀ ਵਿੱਚ ਪੰਚਾਇਤੀ ਜਮੀਨ ਤੇ ਲਗਾਤਾਰ ਹੋ ਰਹੀਆਂ ਹਨ ਉਸਾਰੀਆਂ


ਬਲਂੌਗੀ, 5 ਦਸੰਬਰ (ਪਵਨ ਰਾਵਤ) ਬਲੌਂਗੀ ਦੀ ਪੰਚਾਇਤੀ ਜਮੀਨ ਉਪਰ ਹੋਣ ਵਾਲੇ ਕਬਜਿਆਂ ਦੀ ਗਿਣਤੀ ਲਗਾਤਾਰ ਵੱਧ  ਰਹੀ ਹੈ, ਜਿਸ ਕਾਰਨ ਪਿੰਡ ਬਲਂੌਗੀ ਦਾ ਮੁੰਹ ਮੁਹਾਂਦਰਾ ਹੀ ਬਦਲ ਰਿਹਾ ਹੈ| ਹਾਲਾਤ ਇਹ ਹਨ ਕਿ ਬਲੌਂਗੀ ਦੀ ਅੰਬੇਦਕਰ ਕਾਲੋਨੀ ਵਿੱਚ ਕਰੀਬ 10 ਏਕੜ ਜਮੀਨ ਤੇ ਪਹਿਲਾਂ ਹੀ ਵੱਡੀ ਗਿਣਤੀ ਨਾਜਾਇਜ ਝੁੱਗੀਆਂ ਬਣੀਆਂ ਹੋਈਆਂ ਹਨ ਅਤੇ ਇਹਨਾਂ ਨਾਜਾਇਜ਼ ਝੁੱਗੀਆਂ ਦੀ ਗਿਣਤੀ ਵਿੱਚ ਹਰ ਦਿਨ ਵਾਧਾ ਹੋ ਰਿਹਾ ਹੈ| ਪਿਛਲੇ ਕੁੱਝ ਸਮੇਂ ਤੋਂ ਹੋਰਨਾਂ ਥਾਵਾਂ ਤੋਂ ਆ ਰਹੇ ਪਰਵਾਸੀ ਵਿਅਕਤੀਆਂ ਵਲੋਂ ਬਲੌਂਗੀ ਦੇ ਨਾਲੇ ਦੇ ਆਲੇ ਦੁਆਲੇ ਕਬਜੇ ਕਰਕੇ ਉਥੇ ਵੀ ਝੁੱਗੀਆਂ ਬਣਾਂ ਦਿਤੀਆਂ ਗਈਆਂ ਹਨ, ਜਿਸ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਖੜ੍ਹੀ ਹੋ ਗਈ ਹੈ| 
ਪਿੰਡ ਦੀ ਪੰਚਾਇਤੀ ਜਮੀਨ ਤੇ ਨਾਜਾਇਜ ਕਬਜਾ ਕਰਕੇ ਝੁੱਗੀਆਂ ਬਣਾਉਣ ਵਾਲੇ ਇਹਨਾਂ ਵਿਅਕਤੀਆਂ ਵਿੱਚੋਂ ਜਿਆਦਾਤਰ ਪਰਵਾਸੀ ਹਨ, ਜੋ ਅਕਸਰ ਰਾਤ ਵੇਲੇ ਉਸਾਰੀ ਕਰਦੇ ਹਨ ਅਤੇ ਇੱਕ ਰਾਤ ਵਿੱਚ ਹੀ ਝੁੱਗੀ ਦੀ ਉਸਾਰੀ ਮੁਕੰਮਲ ਕਰਕੇ ਕਿਸੇ ਨੂੰ ਰਹਿਣ ਵਾਸਤੇ ਦੇ ਦਿੱਤੀ ਜਾਂਦੀ ਹੈ| ਇੱਥੇ ਰਹਿਣ ਵਾਲੇ ਇੱਕ ਪਰਵਾਸੀ ਵਿਅਕਤੀ ਵਲੋਂ ਤਾਂ ਅਜਿਹੀਆਂ ਕਈ ਕਈ ਝੁੱਗੀਆਂ ਬਣਾ ਕੇ ਉਹਨਾਂ ਨੂੰ ਅੱਗੋਂ ਕਿਰਾਏ ਤੇ ਵੀ ਦਿਤਾ ਹੋਇਆ ਹੈ|
ਪਿੰਡ ਬਲੌਂਗੀ ਦੀ ਪੰਚਾਇਤ ਵੀ ਪੰਚਾਇਤੀ ਜਮੀਨ ਤੇ ਹੋਏ ਇਨਾਂ ਨਾਜਾਇਜ ਕਬਜਿਆਂ ਨੂੰ ਛੁਡਵਾਉਣ ਵਿੱਚ ਲਾਚਾਰ ਦਿਖਦੀ ਹੈ| ਹਾਲਾਂਕਿ ਬਲਂੌਗੀ ਦੀ ਪੰਚਾਇਤ ਵਲੋਂ ਇਹਨਾਂ ਨਾਜਾਇਜ ਕਬਜਿਆਂ ਨੂੰ ਛੁੜਵਾਉਣ ਲਈ ਮਤੇ ਵੀ ਪਾਏ ਜਾ ਚੁਕੇ ਹਨ ਅਤੇ ਪ੍ਰਸ਼ਾਸਨ ਤਕ ਵੀ ਪਹੁੰਚ ਕੀਤੀ ਗਈ ਹੈ, ਪਰ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਕਾਰਨ ਬਲਂੌਗੀ ਦੀ ਪੰਚਾਇਤ ਇਕਲੇ ਤੌਰ ਤੇ ਇਹ ਨਾਜਾਇਜ ਕਬਜੇ ਛਡਵਾਉਣ ਤੋਂ ਅਸਮਰਥ ਹੈ| 
