ਪਿੰਡ ਮੌਲੀ ਬੈਦਵਾਣ ਨੂੰ ਆਧੁਨਿਕ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ: ਸਿੱਧੂ

ਐਸ.ਏ.ਐਸ.ਨਗਰ, 10 ਜਨਵਰੀ (ਸ.ਬ.) ਐਸ.ਏ.ਐਸ.ਨਗਰ ਹਲਕੇ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਕੇ ਉਨ੍ਹਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਪਿੰਡ ਮੌਲੀ ਬੈਦਵਾਣ ਦੀ ਕਾਇਆ ਕਲਪ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਪਿੰਡ ਦੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਪਿੰਡ ਪੁੱਜ ਕੇ ਵਧਾਈ ਦੇਣ ਮੌਕੇ ਕੀਤਾ| ਇਸ ਮੌਕੇਪੰਚਾਇਤ ਅਤੇ ਪਿੰਡ ਵਾਸੀਆਂ ਨੇ ਸ. ਸਿੱਧੂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ|
ਸ. ਸਿੱਧੂ ਨੇ ਪਿੰਡ ਦੀ ਸਰਬਸੰਮਤੀ ਨਾਲ ਬਣੀ ਪੰਚਾਇਤ ਨੂੰ ਗਰਾਂਟਾਂ ਦੇ ਰੂਪ ਵਿੱਚ ਵੱਡਾ ਤੋਹਫਾ ਦਿੰਦਿਆਂ ਕਿਹਾ ਕਿ ਇਸ ਪਿੰਡ ਦੇ ਵਿਕਾਸ ਕੰਮਾਂ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ| ਉਹਨਾਂ ਕਿਹਾ ਕਿ 25 ਲੱਖ ਰੁਪਏ ਦੀ ਗਰਾਂਟ ਨਾਲ ਟੋਭੇ ਦੀ ਚਾਰਦੀਵਾਰੀ ਅਤੇ ਬਾਲਮਿਕੀ ਧਰਮਸ਼ਾਲਾ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ| ਉਨ੍ਹਾਂ ਕਿਹਾ ਕਿ ਪਿੰਡ ਦੇ ਨਾਲ ਲੰਘਦੇ ਐਨ-ਚੋਅ ਦੇ ਕਿਨਾਰਿਆਂ ਨੂੰ ਮਜ਼ਬੂਤ ਅਤੇ ਪੱਥਰਾਂ ਨਾਲ ਪੱਕਾ ਕਰਨ ਤੇ 15 ਲੱਖ 67 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਐਨ-ਚੋਅ ਵਿਚੋਂ ਲੰਘਣ ਵਾਲੇ ਪਾਣੀ ਨਾਲ ਪਿੰਡ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ| ਉਨ੍ਹਾਂ ਕਿਹਾ ਕਿ ਪਿੰਡ ਦੀ ਸਰਬਸੰਮਤੀ ਨਾਲ ਚੁਣੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ 7 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਵੀ ਦਿੱਤੀ ਜਾਵੇਗੀ|
ਇਸ ਮੌਕੇ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਪਿੰਡ ਮੌਲੀ ਬੈਦਵਾਣ ਦੇ ਸਰਪੰਚ ਬਾਲ ਕ੍ਰਿਸ਼ਨ ਗੋਇਲ, ਪੰਚ ਬਚਿੱਤਰ ਸਿੰਘ, ਕਰਮਜੀਤ ਕੌਰ, ਬਲਜੀਤ ਕੌਰ, ਕਾਂਤਾ ਦੇਵੀ, ਗੁਰਬਾਜ਼ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਭਗਤ ਸਿੰਘ ਨਾਮਧਾਰੀ, ਅਮਰਜੀਤ ਸਿੰਘ ਜੀਤੀ ਸਿੱਧੂ, ਨੰਬਰਦਾਰ ਬਲਜਿੰਦਰ ਸਿੰਘ, ਹਰਜਸ ਸਿੰਘ, ਇੰਦਰਜੀਤ ਸ਼ਰਮਾ, ਊਧਮ ਸਿੰਘ , ਸਰਬਜੀਤ ਸਿੰਘ, ਜਸਵੰਤ ਸਿੰਘ, ਕਮਲਜੀਤ ਸਿੰਘ, ਰਵਿੰਦਰ ਸਿੰਘ, ਨਿਰਮਲ ਸਿੰਘ, ਬੂਟਾ ਸਿੰਘ ਸੋਹਾਣਾ ਸਮੇਤ ਪਿੰਡ ਦੇ ਹੋਰ ਪਤਵੰਤੇ ਵੀ ਮੌਜੂਦ ਸਨ|

Leave a Reply

Your email address will not be published. Required fields are marked *