ਪਿੰਡ ਮਟੌਰ ਵਿੱਚ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਿਆ, ਬਿਮਾਰੀ ਫੈਲਣ ਦਾ ਖਤਰਾ

ਐਸ ਏ ਐਸ ਨਗਰ, 2 ਜੂਨ (ਸ.ਬ.) ਨਗਰ ਨਿਗਮ ਵਿੱਚ ਪੈਂਦੇ ਪਿੰਡ ਮਟੌਰ ਵਿੱਚ ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿੱਚ ਬਣੇ        ਮੇਨਹੋਲਾਂ ਤੋਂ ਬਾਹਰ ਨਿਕਲ ਕੇ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋਣ ਲੱਗ ਪਿਆ ਹੈ| ਇਸ ਕਾਰਨ ਪਿੰਡ ਵਿੱਚ ਦੇ ਲੋਕਾਂ ਉਪਰ ਦੂਸ਼ਿਤ ਅਤੇ ਗੰਦੇ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ|
ਪਿੰਡ ਮਟੌਰ ਦੇ ਮਕਾਨ ਨੰ: 994 ਵਿੱਚ ਅੱਜ ਸੀਵਰੇਜ ਦਾ ਇਹ ਗੰਦਾ ਪਾਣੀ ਦਾਖਿਲ ਹੋ ਗਿਆ ਜਿਸ ਕਾਰਨ ਇਸ ਘਰ ਦੇ ਵਸਨੀਕਾਂ ਨੂੰ ਭਾਰੀ  ਪਰੇਸ਼ਾਨੀ ਸਹਿਣੀ ਪਈ| ਇਸ ਮਕਾਨ ਦੇ ਵਸਨੀਕ ਸ੍ਰ. ਦਲਜੀਤ ਸਿੰਘ ਫੌਜੀ ਨੇ  ਇਸ ਸੰਬੰਧੀ ਪੇਂਡੂ ਸੰਘਰਸ਼ ਕਮੇਟੀ ਦੇ ਚੇਅਰਮੈਨ ਸ੍ਰ. ਪਰਮਦੀਪ ਸਿੰਘ ਬੈਦਵਾਨ ਨੂੰ ਜਾਣਕਾਰੀ ਦਿੱਤੀ| ਸ੍ਰ. ਬੈਦਵਾਨ ਨੇ ਮੁੱਦੇ ਤੇ ਪਹੁੰਚ ਕੇ ਜਨਸਿਹਤ ਵਿਭਾਗ ਦੇ ਐਸ.ਡੀ.ਓ. ਨੂੰ ਫੋਨ ਕਰਕੇ ਇਸ ਸਮੱਸਿਆ ਬਾਰੇ ਜਾਣਕਾਰੀ ਦਿੱਤੀ|
ਸ੍ਰ. ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਪਿੰਡ ਵਿੱਚ ਸੀਵਰੇਜ ਦੀ ਨਿਕਾਸੀ ਦੇ ਢੁਕਵੇਂ ਪਬੰਧ ਨਾ ਹੋਣ ਕਾਰਨ ਸੀਵਰੇਜ ਦੇ ਉਵਰ ਫਲੋ ਹੋਣ ਦੀ ਸਮੱਸਿਆ ਆਉਂਦੀ ਹੈ ਪਰੰਤੂ ਜਨਸਿਹਤ ਵਿਭਾਗ ਵਲੋਂ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| ਉਹਨਾਂ ਕਿਹਾ ਕਿ ਇਕ ਪਾਸੇ ਤਾਂ ਨਗਰ ਨਿਗਮ ਵਲੋਂ ਸਵੱਛ ਭਾਰਤ ਮੁਹਿੰਮ ਚਲਾਉਣ ਅਤੇ ਮੱਛਰ ਪੈਦਾ ਨਾ ਹੋਣ ਦੇਣ ਲਈ ਕਦਮ ਚੁਕਣ ਦੀ ਗੱਲ ਕੀਤੀ ਜਾਂਦੀ ਹੈ ਅਤੇ ਦੂਜੇ ਪਾਸੇ ਪਿੰਡ ਵਿੱਚ ਫੈਲਣ ਵਾਲੀ ਇਸ ਭਾਰੀ  ਗੰਦਗੀ ਕਾਰਨ ਇੱਥੇ ਬਿਮਾਰੀ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ| ਉਹਨਾਂ ਇਲਜਾਮ ਲਗਾਇਆ ਕਿ ਜਨਸਿਹਤ ਵਿਭਾਗ ਦੇ ਸੀਵਰੇਜ ਲਾਈਨਾਂ ਦੀ ਸਫਾਈ ਕਰਨ ਆਉਣ ਵਾਲੇ  ਇੱਕ ਕਰਮਚਾਰੀ ਲੋਕਾਂ ਤੋਂ ਹਰ ਮਹੀਨੇ ਪੈਸੇ ਤਾਂ ਇਕੱਠੇ ਕਰ ਲਏ ਜਾਂਦੇ ਹਨ ਪਰੰਤੂ ਸੀਵਰੇਜ ਦੀ ਉਵਰ ਫਲੋ ਦੀ ਸਮੱਸਿਆ ਦੇ ਹਲ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ|
ਸ੍ਰ. ਬੈਦਵਾਨ ਨੇ ਦਸਿਆ ਕਿ ਉਹਨਾਂ ਵੱਲੋਂ ਪਿੰਡ ਦੀ ਕੌਂਸਲਰ ਸ੍ਰੀਮਤੀ ਕਰਮਜੀਤ ਕੌਰ ਦੇ ਪਤੀ ਸ੍ਰ. ਜਸਪਾਲ ਸਿੰਘ ਨੂੰ ਵੀ ਮੌਕਾ  ਵਿਖਾਇਆ ਗਿਆ ਅਤੇ ਸ੍ਰ. ਜਸਪਾਲ ਸਿੰਘ ਵਲੋਂ ਇਸ  ਸੰਬੰਧੀ ਨਿਗਮ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਪਰੰਤੂ ਸੀਵਰੇਜ ਦੀ ਇਸ ਸਮੱਸਿਆ ਦੇ ਹਲ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ| ਉਹਨਾਂ ਕਿਹਾ ਕਿ ਪਿੰਡ ਵਿੱਚ ਸਾਫ ਸਫਾਈ ਦਾ ਵੀ ਲੋੜੀਂਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਅਤੇ ਜੇਕਰ ਨਗਰ ਨਿਗਮ ਵਲੋਂ ਹਾਲਤ ਵਿੱਚ ਸੁਧਾਰ ਲਈ ਤੁਰੰਤ ਲੋੜੀਂਦੇ ਕਦਮ ਨਾਂ ਚੁੱਕੇ  ਗਏ ਤਾਂ ਪਿੰਡ ਵਾਲੀ ਨਗਰ ਨਿਗਮ ਦੇ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਇਸਦੀ  ਪੂਰੀ ਜਿੰਮੇਵਾਰੀ ਨਗਰ ਨਿਗਮ ਦੇ ਅਧਿਕਾਰੀਆਂ ਦੀ ਹੋਵੇਗੀ|

Leave a Reply

Your email address will not be published. Required fields are marked *