ਇੱਥੇ ਜਿਕਰ ਕਰਨਾ ਬਣਦਾ ਹੈ ਕਿ ਬਲਂੌਗੀ ਦੀ ਅੰਬੇਦਕਰ ਕਾਲੋਨੀ ਵਿੱਚ 120 ਵਿਅਕਤੀਆਂ ਵਲੋਂ ਪੰਚਾਇਤੀ ਜਮੀਨ ਉਪਰ ਕਈ ਸਾਲ ਪਹਿਲਾਂ ਕੀਤੇ ਗਏ ਨਾਜਾਇਜ ਕਬਜੇ ਨੂੰ ਛੁਡਵਾਉਣ ਲਈ ਕੁਲੈਕਟਰ, ਪੰਚਾਇਤ ਲੈਂਡ, ਐਸ ਏ ਐਸ ਨਗਰ ਵਲੋਂ  24 ਸਤੰਬਰ 2010 ਨੂੰ ਦਿੱਤੇ ਹੁਕਮਾਂ ਤੇ ਹੁਣ ਤਕ ਕਾਰਵਾਈ ਨਹੀਂ ਹੋ ਸਕੀ ਹੈ ਅਤੇ ਇਹਨਾਂ ਵਿਅਕਤੀਆਂ ਦਾ ਕਬਜਾ ਬਾਦਸਤੂਰ ਜਾਰੀ ਹੈ| ਇਹਨਾਂ ਹੁਕਮਾਂ ਦੇ ਬਾਵਜੂਦ ਨਾ ਤਾਂ ਇਹ ਕਬਜੇ ਖਾਲੀ ਕਰਵਾਉਣ ਲਈ ਪ੍ਰਸ਼ਾਸ਼ਨ ਵਲੋਂ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਨਾ ਹੀ ਇਹਨਾਂ ਕਬਜਾਕਾਰਾਂ ਨੇ ਇਹ ਕਬਜੇ ਖਾਲੀ ਕੀਤੇ ਹਨ ਬਲਕਿ ਉਲਟਾ ਇਹਨਾਂ ਨਾਜਾਇਜ ਕਬਜਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ| 
ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਪੰਚਾਇਤੀ ਜਮੀਨ ਤੋਂ ਕੀਤੇ ਗਏ ਇਹਨਾਂ ਨਾਜਾਇਜ ਕਬਜਿਆਂ ਨੂੰ ਖਾਲੀ ਕਰਵਾਉਣ ਅਤੇ ਇਸ ਜਮੀਨ ਦਾ ਕਬਜਾ ਪੰਚਾਇਤ ਨੂੰ ਦਿਵਾਉਣ ਸੰਬੰਧੀ ਪਿੰਡ ਦੀ ਪੰਚਾਇਤ ਵਲੋਂ ਪੰਚਾਇਤ ਲੈਂਡ ਕਲੈਕਟਰ ਕੋਲ ਅਰਜੀ ਵੀ ਦਿੱਤੀ ਗਈ ਸੀ ਜਿਸਤੇ ਸੁਣਵਾਈ ਤੋਂ ਬਾਅਦ ਲੈਂਡ ਕਲੈਕਟਰ ਵਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਫੋਰਸ ਦਾ ਪ੍ਰਬੰਧ ਕਰਕੇ ਇਸ ਜਮੀਨ  ਨੂੰ ਖਾਲੀ ਕਰਵਾਇਆ ਜਾਵੇ ਅਤੇ ਇਸਦਾ ਕਬਜਾ ਪਿੰਡ ਦੀ ਪੰਚਾਇਤ ਨੂੰ ਦਿੱਤਾ ਜਾਵੇ ਪਰੰਤੂ ਇਹ ਕਾਰਵਾਈ ਵੀ ਵਿਚਾਲੇ ਹੀ ਲਮਕ ਰਹੀ ਹੈ ਅਤੇ ਇਸ ਜਮੀਨ ਦੇ ਕਾਬਜਕਾਰ ਪਹਿਲਾਂ ਵਾਂਗ ਪੰਚਾਇਤੀ ਜਮੀਨ ਉਪਰ ਕਾਬਜ ਹਨ|
ਬਲਂੌਗੀ ਪਿੰਡ ਦੇ  ਸਰਪੰਚ ਸ੍ਰ. ਬਹਾਦਰ ਸਿੰਘ ਨੇ ਦਸਿਆ ਕਿ ਸਾਲ 2014 ਵਿੱਚ ਡੀ ਡੀ ਪੀ ਓ ਦੀ ਅਦਾਲਤ ਵਿੱਚ ਉਸ ਸਮੇਂ ਦੀ ਸਰਪੰਚ ਬਲਵਿੰਦਰ ਕੌਰ ਵਲੋਂ ਇਸ ਪੰਚਾਇਤੀ ਜਮੀਨ ਤੋਂ ਨਾਜਾਇਜ ਕਬਜੇ ਹਟਾਉਣ ਲਈ ਕਾਨੂੰਨੀ ਲੜਾਈ ਲੜ ਕੇ ਕਬਜਾ ਵਾਰੰਟ ਹਾਸਲ ਕੀਤਾ ਗਿਆ ਸੀ ਪਰ ਅੱਜ ਤਕ ਇਹ ਕਬਜੇ ਹਟਾਏ ਨਹੀਂ ਜਾ ਸਕੇ| ਉਹਨਾਂ ਕਿਹਾ ਕਿ ਪੰਚਾਇਤੀ ਜਮੀਨ ਉਪਰ ਕੀਤੇ ਹੋਏ ਨਜਾਇਜ ਕਬਜੇ ਹਟਾਉਣ ਲਈ ਪੰਚਾਇਤ ਪ੍ਰਸ਼ਾਸਨ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ| ਉਹਨਾਂ ਕਿਹਾ ਕਿ ਪੁਰਾਣੇ ਨਜਾਇਜ ਕਬਜੇ ਪੰਚਾਇਤੀ ਜਮੀਨ ਉਪਰੋਂ ਨਾ ਹਟਾਏ ਜਾਣ ਕਾਰਨ ਹੁਣ ਪਿੰਡ ਦੀ ਪੰਚਾਇਤੀ ਜਮੀਨ ਉਪਰ ਹੋਰ ਵੀ ਕੁਝ ਵਿਅਕਤੀਆਂ ਵਲੋਂ ਨਾਜਾਇਜ ਕਬਜੇ ਕੀਤੇ ਜਾ ਰਹੇ ਹਨ, ਕਿਉਂਕਿ ਇਸ ਇਲਾਕੇ ਦੀ ਜਮੀਨ ਬਹੁਤ ਮਹਿੰਗੀ ਹੈ| 
ਉਹਨਾਂ ਕਿਹਾ ਕਿ ਜਦੋਂ ਵੀ ਪਿੰਡ ਦੀ ਪੰਚਾਇਤ ਵਲੋਂ ਪ੍ਰਸ਼ਾਸਨ ਕੋਲ ਇਹਨਾਂ ਨਾਜਾਇਜ ਕਬਜਿਆਂ ਨੂੰ ਹਟਾਉਣ ਲਈ ਤਾਲਮੇਲ ਕੀਤਾ ਜਾਂਦਾ ਹੈ ਤਾਂ ਪ੍ਰਸ਼ਾਸਨ ਵਲੋਂ ਫੋਰਸ ਦੀ ਕਮੀ ਹੋਣ ਕਾਰਨ ਇਹ ਕੰਮ ਲਮਕ ਬਸਤੇ ਪਾ ਦਿਤਾ ਜਾਂਦਾ ਹੈ| ਉਹਨਾਂ ਕਿਹਾ ਕਿ ਫੋਰਸ ਦੀ ਸਹਾਇਤਾ ਬਿਨਾਂ ਪੰਚਾਇਤ ਆਪਣੇ ਪੱਧਰ ਤੇ ਇਹ ਨਾਜਾਇਜ ਕਬਜੇ ਹਟਾਉਣ ਦੇ ਅਸਮਰਥ ਹੈ, ਕਿਊਂਕਿ ਕਬਜਾਕਾਰੀ ਪਰਵਾਸੀ ਵਿਅਕਤੀਆਂ ਦੀ ਗਿਣਤੀ ਹਜਾਰਾਂ ਵਿੱਚ ਹੈ| 
ਉਹਨਾਂ ਕਿਹਾ ਕਿ ਪੰਚਾਇਤ ਵਲੋਂ ਜਦੋਂ ਇਹਨਾਂ ਨਾਜਾਇਜ ਕਬਜਿਆਂ ਨੂੰ ਰੋਕਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਇਹ ਪਰਵਾਸੀ, ਪੰਚਾਇਤ ਮਂੈਬਰਾਂ  ਨਾਲ ਲੜਾਈ ਝਗੜਾ ਕਰਨ ਲੱਗ ਜਾਂਦੇ ਹਨ, ਜਿਸ ਕਰਕੇ ਪੰਚਾਇਤ ਇਕਲੇ ਤੌਰ ਤੇ ਇਹ ਨਾਜਾਇਜ ਕਬਜੇ ਹਟਾਉਣ ਦੇ ਸਮਰਥ ਨਹੀਂ ਹੈ| ਉਹਨਾਂ ਮੰਗ ਕੀਤੀ ਹੈ ਕਿ ਲਗਾਤਾਰ ਵੱਧਦੇ ਇਹਨਾਂ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *