ਪਿੰਡ ਭਾਗੋਮਾਜਰਾ ਦੇ ਚਾਰ ਭਰਾਵਾਂ ਨੇ ਖਰੜ ਦੇ ਬਿਲਡਰ ਤੇ ਉਹਨਾਂ ਦੀ ਜਮੀਨ ਦੱਬਣ ਲਈ ਗੁੰਡਾਗਰਦੀ ਦੇ ਇਲਜਾਮ ਲਗਾਏ

ਐਸ ਏ ਐਸ ਨਗਰ, 25 ਅਗਸਤ (ਜਸਵਿੰਦਰ ਸਿੰਘ) ਮੁਹਾਲੀ ਦੇ ਨਾਲ ਲੱਗਦੇ ਪਿੰਡ ਭਾਗੋ ਮਾਜਰਾ ਦੇ ਵਸਨੀਕ ਬਲਬੀਰ ਸਿੰਘ, ਰਣਧੀਰ ਸਿੰਘ, ਸੁਖਵਿੰਦਰ ਸਿੰਘ ਅਤੇ ਮੇਜਰ ਸਿੰਘ ਮੁਹਾਲੀ ਨੇ ਇਲਜਾਮ ਲਗਾਇਆ ਹੈ ਕਿ ਖਰੜ ਦੇ ਦੋ ਬਿਲਡਰ ਉਹਨਾਂ ਦੀ 10 ਕਨਾਲ ਅਤੇ 12 ਮਰਲੇ ਜਮੀਨ ਦੇ ਇੱਕ ਹਿੱਸੇ ਤੇ ਤੇ ਨਾਜਾਇਜ ਕਬਜਾ ਕਰਨ ਲਈ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਅਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ|
ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਹਨਾਂ ਦੱਸਿਆ ਕਿ ਉਹਨਾਂ ਨੇ ਸਾਲ 1995 ਵਿੱਚ ਨਰਿੰਦਰ ਕੌਰ ਤੋਂ ਇਹ ਜਮੀਨ ਖਰੀਦੀ ਸੀ ਅਤੇ 1967 ਤੋਂ ਉਹਨਾਂ ਦਾ ਪਾਜੀਸ਼ਨ ਚੱਲਦਾ ਆ ਰਿਹਾ ਹੈ ਜਿਸਤੇ ਕੋਈ ਵਿਵਾਦ ਨਹੀਂ ਹੈ| ਉਹਨਾਂ ਕਿਹਾ ਕਿ ਹੁਣ ਖਰੜ ਦੇ ਬਿਲਡਰ ਪ੍ਰਵੀਨ ਕੁਮਾਰ ਅਤੇ ਮਨਮੋਹਨ ਵਲੋਂ ਉਹਨਾਂ ਦੀ ਜਮੀਨ ਤੇ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਤੋਂ ਇਹ ਜਮੀਨ ਜਬਰੀ ਖਾਲੀ ਕਰਵਾਉਣ ਲਈ ਉਹਨਾਂ ਤੇ ਹਮਲੇ ਕੀਤੇ ਜਾ ਰਹੇ ਹਨ|
ਉਹਨਾਂ ਦੱਸਿਆ ਕਿ ਇਹ ਬਿਲਡਰ ਕਹਿੰਦੇ ਹਨ ਕਿ ਇਸ ਜਮੀਨ ਦੇ ਇੱਕ ਕਨਾਲ ਸਾਡੇ6 ਮਰਲਾ ਹਿੱਸਾ ਉਹਨਾਂ ਦਾ ਬਣਦਾ ਹੈ ਜੋ ਉਹਨਾਂ ਨੂੰ ਦਿੱਤਾ ਜਾਵੇ ਜਾਂ ਫਿਰ ਉਹਨਾਂ ਨੂੰ ਇਸਦੀ ਰਕਮ ਦਿੱਤੀ ਜਾਵੇ| ਉਹਨਾਂ ਕਿਹਾ ਕਿ ਬੀਤੀ 12 ਫਰਵਰੀ ਨੂੰ ਇਹਨਾਂ ਬਿਲਡਰਾਂ ਦੇ ਭੇਜੇ ਚਾਰ ਬੰਦੇ ਹਰਵਿੰਦਰ ਸਿੰਘ, ਜਸਪ੍ਰੀਤ ਸਿੰਘ ਜੱਸੀ, ਹਰਜਿੰਦਰ ਸਿੰਘ ਲਾਲੀ ਅਤੇ ਰਸਨ ਸਿੰਘ ਓਰਫ ਰਸਨਾ ਉਕਤ ਬਿਲਡਰਾਂ ਦੀ ਸ਼ਹਿ ਤੇ ਬੀ. ਐਮ. ਡਬਲੀਯੂ. ਗੱਡੀ ਵਿੱਚ ਹਥਿਆਰਾਂ ਸਮੇਤ ਉਹਨਾਂ ਦੇ ਘਰ ਆਏ ਅਤੇ ਉਹਨਾਂ ਦੇ ਘਰ ਵਿੱਚ ਜਬਸਦਸਤੀ ਦਾਖਲ ਹੋ ਗਏ ਅਤੇ ਕਿਹਾ ਕਿ ਇਸ ਜਮੀਨ ਵਿੱਚੋਂ 1 ਕਨਾਲ ਸਾਡੇ6 ਮਰਲੇ ਜਮੀਨ ਉਹਨਾਂ ਦੀ ਹੈ ਜੋ ਛੱਡੀ ਜਾਵੇ| ਇਹਨਾਂ ਵਿਅਕਤੀਆਂ ਨੇ ਉਹਨਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਕਿਹਾ ਕਿ ਜੇਕਰ ਜਮੀਨ ਖਾਲੀ ਨਾ ਕੀਤੀ ਤਾਂ ਉਹ ਜਬਰਦਤੀ ਕਰਵਾ ਲੈਣਗੇ|
ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਲੱਗੇ ਸੀ.ਸੀ. ਟੀ. ਵੀ. ਫੂਟੇਜ ਤੇ ਆਧਾਰ ਤੇ ਹਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਹਰਜਿੰਦਰ ਸਿੰਘ, ਰਸਨ ਸਿੰਘ ਅਤੇ 4 ਹੋਰ ਅਣਪਛਾਤੇ ਨੌਜਵਾਨਾਂ ਦੇ ਖਿਲਾਫ 20 ਫਰਵਰੀ 2020 ਨੂੰ ਆਈ ਪੀ ਸੀ ਦੀ ਧਾਰਾ 452, 506, 148, 149 ਆਈ ਪੀ. ਸੀ. ਅਤੇ ਆਰਮ ਐਕਟ ਤੇ ਤਹਿਤ ਐਫ. ਆਈ. ਆਰ. ਦਰਜ ਕਰਵਾਈ ਗਈ ਸੀ| ਇਸ ਤੋਂ ਬਾਅਦ ਇਹ ਸਾਰੇ ਕੱਚੀ ਜਮਾਨਤ ਤੇ ਬਾਹਰ ਆ ਗਏ ਬੀਤੀ 17 ਅਗਸਤ ਨੂੰ ਇਹਨਾਂ ਵਿਅਕਤੀਆਂ ਨੇ ਉਹਨਾਂ ਦੇ ਲੜਕੇ ਅਮਨਦੀਪ ਸਿੰਘ (ਜੋ ਕਿ ਤੜਕੇ ਦੁੱਧ ਪਾਣ ਜਾ ਰਿਹਾ ਸੀ) ਨੂੰ ਰਾਹ ਵਿੱਚ ਰੋਕ ਕੇ ਉਸ ਨਾਲ ਕੁਟਮਾਰ ਕੀਤੀ, ਉਸਦੀ ਪੱਗ ਲਾਹ ਦਿੱਤੀ ਅਤੇ ਉਸਦੇ ਕਕਾਰਾ ਦੀ ਬੇਅਦਬੀ ਕੀਤੀ| ਉਹਨਾਂ ਦੱਸਿਆ ਕਿ ਜਦੋਂ ਇਹ ਸਾਰੇ ਅਮਨਦੀਪ ਸਿੰਘ ਨਾਲ ਕੁਟਮਾਰ ਕਰ ਰਹੇ ਸਨ ਉਸ ਵੇਲੇ ਉਥੋਂ ਲੰਘ ਰਹੇ ਏ. ਐਸ. ਆਈ. ਗੁਰਮੇਲ ਸਿੰਘ ਨੇ ਉਸ ਨੂੰ ਬਚਾ ਲਿਆ ਵਰਨਾ ਇਹਨਾਂ ਨੇ ਉਸਨੂੰ ਜਾਨ ਤੋਂ ਮਾਰ ਦੇਣਾ ਸੀ|
