ਪਿੰਡ ਮਟੌਰ ਦੇ ਨਾਲ ਲੱਗਦੇ ਪਾਰਕ ਦਾ ਪਿੰਡ ਵਾਲਾ ਰਸਤਾ ਬੰਦ ਕਰਨ ਤੇ ਭੜਕੇ ਪਿੰਡ ਵਾਸੀ

ਪਿੰਡ ਮਟੌਰ ਦੇ ਨਾਲ ਲੱਗਦੇ ਪਾਰਕ ਦਾ ਪਿੰਡ ਵਾਲਾ ਰਸਤਾ ਬੰਦ ਕਰਨ ਤੇ ਭੜਕੇ ਪਿੰਡ ਵਾਸੀ

ਗਮਾਡਾ ਖਿਲਾਫ ਕੀਤੀ ਨਾਹਰੇਬਾਜੀ, ਕੰਮ ਰੁਕਵਾਇਆ
ਐਸ. ਏ. ਐਸ. ਨਗਰ, 16 ਮਾਰਚ (ਸ.ਬ.) ਨਗਰ ਨਿਗਮ ਅਧੀਨ ਪੈਂਦੇ ਪਿੰਡ ਮਟੌਰ ਦੇ ਨਾਲ ਲੱਗਦੇ ਸੈਕਟਰ 71 ਦੇ ਕਮਿਊਨਿਟੀ ਸੈਂਟਰ ਦੇ ਪਿਛਲੇ ਪਾਸੇ ਬਣੇ ਪਾਰਕ ਦੇ ਪਿੰਡ ਵਾਲੇ ਪਾਸੇ ਗਮਾਡਾ ਵਲੋਂ ਕੀਤੀ ਗਈ ਦੀਵਾਰ ਵਿੱਚ ਪਿੰਡ ਵਾਸੀਆਂ ਦੇ ਆਉਣ ਜਾਣ ਲਈ ਵੱਡੇ ਰਾਹ ਨੂੰ ਅੱਜ ਗਮਾਡਾ ਵਲੋਂ ਬੰਦ ਕਰਨ ਦੀ ਕਾਰਵਾਈ ਤਹਿਤ ਉਥੇ ਮਜਦੂਰ ਲਗਾ ਦਿੱਤੇ ਗਏ ਜਿਸਦਾ ਪਿੰਡ ਵਾਸੀਆਂ ਵਲੋਂ ਤਕੜਾ ਵਿਰੋਧ ਕੀਤਾ ਗਿਆ ਅਤੇ ਮਜਦੂਰਾਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਗਿਆ| ਇਸ ਮੌਕੇ ਹਾਲਾਤ ਇੱਕ ਵਾਰ ਤਾਂ ਕਾਫੀ ਤਨਾਉਪੂਰਨ ਹੋ ਗਏ ਅਤੇ ਮੌਕੇ ਤੇ ਥਾਣਾ ਮਟੌਰ ਦੇ ਕਰਮਚਾਰੀ ਵੀ ਪਹੁੰਚੇ ਅਤੇ ਮੌਕਾ ਸਾਂਭਿਆ|
ਪਿੰਡ ਵਾਸੀਆਂ ਦੀ ਅਗਵਾਈ ਕਰ ਰਹੇ ਕੌਂਸਲਰ ਸ੍ਰ. ਹਰਪਾਲ ਸਿੰਘ ਚੰਨਾ ਅਤੇ ਕੌਂਸਲਰ ਕਰਮਜੀਤ ਕੌਰ ਦੇ ਪਤੀ ਸ੍ਰ. ਜਸਪਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਗਮਾਡਾ ਵਲੋਂ ਪਿੰਡ ਮਟੌਰ ਦੀ 300 ਏਕੜ ਜਮੀਨ ਜਬਰੀ ਐਕਵਾਇਰ ਕਰਕੇ ਇੱਥੇ ਸੈਕਟਰ 70 ਅਤੇ 71 ਦੀ ਉਸਾਰੀ ਕੀਤੀ ਸੀ ਅਤੇ ਇਹ ਜਮੀਨ ਕੌਡੀਆਂ ਦੇ ਭਾਅ ਖਰੀਦੀ ਗਈ ਸੀ ਉਹਨਾਂ ਕਿਹਾ ਕਿ ਗਮਾਡਾ ਵਲੋਂ ਪਿੰਡ ਵਾਸੀਆਂ ਵਾਸਤੇ ਕੋਈ ਸਾਂਝੀ ਥਾਂ ਨਹੀਂ ਛੱਡੀ ਗਈ ਅਤੇ ਇਹ ਪਾਰਕ ( ਜਿਥੇ ਪਿੰਡ ਦਾ ਟਿਊਬਵੈਲ ਅਤੇ ਟ੍ਰਾਂਸਫਾਰਮਰ ਵੀ ਲੱਗਿਆ ਹੋਇਆ ਹੈ) ਦਾ ਰਾਹ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ|
ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਪਿੰਡ ਵਾਸੀਆਂ ਨੂੰ ਕਾਰਗਿਲ ਪਾਰਕ ਵਿੱਚ ਦਾਖਿਲ ਤਕ ਨਹੀਂ ਹੋਣ ਦਿੱਤਾ ਜਾਂਦਾ ਅਤੇ ਉਥੇ ਰਹਿੰਦੇ ਇੱਕ ਸਾਬਕਾ ਫੌਜੀ ਅਧਿਕਾਰੀ ਵਲੋਂ ਪਿੰਡ ਵਾਲਿਆਂ ਨੂੰ ਜਲੀਲ ਕੀਤਾ ਜਾਂਦਾ ਹੈ| ਉਹਨਾਂ ਕਿਹਾ ਕਿ ਉਹ ਇਸ ਸ਼ਹਿਰ ਦੇ ਮੂਲ ਵਸਨੀਕ ਹਨ ਅਤੇ ਉਹਨਾਂ ਦੀਆਂ ਜਮੀਨਾਂ ਹਾਸਿਲ ਕਰਕੇ ਉਸਾਰੇ ਗਏ ਇਸ ਸ਼ਹਿਰ ਵਿੱਚ ਉਹਨਾਂ ਦੇ ਬੁਨਿਆਦੀ ਹੱਕ ਵੀ ਖੋਹੇ ਜਾ ਰਹੇ ਹਨ ਜਿਸਨੂੰ ਪਿੰਡ ਵਾਸੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਣਗੇ ਅਤੇ ਇਸਦੇ ਖਿਲਾਫ ਸੰਘਰਸ਼ ਕਰਣਗੇ| ਇਸ ਮੌਕੇ ਉਹਨਾਂ ਦੇ ਨਾਲ ਜਗਤਾਰ ਸਿੰਘ, ਦਰਸ਼ਨ ਸਿੰਘ, ਹਰਵੀਰ ਸਿੰਘ, ਚਰਨ ਜੀਤ ਕੌਰ, ਬਹਾਦੁਰ ਸਿੰਘ, ਨੱਛਤਰ ਸਿੰਘ, ਪਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜਿਰ ਸਨ|

Leave a Reply

Your email address will not be published. Required fields are marked *