ਪਿੰਡ ਬਲੌਂਗੀ ਵਿੱਚ ਵਿਅਕਤੀ ਵਲੋਂ ਸੋਟਾ ਮਾਰ ਕੇ ਪਤਨੀ ਦਾ ਕਤਲ

ਬਲੌਂਗੀ, 11 ਅਕਤੂਬਰ (ਸ.ਬ.) ਨਜਦੀਕੀ ਪਿੰਡ ਬਲੌਂਗੀ ਵਿੱਚ ਅੱਜ ਦੁਪਹਿਰ ਵੇਲੇ ਇੱਕ ਵਿਅਕਤੀ ਵਲੋਂ ਘਰੇਲੂ ਕਲੇਸ਼ ਦੇ ਚਲਦਿਆਂ ਆਪਣੀ ਪਤਨੀ ਦੇ ਮੂੰਹ ਤੇ ਸੋਟਾ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ| ਪੁਲੀਸ ਵਲੋਂ ਮੌਕੇ ਤੇ ਕਾਰਵਾਈ ਕਰਦਿਆਂ ਆਪਣੀ ਪਤਨੀ ਦਾ ਕਤਲ ਕਰਨ ਵਾਲੇ ਗੋਰਖ ਲਾਲ ਨਾਂ ਦੇ ਇਸ ਵਿਅਕਤੀ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ| ਪੁਲੀਸ ਵਲੋਂ ਮਹਿਲਾ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾਇਆ ਗਿਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਗੋਰਖ ਲਾਲ ਨਾਮ ਦਾ ਇਹ ਵਿਅਕਤੀ ਦੋ ਕੁ ਮਹੀਨੇ ਪਹਿਲਾਂ ਆਪਣੇ ਪਰਿਵਾਰ ਨਾਲ ਆਦਰਸ਼ ਨਗਰ ਬਲੌਂਗੀ ਵਿੱਚ ਰਹਿਣ ਆਇਆ ਸੀ| ਇਹ ਪਰਿਵਾਰ ਪਿੱਛੋਂ ਯੂ ਪੀ ਦਾ ਰਹਿਣ ਵਾਲਾ ਹੈ ਅਤੇ ਪਰਿਵਾਰ ਦਾ ਮੁਖੀ ਗੋਰਖਲਾਲ ਕਿਸੇ ਕੋਰੀਅਰ ਕੰਪਨੀ ਵਿੱਚ ਕੰਮ ਕਰਦਾ ਹੈ| ਉਸਦੇ ਚਾਰ ਬੱਚੇ (ਦੋ ਮੁੰਡੇ ਅਤੇ ਦੋ ਕੁੜੀਆਂ) ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਗੋਰਖਲਾਲ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਅਤੇ ਇਸ ਕਾਰਨ ਉਸਦੇ ਘਰ ਵਿੱਚ ਅਕਸਰ ਕਲੇਸ਼ ਰਹਿੰਦਾ ਸੀ| ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਦੋਵਾਂ ਮੀਆਂ ਬੀਬੀ ਵਿੱਚ ਹੋਈ ਬਹਿਸ ਤੋਂ ਬਾਅਦ ਗੋਰਖਲਾਲ ਨੇ ਸੋਟਾ ਲੈ ਕੇ ਆਪਣੀ ਪਤਨੀ ਅੰਜੂ ਦੇ ਮੂੰਹ ਤੇ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੇ ਜਿਸ ਕਾਰਨ ਉਹ ਹੇਠਾਂ ਡਿੱਗ ਪਈ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ| ਮ੍ਰਿਤਕ ਮਹਿਲਾ ਦੀ ਉਮਰ 40 ਸਾਲ ਦੇ ਕਰੀਬ ਦੱਸੀ ਗਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਵੱਡੇ ਬੇਟੇ ਨਿਤਨ ਨੇ ਘਟਨਾ ਬਾਰੇ ਬਲੌਂਗੀ ਪੁਲੀਸ ਨੂੰ ਜਾਣਕਾਰੀ ਦਿੱਤੀ ਜਿਸਤੋਂ ਬਾਅਦ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਗੋਰਖ ਲਾਲ ਨੂੰ ਕਾਬੂ ਕਰ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ| ਬਲੌਂਗੀ ਥਾਣੇ ਦੇ ਐਸ ਐਚ ਉ ਸ੍ਰ. ਮਨਫੂਲ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਰਿਕਾਰਡ ਕੀਤੇ ਜਾ ਰਹੇ ਹਨ| ਪੁਲੀਸ ਵਲੋਂ ਕਤਲ ਕਰਨ ਲਈ ਵਰਤਿਆ ਗਿਆ ਸੋਟਾ ਵੀ ਬਰਾਮਦ ਕਰ ਲਿਆ ਹੈ|
ਘਟਨਾ ਦਾ ਪਤਾ ਲੱਗਦਿਆਂ ਹੀ ਆਸ ਪੜੌਸ ਦੇ ਰਹਿਣ ਵਾਲੇ ਵੱਡੀ ਗਿਣਤੀ ਲੋਕ ਮੌਕੇ ਤੇ ਪਹੁੰਚੇ ਹੋਏ ਸਨ| ਇਸ ਦੌਰਾਨ ਮ੍ਰਿਤਕ ਦੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ ਅਤੇ ਉਥੇ ਪੜੌਸ ਵਿੱਚ ਰਹਿਣ ਵਾਲੀਆਂ ਔਰਤਾਂ ਵਲੋਂ ਬੱਚਿਆਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ|

Leave a Reply

Your email address will not be published. Required fields are marked *