ਉਹਨਾਂ ਦੱਸਿਆ ਕਿ ਇਸ ਸੰਬੰਧੀ ਉਹਨਾਂ ਵਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਜਿਸਤੇ ਪੁਲੀਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰੰਤੂ ਇਰਾਦਾ ਕਤਲ ਅਤੇ ਧਾਰਮਿਕ ਕਕਾਰਾਂ ਦੀ ਬੇਅਦਬੀ ਦੀ ਧਾਰਾ ਨਹੀਂ ਲਗਾਈ ਜਿਸ ਕਾਰਨ ਉਹ ਸਾਰੇ ਜਮਾਨਤ ਤੇ ਬਾਹਰ ਆ ਗਏ ਅਤੇ ਉਹਨਾਂ ਨੂੰ ਮੁੜ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ| ਉਹਨਾਂ ਕਿਹਾ ਕਿ ਉਹਨਾਂ ਸਾਰਿਆਂ ਨੂੰ ਇਹਨਾਂ ਬਦਮਾਸ਼ਾਂ ਤੋਂ ਜਾਨ ਦਾ ਖਤਰਾ ਹੈ ਅਤੇ ਉਹਨਾਂ ਨੂੰ ਸੁਰਖਿਆ ਦਿੱਤੀ ਜਾਵੇ| ਇਸ ਸੰਬੰਧੀ ਉਹਨਾਂ ਮੁਖ ਮੰਤਰੀ ਪੰਜਾਬ ਅਤੇ ਡੀ. ਜੀ. ਪੀ ਨੂੰ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ|
ਇਸ ਸੰਬੰਧੀ ਗੱਲ ਕਰਨ ਤੇ ਐਸ ਐਚ ਓ ਸਿਟੀ ਖਰੜ ਭਗਵੰਤ ਸਿੰਘ ਨੇ ਕਿਹਾ ਕਿ ਪੁਲੀਸ ਵਲੋਂ ਪੀੜਿਤ ਦੇ ਬਿਆਨ ਦੇ ਆਧਾਰ ਤੇ ਹੀ ਮਾਮਲਾ ਦਰਜ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੁਣੇ ਜਾਰੀ ਹੈ ਅਤੇ ਜੇਕਰ ਗੁਰਸਿੱਖ ਦੇ ਕਕਾਰਾਂ ਦੀ ਬੇਅਦਬੀ ਹੋਈ ਹੈ ਤਾਂ ਪੀੜਤ ਪਰਿਵਾਰ ਉਨ੍ਹਾਂ ਨੂੰ ਸਬੂਤ ਦੇਵੇ ਅਤੇ ਉਹ ਮਾਮਲੇ ਵਿੱਚ ਬਣਦੀ ਧਾਰਾ ਦਰਜ ਕਰ ਦੇਣਗੇ|
ਇਸ ਸੰਬੰਧੀ ਸੰਪਰਕ ਕਰਨ ਤੇ ਬਿਲਡਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਹਨਾਂ ਦਾ ਇਸ ਜਮੀਨ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਨੂੰ ਜਾਣਦੇ ਹਨ ਪਿੱਛਲੇ 14 ਦਿਨਾਂ ਤੋਂ ਇਕਾਂਤਵਾਸ ਹਨ ਨਾ ਹੀ ਉਹਨਾਂ ਨੂੰ ਇਸ ਜਮੀਨ ਬਾਰੇ ਕੋਈ ਜਾਣਕਾਰੀ ਨਹੀਂ ਹੈ|

Leave a Reply

Your email address will not be published. Required fields are marked *