ਪਿੰਡ ਮਟੋਰ ਵਿੱਚ ਸੀਵਰੇਜ ਦੀ ਸੱਮਸਿਆ ਬਰਕਰਾਰ, ਗਲੀਆਂ ਵਿੱਚ ਖੜ੍ਹਾ ਹੈ ਗੰਦਾ ਬਦਬੂਦਾਰ ਪਾਣੀ, ਬਿਮਾਰੀ ਫੈਲਣ ਦਾ ਖਤਰਾ

ਐਸ.ਏ.ਐਸ.ਨਗਰ, 8 ਦਸੰਬਰ (ਸ.ਬ.) ਸਥਾਨਕ ਪਿੰਡ ਮਟੋਰ ਦੀ ਸੀਵਰੇਜ ਦੀ ਸੱਮਸਿਆਂ ਹਲ ਹੋਣ ਵਿੱਚ ਨਹੀਂ ਆ ਰਹੀ ਹੈ ਅਤੇ ਪਿੰਡ ਦੀਆਂ ਗਲੀਆਂ ਵਿੱਚ ਸੀਵਰੇਜ ਦਾ ਗੰਦਾ ਬਦਬੂਦਾਰ ਪਾਣੀ ਖੜ੍ਹਾ ਹੋਣ ਕਾਰਨ ਇੱਥੇ ਕਿਸੇ ਬਿਮਾਰੀ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ|
ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤੇ ਪਿੰਡ ਮਟੋਰ ਦੇ ਵਸਨੀਕ ਨੋਜਵਾਨ ਆਗੂ ਸ੍ਰ. ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਪਿੰਡ ਵਿੱਚ ਪਿਛਲੇ ਕਾਫੀ ਸਮੇਂ ਤੋਂ ਗੰਦੇ ਅਤੇ ਬਦਬੂਦਾਰ ਪਾਣੀ ਦੀ ਸੱਮਸਿਆਂ ਚਲ ਰਹੀ ਹੈ| ਉਹਨਾਂ ਦੱਸਿਆਂ ਕਿ ਸੀਵਰੇਜ ਦੀਆਂ  ਪਾਈਪਾਂ ਜਾਮ ਹੋਣ ਕਾਰਨ ਇਹ ਲੋਕਾਂ ਦੇ ਘਰਾਂ ਵਿੱਚ ਉਵਰਫਲੋ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸੀਵਰੇਜ ਦੇ ਮੇਨ ਹੋਲ ਤੋਂ ਨਿਕਲ ਕੇ ਗੰਦਾ ਪਾਣੀ ਗੱਲੀਆਂ ਵਿੱਚ ਖੜ੍ਹਾ ਹੋ ਜਾਂਦਾ ਹੈ|
ਸ੍ਰ. ਬੈਦਵਾਨ ਨੇ ਦੱਸਿਆ ਕਿ ਇਸ ਸੰਬੰਧੀ ਪਿਛਲੇ ਮਹੀਨੇ ਸੀਵਰੇਜ ਦੇ ਉਵਰਫਲੋ ਹੋਣ ਦੀ ਸੱਮਸਿਆ ਆਈ ਸੀ ਅਤੇ ਇਸ ਸਬੰਧੀ ਮੀਡੀਆਂ ਵਿੱਚ ਖਬਰਾਂ ਆਉਣ ਤੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਇੱਥੇ ਮਸ਼ੀਨ ਲਿਆ ਕੇ ਪਾਈਪਾਂ ਦੀ ਸਫਾਈ ਕਰਨ ਅਤੇ ਸੀਵਰੇਜ ਦੀ ਨਿਕਾਸੀ ਦੀ ਨਵੀਂ ਪਾਈਪ ਪਾਉਣ ਦੀ ਗੱਲ ਆਖੀ ਗਈ ਸੀ| ਉਹਨਾਂ ਦੱਸਿਆਂ ਕਿ ਵਿਭਾਗ ਦੇ ਕਰਮਚਾਰੀਆਂ ਵੱਲੋਂ ਇੱਥੇ ਸਭੁਆਰਾ ਮੁਹੱਲੇ ਵਿੱਚ ਨਵੀਂ ਪਾਈਪ ਪਾਉਣ ਲਈ ਨਾਲੀ ਪੁੱਟੀ ਗਈ ਸੀ ਪਰੰਤੂ ਬਾਅਦ ਵਿੱਚ ਇਹ ਕਰਮਚਾਰੀ ਮੁੜ ਕੇ ਹੀ ਨਹੀਂ ਆਏ ਅਤੇ ਸੀਵਰੇਜ ਦੀਆਂ ਪੁਰਾਣੀਆਂ ਪਾਈਪਾਂ ਦੇ ਜਾਮ ਹੋ ਜਾਣ ਕਾਰਨ ਸੀਵਰੇਜ ਇੱਕ ਵਾਰ ਫਿਰ ਉਵਰਫਲੋ ਹੋ ਕੇ ਗਲੀਆਂ ਵਿੱਚ ਗੰਦਾ ਬਦਬੂਦਾਰ ਪਾਣੀ ਖੜ੍ਹਾ ਹੋ ਗਿਆ ਹੈ|
ਉਹਨਾਂ ਮੰਗ ਕੀਤੀ ਹੈ ਕਿ ਇਸ ਸੰਬੰਧੀ ਸੀਵਰੇਜ ਵਿਭਾਗ ਦੇ ਅਧਿਕਾਰੀਆ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਪਿੰਡ ਦੀ ਸੀਵਰੇਜ ਦੀ ਸੱਮਸਿਆਂ ਦੇ ਹੱਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *