ਪਿੰਡ ਬਲੌਂਗੀ ਵਿੱਚ ਸ਼ਰੇਆਮ ਚੱਲ ਰਿਹਾ ਹੈ ਦੜੇ ਸੱਟੇ ਦਾ ਧੰਦਾ

ਬਲੌਂਗੀ, 15 ਜਨਵਰੀ (ਪਵਨ ਰਾਵਤ) ਪਿੰਡ ਬਲੌਂਗੀ ਵਿੱਚ ਦੜੇ ਸੱਟੇ ਦਾ ਧੰਦਾ ਸ਼ਰੇਆਮ ਚਲ ਰਿਹਾ ਹੈ, ਪਰ ਪੁਲੀਸ ਵਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ| ਇਸ ਪੱਤਰਕਾਰ ਵਲੋਂ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲੌਂਗੀ ਪੁੱਲ ਤੋਂ ਪਿੰਡ ਅੰਦਰ ਜਾਂਦੇ ਰਾਹ ਤੇ ਬਣੇ ਇੱਕ ਸ਼ੋਰੂਮ ਦੀ ਬੇਸਮਂੈਟ ਵਿੱਚ ਪਿਛਲੇ ਕਾਫੀ ਸਮੇਂ ਤੋਂ ਦੜੇ ਸੱਟੇ ਦਾ ਧੰਦਾ ਚੱਲ ਰਿਹਾ ਹੈ| ਇਹ ਸ਼ੋਰੂਮ ਬਲੌਂਗੀ ਥਾਣੇ ਤੋਂ ਸਿਰਫ 80 ਮੀਟਰ ਦੂਰ ਹੈ| ਇਸ ਦੇ ਬਾਵਜੂਦ ਪੁਲੀਸ ਨੂੰ ਦੜੇ ਸੱਟੇ ਦੇ ਇਸ ਧੰਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਹਰ ਦਿਨ ਸ਼ਾਮ 6 ਕੁ ਵਜੇ ਇਸ ਬੇਸਮਂੈਟ ਦਾ ਸ਼ਟਰ ਖੁੱਲ ਜਾਂਦਾ ਹੈ ਅਤੇ ਉਥੇ ਅਣਪਛਾਤੇ ਵਿਅਕਤੀਆ ਵਲੋਂ ਦੜੇ ਸੱਟੇ ਦਾ ਧੰਦਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਜੋ ਕਿ ਅੱਧੀ ਰਾਤ ਤੱਕ ਚਲਦਾ ਹੈ| ਦੜੇ ਸੱਟੇ ਦੇ ਇਸ ਅੱਡੇ ਉਪਰ ਲੋਕਾਂ ਦੀ ਭੀੜ ਵੇਖੀ ਜਾਂਦੀ ਹੈ| ਦੜੇ ਸੱਟੇ ਦੇ ਇਸ ਅੱਡੇ ਉਪਰ ਗਾਹਕਾਂ ਨੂੰ ਪਰਚੀਆਂ ਉਪਰ ਨੰਬਰ ਲਿਖ ਕੇ ਦੇ ਦਿੱਤੇ ਜਾਂਦੇ ਹਨ, ਫਿਰ ਉਨ੍ਹਾਂ ਨੰਬਰਾਂ ਦੇ ਅਧਾਰ ਤੇ ਦੜੇ ਸੱਟੇ ਦਾ ਇਨਾਮ ਦਿੱਤਾ ਜਾਂਦਾ ਹੈ|
ਵੇਖਣ ਵਿੱਚ ਆਇਆ ਹੈ ਕਿ ਲੋਕ ਆਪਣੀ ਸਾਰੇ ਦਿਨ ਦੀ ਕਮਾਈ ਇਸ ਦੜੇ ਸੱਟੇ ਦੇ ਅੱਡੇ ਵਿੱਚ ਦਾਅ ਤੇ ਲਗਾਉਂਦੇ ਹਨ ਅਤੇ ਫਿਰ ਖਾਲੀ ਹੱਥਾਂ ਨਾਲ ਘਰਾਂ ਨੂੰ ਪਰਤਦੇ ਹਨ, ਜਿਸ ਕਾਰਨ ਇਹਨਾਂ ਲੋਕਾਂ ਦੇ ਘਰਾਂ ਦਾ ਗੁਜਾਰਾ ਮੁਸ਼ਕਿਲ ਹੋ ਗਿਆ ਹੈ ਅਤੇ ਇਸ ਦੜੇ ਸੱਟੇ ਦੇ ਕਾਰਨ ਅਨੇਕਾਂ ਲੋਕਾਂ ਦੇ ਘਰਾਂ ਵਿੱਚ ਝਗੜੇ ਵੀ ਹੋ ਚੁੱਕੇ ਹਨ| ਇਸ ਅੱਡੇ ਉਪਰ ਨੌਜਵਾਨ ਵੱਡੀ ਗਿਣਤੀ ਵਿੱਚ ਆਉਂਦੇ ਹਨ, ਜੋਕਿ ਵੇਖਣ ਨੂੰ ਨਸ਼ੇੜੀ ਲਗਦੇ ਹਨ| ਕਈ ਵਾਰ 16-17 ਸਾਲ ਦੇ ਨਾਬਾਲਗ ਬੱਚੇ ਵੀ ਇਸ ਅੱਡੇ ਉਪਰ ਵੇਖੇ ਜਾਂਦੇ ਹਨ|
ਇਸ ਸੰਬੰਧੀ ਪਿੰਡ ਦੀ ਸਰਪੰਚ ਸਰੋਜਾ ਦੇਵੀ ਨਾਲ ਸੰਪਰਕ ਕਰਨ ਤੇ ਉਹਨਾਂ ਦੇ ਪਤੀ ਸ੍ਰੀ ਦਿਨੇਸ਼ ਕੁਮਾਰ ਨੇ ਕਿਹਾ ਕਿ ਪਿੰਡ ਵਿੱਚ ਸਟਾ ਲਗਾਉਣ ਦੀ ਗੱਲ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ| ਉਹਨਾਂ ਕਿਹਾ ਕਿ ਉਹ ਇਸਦਾ ਪਤਾ ਲਗਾਉਣਗੇ ਅਤੇ ਪੁਲੀਸ ਨੂੰ ਮਿਲ ਕੇ ਇਸਨੂੰ ਬੰਦ ਕਰਵਾਇਆ ਜਾਵੇਗਾ|
ਇਸ ਸਬੰਧੀ ਬਲੌਂਗੀ ਥਾਣੇ ਦੇ ਐਸ ਐਚ ਓ ਮਨਫੂਲ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਪਿੰਡ ਵਿੱਚ ਸੱਟਾ ਲਗਾਉਣ ਦੀ ਗੱਲ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ| ਉਹਨਾਂ ਕਿਹਾ ਕਿ ਉਹ ਇਸ ਥਾਂ ਤੇ ਛਾਪੇਮਾਰੀ ਕਰਣਗੇ ਅਤੇ ਦੜੇ ਸੱਟੇ ਦਾ ਇਹ ਕਾਰੋਬਾਰ ਬੰਦ ਕਰਵਾ ਕੇ ਇਸਨੂੰ ਚਲਾਉਣ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *