ਪਿੰਡ ਮਰਦਾਂਪੁਰ ਦੇ ਓਪਨ ਕਬੱਡੀ ਟੂਰਨਾਮੈਂਟ ਵਿੱਚ ਪਿੰਡ ਪਟਵੀ ਦੀ ਟੀਮ ਨੇ ਬਾਜੀ ਮਾਰੀ

ਘਨੌਰ, 21 ਜਨਵਰੀ (ਅਭਿਸ਼ੇਕ ਸੂਦ) ਪਿੰਡ ਮਰਦਾਂਪੁਰ ਦੇ ਨੌਜਵਾਨ ਕਲੱਬ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਓਪਨ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ| ਇਸ ਟੂਰਨਾਮੈਂਟ ਵਿੱਚ ਤਿੰਨ ਦਰਜਨ ਤੋਂ ਵੱਧ ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ|
ਟੂਰਨਾਮੈਂਟ ਦਾ ਉਦਘਾਟਨ ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਕੀਤਾ| ਫਾਈਨਲ ਮੁਕਾਬਲੇ ਵਿੱਚ ਪਟਵੀ ਨੇ ਭਾਗਲ ਦੀ ਟੀਮ ਨੂੰ ਮਾਤ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ| ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸੇਵਕ ਕੋ ਸੇਵਾ ਬਨਿ ਆਈ ਟਰੱਸਟ ਸ਼ੰਭੂ ਦੇ ਚੇਅਰਮੈਨ ਨਾਮਧਾਰੀ ਚਰਨਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਲਾਲ ਸਿੰਘ, ਸੀਨੀਅਰ ਕਾਂਗਰਸ ਆਗੂ ਗੁਰਮੀਤ ਸਿੰਘ ਮਿੱਤਾ, ਜਗੀਰ ਸਿੰਘ, ਆਪ ਆਗੂ ਮੇਹਰ ਸਿੰਘ ਸਮੇਤ ਹੋਰਨਾਂ ਸਖਸ਼ੀਅਤਾਂ ਨੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਪਟਵੀ ਦੀ ਟੀਮ ਨੂੰ ਪ੍ਰਬੰਧਕਾਂ ਵੱਲੋਂ 5100 ਰੁਪਏ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਭਾਗਲ ਦੀ ਟੀਮ ਨੂੰ 3100 ਰੁਪਏ ਇਨਾਮ ਵੱਜੋਂ ਤਕਸੀਮ ਕੀਤੇ|
ਇਸ ਮੌਕੇ ਇਲਾਕੇ ਦੇ ਜੰਮਪਲ ਕੌਮਾਂਤਰੀ ਖਿਡਾਰੀ ਮਨਿੰਦਰਜੀਤ ਸਿੰਘ ਵਿੱਕੀ ਘਨੌਰ, ਗੋਲੂ ਘਨੌਰ ਅਤੇ ਟਿੰਕੂ ਘਨੌਰ ਸਮੇਤ ਹੋਰਨਾਂ ਸਖਸ਼ੀਅਤਾਂ ਨੂੰ ਪ੍ਰਬੰਧਕਾਂ ਦੁਆਰਾ ਸਨਮਾਨਿਤ ਕੀਤਾ ਗਿਆ| ਸਮਾਰੋਹ ਵਿੱਚ ਨੰਬਰਦਾਰ ਚਰਨਜੀਤ ਸਿੰਘ, ਗਿਆਨੀ ਸੁਰਜੀਤ ਸਿੰਘ, ਸੰਜੀਵ ਕੁਮਾਰ ਬਾਵਾ, ਹਰਮੇਲ ਸਿੰਘ, ਹਰਮੇਸ਼ ਸਿੰਘ ਸਮੇਤ ਹੋਰ ਸਖਸ਼ੀਅਤਾਂ ਸ਼ਾਮਿਲ ਹੋਈਆਂ|

Leave a Reply

Your email address will not be published. Required fields are marked *